ਮੰਡੀ ਗੋਬਿੰਦਗੜ੍ਹ, 17 ਅਪ੍ਰੈਲ (ਰਾਜੇਸ਼ ਸ਼ਰਮਾ)-ਸਥਾਨਕ ਮੁਹੱਲਾ ਗਾਂਧੀ ਨਗਰ ਵਾਰਡ ਨੰਬਰ-17 ਵਿਚ ਸਾਬਕਾ ਮੰਤਰੀ ਰਣਦੀਪ ਸਿੰਘ ਨਾਭਾ ਅਤੇ ਜ਼ਿਲ੍ਹਾ ਯੂਥ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਸ਼ਿਵ ਸ਼ਰਮਾ ਦੀ ਅਗਵਾਈ ਹੇਠ ਇਕ ਜਨਤਕ ਮੀਟਿੰਗ ਕੀਤੀ ਗਈ | ਮੀਟਿੰਗ ਦੌਰਾਨ ਵੱਡੀ ਗਿਣਤੀ ਵਿਚ ਇਲਾਕਾ ਵਾਸੀਆਂ ਨੇ ਸ਼ਮੂਲੀਅਤ ਕਰਦੇ ਹੋਏ ਆਪਣੇ ਇਲਾਕੇ ਨਾਲ ਸਬੰਧਿਤ ਮੁੱਦੇ ਅਤੇ ਸਮੱਸਿਆਵਾਂ ਸਾਬਕਾ ਮੰਤਰੀ ਅੱਗੇ ਰੱਖੀਆਂ | ਇਸ ਮੌਕੇ ਸ. ਨਾਭਾ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਆਮ ਲੋਕਾਂ ਦੇ ਹੱਕਾਂ ਲਈ ਆਵਾਜ਼ ਉਠਾਉਂਦੀ ਆ ਰਹੀ ਹੈ ਅਤੇ ਹਮੇਸ਼ਾ ਹੀ ਆਮ ਲੋਕਾਂ ਦੀ ਭਲਾਈ ਲਈ ਵਚਨਬੱਧ ਰਹੀ ਹੈ, ਆਉਣ ਵਾਲੇ ਸਮੇਂ ਵਿਚ ਵੀ ਉਹ ਲੋਕਾਂ ਦੀ ਆਵਾਜ਼ ਉਠਾਉਂਦੀ ਰਹੇਗੀ | ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਹਾਲਾਤ ਚਿੰਤਾਜਨਕ ਬਣੇ ਹੋਏ ਹਨ, ਮੌਜੂਦਾ ਸਰਕਾਰ ਦੇ ਸਮੇਂ ਵਿਚ ਸ਼ਹਿਰ ਵਿਚ ਬੁਨਿਆਦੀ ਸੁਵਿਧਾਵਾਂ ਦੀ ਘਾਟ ਹੈ, ਜਿਵੇਂ ਸੜਕਾਂ, ਸਫ਼ਾਈ ਅਤੇ ਪੀਣ ਵਾਲੇ ਪਾਣੀ ਵਰਗੇ ਮੁੱਦਿਆਂ ਕਾਰਨ ਲੋਕਾਂ ਨੂੰ ਰੋਜ਼ਾਨਾ ਦੀ ਜ਼ਿੰਦਗੀ ਵਿਚ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਸੂਬੇ ਵਿਚ ਨਸ਼ੇ ਦੀ ਸਮੱਸਿਆ ਲਗਾਤਾਰ ਵੱਧ ਰਹੀ ਹੈ ਅਤੇ ਕਾਨੂੰਨ ਵਿਵਸਥਾ ਦੀ ਸਥਿਤੀ ਵੀ ਕਮਜ਼ੋਰ ਹੋ ਰਹੀ ਹੈ, ਜਿਸ ਨਾਲ ਆਮ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ | ਇਸ ਮੌਕੇ ਸ਼ਿਵ ਸ਼ਰਮਾ ਨੇ ਕਿਹਾ ਕਿ ਯੂਥ ਕਾਂਗਰਸ ਨੌਜਵਾਨਾਂ ਅਤੇ ਆਮ ਲੋਕਾਂ ਦੇ ਮੁੱਦਿਆਂ ਨੂੰ ਉੱਚ ਪੱਧਰ 'ਤੇ ਉਠਾ ਰਹੀ ਹੈ | ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵਿਕਾਸ ਲਈ ਨੌਜਵਾਨਾਂ ਦੀ ਭੂਮਿਕਾ ਅਹਿਮ ਹੈ ਅਤੇ ਕਾਂਗਰਸ ਪਾਰਟੀ ਹਰ ਵਰਗ ਨੂੰ ਨਾਲ ਲੈ ਕੇ ਚੱਲਣ ਵਿਚ ਵਿਸ਼ਵਾਸ ਰੱਖਦੀ ਹੈ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਹੱਕਾਂ ਲਈ ਜਾਗਰੂਕ ਰਹਿਣ ਅਤੇ ਲੋਕ-ਪੱਖੀ ਨੀਤੀਆਂ ਨੂੰ ਸਮਰਥਨ ਦੇਣ | ਇਸ ਮੌਕੇ ਬਲਾਕ ਪ੍ਰਧਾਨ ਸੰਜੀਵ ਦੱਤਾ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਅਰਵਿੰਦ ਸਿੰਗਲਾ, ਜੈਚੰਦ ਲੱਕੀ ਸ਼ਰਮਾ, ਰਣਜੀਤ ਸਿੰਘ ਅੰਬੇ ਮਾਜਰਾ, ਰਾਕੇਸ਼ ਗੁਪਤਾ, ਵਿੱਦਿਆ ਸਾਗਰ, ਸ਼ਕਤੀ ਸ਼ਰਮਾ, ਲਲਿਤ ਸ਼ਰਮਾ, ਸੁਰਿੰਦਰ ਵਰਮਾ, ਅਵਤਾਰ ਸਿੰਘ ਰੂਪਲ, ਗੁਰਪ੍ਰੀਤ ਸਿੰਘ, ਤੇਜਿੰਦਰ ਸਿੰਘ ਸਲਾਣਾ, ਕਮਲਜੀਤ ਸੋਮਾ, ਨਰਿੰਦਰ ਕੁਮਾਰ, ਮੁਕੇਸ਼ ਸਿੰਗਲਾ, ਵਰਿੰਦਰ ਕੁਮਾਰ, ਰਾਮਲੋਕ, ਅਜੈ ਕੌਸ਼ਲ, ਅਮਿਤ ਕੁਮਾਰ, ਤਰੁਣ ਬਾਂਸਲ, ਗੋਲਡੀ ਧੀਮਾਨ, ਸੁਦੇਸ਼ ਵਰਮਾ, ਰਮਨ ਸ਼ਾਰਦਾ, ਵਿਮਲ ਗੁਪਤਾ, ਰਾਹੁਲ ਕੌਸ਼ਲ, ਲਵਿਨ ਸ਼ਰਮਾ, ਅਨਿਲ ਸੇਖੜੀ, ਸਾਹਿਲ ਠਾਕੁਰ, ਅਜੈ ਸ਼ਰਮਾ, ਵਾਸੁਦੇਵ ਸ਼ੁਕਲਾ, ਇੰਦਰਜੀਤ ਟੰਡਨ, ਪ੍ਰਦੀਪ ਜੋਸ਼ੀ, ਕਾਲਾ ਅਤੇ ਰਮਨ ਕੁਮਾਰ ਸਮੇਤ ਮੁਹੱਲਾ ਨਿਵਾਸੀ ਹਾਜ਼ਰ ਸਨ |