ਫ਼ਤਹਿਗੜ੍ਹ ਸਾਹਿਬ, 19 ਅਪ੍ਰੈਲ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਲੋਂ ਵਿਸਾਖੀ ਨੂੰ ਸਮਰਪਿਤ ਇਕ ਰੋਜ਼ਾ ਕੌਮੀ ਸੈਮੀਨਾਰ 'ਪੰਜਾਬ ਵਿਚ ਸੱਭਿਆਚਾਰਕ ਬਦਲਾਅ, ਸੰਚਾਰ, ਸੰਗੀਤ ਅਤੇ ਆਧੁਨਿਕਤਾ ਦੇ ਸਰੋਕਾਰ ਵਿਸ਼ੇ 'ਤੇ ਸਫ਼ਲ ਆਯੋਜਨ ਕੀਤਾ ਗਿਆ | ਡਾ. ਸਿਕੰਦਰ ਸਿੰਘ ਡੀਨ ਭਾਸ਼ਾਵਾਂ ਤੇ ਮੁਖੀ ਪੰਜਾਬੀ ਵਿਭਾਗ ਨੇ ਵਿਦਵਾਨਾਂ ਦਾ ਸਵਾਗਤ ਕਰਦੇ ਹੋਏ ਸੈਮੀਨਾਰ ਦੀ ਰੂਪ-ਰੇਖਾ ਪੇਸ਼ ਕੀਤੀ | ਪ੍ਰਧਾਨਗੀ ਭਾਸ਼ਣ ਦੌਰਾਨ ਉਪ ਕੁਲਪਤੀ ਡਾ. ਪਰਿਤ ਪਾਲ ਸਿੰਘ ਨੇ ਨਵੀਂ ਪੀੜ੍ਹੀ ਨੂੰ ਬਦਲਾਅ ਨੂੰ ਸਮਝਦਾਰੀ ਨਾਲ ਅਪਣਾਉਣ ਅਤੇ ਜੀਵਨ ਵਿਚ ਸੰਤੁਲਨ ਬਣਾਈ ਰੱਖਣ ਦੀ ਲੋੜ 'ਤੇ ਜ਼ੋਰ ਦਿੱਤਾ | ਪ੍ਰੋ. ਐਮਰਿਟਸ ਸਵਰਾਜ ਰਾਜ ਨੇ ਮੁੱਖ ਵਕਤਾ ਵਜੋਂ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਆਧੁਨਿਕ ਸਮੇਂ ਵਿਚ ਮਨੁੱਖ ਨੂੰ ਗੀਤ ਤੇ ਸੰਗੀਤ ਦੇ ਮਾਧਿਅਮ ਰਾਹੀਂ ਖਪਤਕਾਰ ਵਜੋਂ ਸਥਾਪਤ ਕੀਤਾ ਜਾ ਰਿਹਾ ਹੈ | ਡੀਨ ਅਕਾਦਮਿਕ ਮਾਮਲੇ ਡਾ. ਸੁਖਵਿੰਦਰ ਸਿੰਘ ਬਿਲਿੰਗ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ਡਾ. ਸਿਕੰਦਰ ਸਿੰਘ ਨੇ ਪੰਜਾਬੀ ਸਮਾਜ ਵਿਚ ਆ ਰਹੇ ਬਹੁ-ਪੱਖੀ ਬਦਲਾਅ ਅਤੇ ਉਨ੍ਹਾਂ ਦੇ ਪ੍ਰਭਾਵਾਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਅਤੇ ਉਨ੍ਹਾਂ ਨੂੰ ਸੰਭਾਲਣ ਲਈ ਸਾਂਝੇ ਉਪਰਾਲਿਆਂ ਦੀ ਲੋੜ 'ਤੇ ਜ਼ੋਰ ਦਿੱਤਾ | ਡਾ. ਸੇਵਕ ਸਿੰਘ ਨੇ ਮਨੁੱਖੀ ਲੋੜਾਂ ਅਤੇ ਸੰਚਾਰ ਦੇ ਸੰਦਰਭ ਵਿਚ ਸੂਚਨਾ ਦੀ ਅਹਿਮੀਅਤ 'ਤੇ ਚਰਚਾ ਕੀਤੀ, ਜਦਕਿ ਡਾ. ਜਸਬੀਰ ਸਿੰਘ ਨੇ ਨਿਵੇਕਲੇ ਨਜ਼ਰੀਏ ਤੋਂ ਸੱਭਿਆਚਾਰਕ ਬਦਲਾਅ ਨੂੰ ਸਮਝਣ ਦੀ ਲੋੜ 'ਤੇ ਰੌਸ਼ਨੀ ਪਾਈ | ਸੈਮੀਨਾਰ ਦੌਰਾਨ ਵੱਖ-ਵੱਖ ਵਿਭਾਗਾਂ ਦੇ ਅਧਿਆਪਕ ਅਤੇ ਵਿਦਿਆਰਥੀ ਵੱਡੀ ਗਿਣਤੀ ਵਿਚ ਹਾਜ਼ਰ ਰਹੇ | ਅੰਤ ਵਿਚ ਡਾ. ਹਰਪ੍ਰੀਤ ਕੌਰ ਨੇ ਵਿਦਵਾਨਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ, ਜਦਕਿ ਡਾ. ਚਰਨਜੀਤ ਕੌਰ ਨੇ ਮੰਚ ਸੰਚਾਲਕ ਦੀ ਭੂਮਿਕਾ ਨਿਭਾਈ |