ਖਮਾਣੋਂ, 22 ਅਪੈ੍ਰਲ (ਮਨਮੋਹਣ ਸਿੰਘ ਕਲੇਰ)-ਅੱਜ ਐੱਸ.ਡੀ.ਐੱਮ. ਖਮਾਣੋਂ ਅਰਵਿੰਦ ਕੁਮਾਰ ਵਲੋਂ 2025-26 ਦੇ ਚੱਲ ਰਹੇ ਸੀਜਨ ਸਬੰਧੀ ਸਮੂਹ ਖਰੀਦ ਏਜੰਸੀਆਂ ਦੇ ਇੰਸਪੈਕਟਰਾਂ ਨਾਲ ਬੈਠਕ ਕੀਤੀ ਗਈ | ਇਸ ਮੌਕੇ ਬੈਠਕ ਦੌਰਾਨ ਐੱਸ.ਡੀ.ਐੱਮ. ਨੇ ਕਣਕ ਦੀ ਲਿਫ਼ਟਿੰਗ ਨਾ ਹੋਣ ਕਾਰਨ, ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਪੁੱਛ-ਗਿੱਛ ਕੀਤੀ, ਜਿਸ ਸਬੰਧੀ ਖਰੀਦ ਏਜੰਸੀਆਂ ਦੇ ਇੰਸਪੈਕਟਰਾਂ ਵਲੋਂ ਐੱਸ.ਡੀ.ਐੱਮ ਖਮਾਣੋਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਵਲੋਂ ਜਲਦ ਦੀ ਸਰਗਰਮੀ ਕੀਤੀ ਜਾ ਰਹੀ ਹੈ, ਜਲਦੀ ਹੀ ਸਪੈਸ਼ਲ ਟਰੱਕ ਲਗਾਏ ਜਾ ਰਹੇ ਹਨ | ਉਨ੍ਹਾਂ ਭਰੋਸਾ ਦਿਵਾਇਆ ਕਿ ਜਲਦ ਹੀ ਕਣਕ ਦੀ ਚੁਕਾਈ ਕਰਵਾ ਦਿੱਤੀ ਜਾਵੇਗੀ | ਇਸ ਮੌਕੇ ਐੱਸ.ਡੀ.ਐੱਮ. ਅਰਵਿੰਦ ਕੁਮਾਰ ਨੇ ਸਬੰਧਿਤ ਠੇਕੇਦਾਰ ਨੂੰ ਬੁਲਾ ਕੇ ਚੁਕਾਈ ਦਾ ਕੰਮ ਤੇਜ ਕਰਨ ਦੀ ਹਦਾਇਤ ਕੀਤੀ | ਉਨ੍ਹਾਂ ਦੱਸਿਆ ਕਿ ਕਣਕ ਦੀ ਫਸਲ ਦੀ ਖਰੀਦ ਦਾ ਕੰਮ ਨਿਰਵਿਘਨ ਚੱਲ ਰਿਹਾ ਹੈ ਅਤੇ ਜੇਕਰ ਕੋਈ ਅਣਗਹਿਲੀ ਕਰੇਗਾ ਤਾਂ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਮੁਤਾਬਿਕ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ |