ਫ਼ਤਹਿਗੜ੍ਹ ਸਾਹਿਬ, 22 ਅਪ੍ਰੈਲ (ਮਨਪ੍ਰੀਤ ਸਿੰਘ)-ਗਰੀਨ ਫੀਲਡਜ਼ ਸਕੂਲ ਸਰਹਿੰਦ ਵਿਖੇ ਚੇਅਰਮੈਨ ਦੀਦਾਰ ਸਿੰਘ ਭੱਟੀ ਦੀ ਅਗਵਾਈ ਹੇਠ ਵਿਦਿਆਰਥੀਆ ਦੁਆਰਾ ਧਰਤੀ ਦਿਵਸ ਮਨਾਇਆ ਗਿਆ | ਜਾਣਕਾਰੀ ਦਿੰਦਿਆਂ ਸਕੂਲ ਪਿੰ੍ਰਸੀਪਲ ਡਾ. ਸਾਲੂ ਰੰਧਾਵਾ ਨੇ ਦੱਸਿਆ ਕਿ ਇਸ ਮੌਕੇ ਬੱਚਿਆਂ ਵੱਲੋਂ ਸਪੀਚ, ਕਵਿਤਾਵਾਂ ਤੇ ਸਕਿੱਟਾਂ ਪੇਸ਼ ਕੀਤੀਆਂ ਗਈਆਂ | ਉਨ੍ਹਾਂ ਦੱਸਿਆ ਕਿ ਸਕੂਲ ਵਿਚ ਬੱਚਿਆਂ ਵਲੋਂ ਬੂਟੇ ਲਗਾਏ ਗਏ ਤੇ ਸਕੂਲ ਵਲੋਂ ਬੱਚਿਆਂ ਨੂੰ ਉਲੀਵਾ ਨਰਸਰੀ ਵਿਚ ਲਿਜਾਇਆ ਗਿਆ, ਜਿੱਥੇ ਬੱਚਿਆ ਨੂੰ ਵੱਖ-ਵੱਖ ਤਰ੍ਹਾਂ ਦੇ ਪੌਦਿਆਂ ਬਾਰੇ ਦੱਸਿਆ ਗਿਆ ਤਾਂ ਜੋ ਉਨ੍ਹਾਂ ਦੇ ਗਿਆਨ 'ਚ ਵਾਧਾ ਹੋ ਸਕੇ | ਪਿੰ੍ਰਸੀਪਲ ਡਾ. ਰੰਧਾਵਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਧਰਤੀ ਨੂੰ ਬਚਾਉਣ ਲਈ ਸਾਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਤਾਂ ਜੋ ਸਾਨੂੰ ਵਧੀਆ ਵਾਤਾਵਰਨ ਮਿਲ ਸਕੇ | ਉਨ੍ਹਾਂ ਕਿਹਾ ਕਿ ਧਰਤੀ ਤੇ ਚੱਲ ਰਹੀਆਂ ਜੰਗਾਂ ਤੇ ਮਾਰੂ ਹਥਿਆਰ ਧਰਤੀ ਦੀ ਹੋਂਦ ਤੇ ਸਵਾਲੀਆ ਨਿਸ਼ਾਨ ਲਗਾ ਰਹੇ ਹਨ, ਕਿਉਂਕਿ ਇਨ੍ਹਾਂ ਸਦਕਾ ਜਿੱਥੇ ਮਿੱਟੀ ਬੰਜਰ ਹੋ ਰਹੀ ਹੈ, ਉੱਥੇ ਹੀ ਜ਼ਹਿਰੀਲੀ ਹਵਾ ਮਨੁੱਖਤਾ ਲਈ ਖ਼ਤਰਨਾਕ ਹੈ ਤੇ ਪਾਣੀ ਵੀ ਜ਼ਹਿਰੀਲਾ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਸਾਡਾ ਫ਼ਰਜ਼ ਬਣਦਾ ਹੈ ਕਿ ਧਰਤੀ ਨੂੰ ਸੁੰਦਰ ਬਣਾਇਆ ਜਾਵੇ ਤੇ ਇਸ ਦੀ ਸਾਂਭ ਸੰਭਾਲ ਕੀਤੀ ਜਾਵੇ |