ਫ਼ਤਹਿਗੜ੍ਹ ਸਾਹਿਬ, 22 ਅਪ੍ਰੈਲ (ਬਲਜਿੰਦਰ ਸਿੰਘ)-ਕਾਂਗਰਸ, ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦੇ ਸੰਸਦ ਮੈਂਬਰਾਂ ਨੇ ਸਦਨ ਵਿਚ ਮਹਿਲਾ ਰਾਖਵੇਂਕਰਨ ਬਿੱਲ ਦਾ ਵਿਰੋਧ ਕਰਕੇ ਔਰਤਾਂ ਤੇ ਦਲਿਤਾਂ ਦੇ ਹੱਕਾਂ 'ਤੇ ਡਾਕਾ ਮਾਰਿਆ ਹੈ | ਇਸ ਗੱਲ ਦਾ ਪ੍ਰਗਟਾਵਾ ਭਾਜਪਾ ਦੇ ਸੀਨੀਅਰ ਆਗੂ ਜਗਮੋਹਨ ਸਿੰਘ ਰਾਜੂ ਨੇ ਅੱਜ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ ਦੀ ਰਿਹਾਇਸ਼ ਭੱਟੀ ਫਾਰਮ ਸਰਹਿੰਦ ਵਿਖੇ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਇਹ ਪਾਰਟੀਆਂ ਔਰਤਾਂ ਨੂੰ ਰਾਜਨੀਤੀ ਵਿਚ ਅੱਗੇ ਵਧਦਾ ਨਹੀਂ ਦੇਖਣਾ ਚਾਹੁੰਦੀਆਂ ਅਤੇ ਸਿਰਫ਼ ਆਪਣੇ ਪਰਿਵਾਰਕ ਮੈਂਬਰਾਂ ਨੂੰ ਹੀ ਸੱਤਾ ਦੀਆਂ ਕੁਰਸੀਆਂ 'ਤੇ ਦੇਖਣਾ ਚਾਹੁੰਦੀਆਂ ਹਨ, ਜਿਸ ਕਾਰਨ ਉਨ੍ਹਾਂ ਨੇ ਇਸ ਇਤਿਹਾਸਕ ਬਿੱਲ ਦਾ ਗਲ਼ਾ ਮਰੋੜਿਆ ਹੈ | ਸ. ਰਾਜੂ ਨੇ ਐਲਾਨ ਕੀਤਾ ਕਿ ਭਾਜਪਾ ਵਲੋਂ ਇਸ ਵਿਸ਼ਵਾਸਘਾਤ ਦੇ ਵਿਰੁੱਧ ਵਿਚ 25 ਅਪ੍ਰੈਲ ਨੂੰ ਚੰਡੀਗੜ੍ਹ ਵਿਖੇ ਸੂਬਾ ਪੱਧਰੀ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ, ਜਿਸ ਵਿਚ ਔਰਤਾਂ ਅਤੇ ਐਨ.ਜੀ.ਓ ਵੱਡੀ ਗਿਣਤੀ ਵਿਚ ਸ਼ਾਮਿਲ ਹੋਣਗੇ | ਉਨ੍ਹਾਂ ਚੇਤਾਵਨੀ ਦਿੱਤੀ ਕਿ ਜਿਨ੍ਹਾਂ ਵੀ ਸੰਸਦ ਮੈਂਬਰਾਂ ਨੇ ਇਸ ਬਿੱਲ ਦੇ ਵਿਰੁੱਧ ਵੋਟ ਪਾਈ ਹੈ, ਭਾਜਪਾ ਉਨ੍ਹਾਂ ਦੇ ਜ਼ਿਲਿ੍ਹਆਂ ਵਿਚ ਜਾ ਕੇ ਘਿਰਾਓ ਕਰੇਗੀ ਅਤੇ ਉਨ੍ਹਾਂ ਕੋਲੋਂ ਜਨਤਾ ਦੀ ਕਚਹਿਰੀ ਵਿਚ ਜਵਾਬ ਮੰਗੇਗੀ | ਉਨ੍ਹਾਂ ਭਰੋਸਾ ਜਤਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਔਰਤਾਂ ਨੂੰ ਸੰਸਦ ਅਤੇ ਵਿਧਾਨ ਸਭਾਵਾਂ ਵਿਚ 33 ਫ਼ੀਸਦੀ ਰਾਖਵਾਂਕਰਨ ਜ਼ਰੂਰ ਮਿਲੇਗਾ ਅਤੇ ਆਉਣ ਵਾਲੀਆਂ ਚੋਣਾਂ ਵਿਚ ਜਨਤਾ ਵਿਰੋਧੀ ਧਿਰਾਂ ਨੂੰ ਕਰਾਰਾ ਸਬਕ ਸਿਖਾਏਗੀ | ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਇਹ ਬਿੱਲ ਲਾਗੂ ਹੁੰਦਾ ਤਾਂ ਪੰਜਾਬ ਵਿਚ ਦਲਿਤ ਸੰਸਦ ਮੈਂਬਰਾਂ ਦੀ ਗਿਣਤੀ 3 ਤੋਂ ਵਧ ਕੇ 6 ਹੋ ਜਾਣੀ ਸੀ | ਰਾਜੂ ਨੇ ਦੱਸਿਆ ਕਿ ਕੇਂਦਰ ਦੀ ਯੋਜਨਾ ਮੁਤਾਬਿਕ ਪੰਜਾਬ ਦੀਆਂ ਲੋਕ ਸਭਾ ਸੀਟਾਂ 13 ਤੋਂ ਵਧ ਕੇ 20 ਅਤੇ ਵਿਧਾਨ ਸਭਾ ਸੀਟਾਂ 175 ਤੋਂ ਪਾਰ ਹੋ ਜਾਣੀਆਂ ਸਨ, ਪਰ ਵਿਰੋਧੀ ਧਿਰਾਂ ਨੇ 33 ਫ਼ੀਸਦੀ ਮਹਿਲਾ ਰਾਖਵੇਂਕਰਨ ਦੀ ਸ਼ਰਤ ਕਾਰਨ ਇਸ ਸੁਨਹਿਰੀ ਮੌਕੇ ਨੂੰ ਠੋਕਰ ਮਾਰ ਦਿੱਤੀ ਹੈ | ਉਨ੍ਹਾਂ ਕਿਹਾ ਕਿ 1971 ਤੋਂ ਲੈ ਕੇ 2026 ਤੱਕ ਹਰੇਕ ਵਿਭਾਗ ਵਿਚ, ਹਰ ਜਗ੍ਹਾ ਵਾਧਾ ਹੋਇਆ ਹੈ, ਪ੍ਰੰਤੂ ਸਾਡੇ ਸੰਸਦ ਮੈਂਬਰ ਉਦੋਂ ਵੀ 13 ਸੰਸਦ ਸਨ ਤੇ ਹੁਣ ਵੀ 13 ਹੀ ਹਨ | ਪੱਤਰਕਾਰਾਂ ਵਲੋਂ ਬਿੱਲ ਨੂੰ ਲਾਗੂ ਕਰਨ ਵਿਚ ਹੋਈ ਦੇਰੀ ਅਤੇ ਕਾਂਗਰਸ ਦੇ ਇਲਜ਼ਾਮਾਂ ਬਾਰੇ ਪੁੱਛੇ ਸਵਾਲਾਂ ਦਾ ਜਵਾਬ ਦਿੰਦਿਆਂ ਰਾਜੂ ਨੇ ਸਪਸ਼ਟ ਕੀਤਾ ਕਿ ਇਹ ਕਹਿਣਾ ਗ਼ਲਤ ਹੈ ਕਿ ਮੋਦੀ ਸਰਕਾਰ ਨੇ ਜਾਣਬੁੱਝ ਕੇ ਦੇਰੀ ਕੀਤੀ ਹੈ | ਉਨ੍ਹਾਂ ਕਿਹਾ ਕਿ ਸੰਵਿਧਾਨਕ ਪ੍ਰਕਿਰਿਆ ਮੁਤਾਬਿਕ ਇਹ ਬਿੱਲ 2026 ਦੀ ਮਰਦਮਸ਼ੁਮਾਰੀ ਤੋਂ ਬਾਅਦ ਹੀ ਲਾਗੂ ਹੋ ਸਕਦਾ ਸੀ, ਕਿਉਂਕਿ ਪਿਛਲੀਆਂ ਸਰਕਾਰਾਂ ਨੇ ਸੀਟਾਂ ਦੀ ਹੱਦਬੰਦੀ 'ਤੇ ਰੋਕ ਲਗਾਈ ਹੋਈ ਸੀ | ਮੋਦੀ ਸਰਕਾਰ ਨੇ ਤਾਂ ਮਰਦਮਸ਼ੁਮਾਰੀ ਦੀ ਉਡੀਕ ਕੀਤੇ ਬਿਨਾਂ ਹੀ ਸਾਰੀਆਂ ਸਟੇਟਾਂ ਵਿਚ 50 ਫ਼ੀਸਦੀ ਸੀਟਾਂ ਵਧਾਉਣ ਦਾ ਰਸਤਾ ਕੱਢਿਆ ਸੀ, ਪਰ ਵਿਰੋਧੀ ਧਿਰਾਂ ਨੇ ਆਪਣੀ ਪੁਰਾਣੀ ਮਾਨਸਿਕਤਾ ਕਾਰਨ ਇਸ ਦਾ ਵਿਰੋਧ ਕੀਤਾ | ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ ਨੇ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਮਹਿਲਾ ਰਾਖਵੇਂਕਰਨ ਦਾ ਵਿਰੋਧ ਕਰਕੇ ਸਾਬਤ ਕਰ ਦਿੱਤਾ ਹੈ ਕਿ ਉਹ ਔਰਤਾਂ ਨੂੰ ਬਰਾਬਰ ਦੇ ਹੱਕ ਦੇਣ ਦੇ ਪੱਖ ਵਿਚ ਨਹੀਂ ਹਨ | ਉਨ੍ਹਾਂ ਕਿਹਾ ਕਿ ਪਾਰਟੀ ਵਰਕਰ ਘਰ-ਘਰ ਜਾ ਕੇ ਵਿਰੋਧੀਆਂ ਦੇ ਇਸ ਦੋਹਰੇ ਚਿਹਰੇ ਨੂੰ ਨੰਗਾ ਕਰਨਗੇ ਅਤੇ 25 ਅਪ੍ਰੈਲ ਦੇ ਚੰਡੀਗੜ੍ਹ ਰੋਸ ਪ੍ਰਦਰਸ਼ਨ ਨੂੰ ਸਫਲ ਬਣਾਉਣ ਲਈ ਪੂਰੀ ਤਾਕਤ ਲਗਾ ਦੇਣਗੇ | ਇਸ ਮੌਕੇ 'ਤੇ ਗੇਜਾ ਰਾਮ ਵਾਲਮੀਕਿ, ਡਾ. ਹਰਬੰਸ ਲਾਲ, ਅਜਾਇਬ ਸਿੰਘ ਜਖਵਾਲੀ, ਹਰੀਸ਼ ਅਗਰਵਾਲ, ਸਰਬਜੀਤ ਸਿੰਘ ਮੱਖਣ, ਸਿਕੰਦਰ ਸਿੰਘ ਚੋਲਟੀ ਖੇੜੀ, ਦਵਿੰਦਰ ਕੁਮਾਰ ਭੱਟ, ਹਰਪਾਲ ਸਿੰਘ ਬੇਦੀ, ਰੋਹਿਤ ਸ਼ਰਮਾ, ਜਸਪਾਲ ਸਿੰਘ ਨੌਗਾਵਾਂ, ਪਰਮਜੀਤ ਸਿੰਘ ਵਜ਼ੀਰਾਬਾਦ, ਪਰਮਜੀਤ ਕੌਰ, ਲਖਬੀਰ ਕੌਰ ਜੱਲ੍ਹਾ, ਸ਼ਾਮ ਸੁੰਦਰ ਭਾਰਦਵਾਜ, ਅਵਿਨਾਸ਼ ਕੌਰ, ਬਲਵਿੰਦਰ ਕੌਰ, ਖੁਸ਼ੀ ਸ਼ਰਮਾ, ਦਿਆਪ੍ਰੀਤ ਕੌਰ, ਸਿਮਰਨਪ੍ਰੀਤ, ਜੀਤ ਕੌਰ, ਬਲਵੀਰ ਕੌਰ, ਸਿਮਰਨਜੀਤ ਕੌਰ, ਵੀਨਾ ਕੁਮਾਰੀ, ਪਰਮਜੀਤ ਕੌਰ, ਹਰਪ੍ਰੀਤ ਵਾਲੀਆ ਤੇ ਜਸਪਾਲ ਸਿੰਘ ਅਨਾਇਤਪੁਰਾ ਵੀ ਹਾਜ਼ਰ ਸਨ |