ਫ਼ਤਹਿਗੜ੍ਹ ਸਾਹਿਬ, 20 ਅਪ੍ਰੈਲ (ਬਲਜਿੰਦਰ ਸਿੰਘ)- ਸੀ.ਆਈ.ਏ. ਸਟਾਫ਼ ਸਰਹਿੰਦ ਵਲੋਂ ਕਰੀਬ ਚਾਰ ਸਾਲ ਪਹਿਲਾਂ ਅਮਲੋਹ ਨਜ਼ਦੀਕ ਨਸ਼ੇ ਲਈ ਵਰਤੀਆਂ ਜਾਣ ਵਾਲੀਆਂ 12 ਹਜ਼ਾਰ ਪਾਬੰਦੀ ਸ਼ੁਦਾ ਗੋਲੀਆਂ ਸਮੇਤ ਕਾਬੂ ਕੀਤੇ ਗਏ ਇਕ ਵਿਅਕਤੀ ਨੂੰ ਇੱਥੋਂ ਦੀ ਅਦਾਲਤ ਦੁਆਰਾ ਕੈਦ ਅਤੇ ਜੁਰਮਾਨੇ ਦੀ ਸਜ਼ਾ ਸੁਣਾਏ ਜਾਣ ਦੀ ਖ਼ਬਰ ਹੈ | ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ 19 ਜੁਲਾਈ 2022 ਨੂੰ ਪੁਲ ਸੂਆ ਅੰਨੀਆ ਨਜ਼ਦੀਕ ਚੈਕਿੰਗ ਲਈ ਮੌਜੂਦ ਸੀ.ਆਈ.ਏ. ਸਟਾਫ਼ ਸਰਹਿੰਦ ਦੀ ਪੁਲਿਸ ਟੀਮ ਵਲੋਂ ਸ਼ੱਕ ਦੇ ਅਧਾਰ ਤੇ ਐਕਟਿਵਾ ਸਕੂਟਰ ਤੇ ਆ ਰਹੇ ਜਨਕ ਰਾਜ ਵਾਸੀ ਪਿੰਡ ਪੋਪਨਾ (ਮੋਹਾਲੀ) ਨੂੰ ਕਾਬੂ ਕਰਕੇ ਮੌਕੇ ਤੇ ਸੱਦੀ ਥਾਣਾ ਅਮਲੋਹ ਦੀ ਪੁਲਿਸ ਪਾਰਟੀ ਦੇ ਹਵਾਲੇ ਕਰ ਦਿੱਤਾ ਗਿਆ | ਜਿਸ ਉਪਰੰਤ ਡੀ.ਐਸ.ਪੀ. ਜੰਗਜੀਤ ਸਿੰਘ ਨੇ ਜਦੋਂ ਜਨਕ ਰਾਜ ਦੇ ਕਬਜ਼ੇ ਵਾਲੇ ਬੈਗ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ 12 ਹਜ਼ਾਰ ਪਾਬੰਦੀ ਸ਼ੁਦਾ ਲੋਮੋਟਿਲ ਗੋਲੀਆਂ ਬਰਾਮਦ ਹੋਈਆਂ | ਜਿਸ ਸਬੰਧੀ ਥਾਣਾ ਅਮਲੋਹ ਵਿਖੇ ਧਾਰਾ 22(ਸੀ)/61/85 ਐਨ.ਡੀ.ਪੀ.ਐਸ. ਐਕਟ ਤਹਿਤ ਦਰਜ ਕਰਵਾਏ ਗਏ ਮੁਕੱਦਮੇ ਵਿਚ ਜਨਕ ਰਾਜ ਨੂੰ ਗਿ੍ਫ਼ਤਾਰ ਕਰ ਲਿਆ ਗਿਆ | ਪੁੱਛਗਿੱਛ ਦੌਰਾਨ ਮਿਲੀ ਜਾਣਕਾਰੀ ਦੇ ਅਧਾਰ ਤੇ ਇਸ ਮੁਕੱਦਮੇ ਵਿਚ ਸਹਾਰਨਪੁਰ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਸੁਨੀਲ ਉਰਫ਼ ਅਸ਼ੀਸ਼ ਵਿਸ਼ਕਰਮਾ ਅਤੇ ਭਗਵਾਨ ਉਰਫ਼ ਮਨਜੀਤ ਸਿੰਘ ਨੂੰ ਵੀ ਨਾਮਜ਼ਦ ਕਰ ਲਿਆ ਗਿਆ | ਮੁਕੱਦਮੇ ਦੀ ਸੁਣਵਾਈ ਪੂਰੀ ਹੋਣ ਤੇ ਫ਼ਤਹਿਗੜ੍ਹ ਸਾਹਿਬ ਦੀ ਸਪੈਸ਼ਲ ਅਦਾਲਤ ਨੇ ਜਨਕ ਰਾਜ ਨੂੰ ਮਾਮਲੇ ਵਿਚ ਧਾਰਾ 22(ਸੀ) ਐਨ.ਡੀ.ਪੀ.ਐਸ. ਐਕਟ ਤਹਿਤ ਦੋਸ਼ੀ ਮੰਨਦੇ ਹੋਏ 12 ਸਾਲ ਕੈਦ ਬਾਮੁਸ਼ੱਕਤ ਅਤੇ ਇਕ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ | ਜਦੋਂ ਕਿ ਇਸੇ ਕੇਸ ਵਿਚ ਨਾਮਜ਼ਦ ਸੁਨੀਲ ਉਰਫ਼ ਅਸ਼ੀਸ਼ ਵਿਸ਼ਕਰਮਾ ਅਤੇ ਭਗਵਾਨ ਉਰਫ਼ ਮਨਜੀਤ ਸਿੰਘ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ ਹੈ |