ਮੰਡੀ ਗੋਬਿੰਦਗੜ੍ਹ, 19 ਅਪ੍ਰੈਲ (ਇਕਬਾਲਦੀਪ ਸੰਧੂ)-ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਖੀ ਵਨ ਸਟਾਪ ਸੈਂਟਰ ਵਲੋਂ ਜ਼ਿਲ੍ਹਾ ਪੱਧਰ ਤੇ ਵਿਸ਼ੇਸ਼ ਸੈਮੀਨਾਰ ਕਰਵਾਏ ਜਾਂਦੇ ਹਨ ਤਾਂ ਜੋ ਔਰਤਾਂ ਨੂੰ ਉਨ੍ਹਾਂ ਦੇ ਕਾਨੂੰਨੀ ਹੱਕਾਂ ਤੋਂ ਜਾਗਰੂਕ ਕੀਤਾ ਜਾ ਸਕੇ | ਇਹ ਜਾਣਕਾਰੀ ਸਖੀ ਵਨ ਸਟਾਪ ਸੈਂਟਰ ਦੀ ਇੰਚਾਰਜ ਰਜਨੀ ਬਾਲਾ ਨੇ ਆਂਗਣਵਾੜੀ ਸੈਂਟਰ ਸੰਤ ਨਗਰ, ਮੰਡੀ ਗੋਬਿੰਦਗੜ੍ਹ ਵਿਖੇ ਲਗਾਏ ਸੈਮੀਨਾਰ ਦੌਰਾਨ ਦਿੱਤੀ | ਇਸ ਮੌਕੇ ਸਖੀ ਵਨ ਸਟਾਪ ਸੈਂਟਰ ਹਿੰਸਾ ਪੀੜਤ ਔਰਤਾਂ ਲਈ ਇਕ ਅਜਿਹਾ ਕੇਂਦਰ ਹੈ, ਜਿੱਥੇ ਮਹਿਲਾਵਾਂ ਨੂੰ ਇਕ ਹੀ ਥਾਂ ਤੇ ਤੁਰੰਤ ਮੁਫ਼ਤ ਅਤੇ ਜ਼ਰੂਰੀ ਪੁਲਿਸ ਸਹਾਇਤਾ ਦੀ ਤਤਕਾਲ ਉਪਲਬਧਤਾ, ਡਾਕਟਰੀ ਜਾਂਚ ਅਤੇ ਉਚਿੱਤ ਇਲਾਜ, ਸਾਇਕੋ ਸ਼ੋਸ਼ਲ ਸਪੋਰਟ, ਕਾਨੂੰਨੀ ਸਲਾਹ ਅਤੇ ਮੁਫ਼ਤ ਕਾਨੂੰਨੀ ਸਹਾਇਤਾ, ਅਸਥਾਈ ਆਵਾਸ ਸਹੂਲਤ ਮੁਹੱਈਆ ਕਰਵਾਈ ਜਾਂਦੀ ਹੈ | ਸੈਮੀਨਾਰ ਦੌਰਾਨ ਇੰਚਾਰਜ ਰਜਨੀ ਬਾਲਾ ਨੇ ਨਾ ਸਿਰਫ਼ ਕੇਂਦਰ ਦੀ ਭੂਮਿਕਾ ਬਾਰੇ ਦੱਸਿਆ, ਸਗੋਂ ਉਨ੍ਹਾਂ ਨਾਲ ਹਿੰਸਾ ਦੀਆਂ ਕਿਸਮਾਂ, ਰਿਪੋਰਟ ਕਰਨ ਦੇ ਤਰੀਕਿਆਂ ਅਤੇ ਕਾਨੂੰਨੀ ਹੱਕਾਂ ਬਾਰੇ ਵੀ ਚਰਚਾ ਕੀਤੀ | ਇਸ ਮੌਕੇ 'ਤੇ ਪੋਸ਼ ਐਕਟ ਅਤੇ ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ ਨਵੇਂ ਹਿਫ਼ਾਜ਼ਤ ਪ੍ਰੋਜੈਕਟ ਬਾਰੇ ਵੀ ਜਾਣੂ ਕਰਵਾਇਆ ਗਿਆ | ਮਹਿਲਾਵਾਂ ਨੂੰ ਵੁਮੈਨ ਹੈਲਪਲਾਈਨ ਨੰ. 181 ਅਤੇ ਐਮਰਜੈਂਸੀ ਨੰਬਰ 112 ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ |