ਮੰਡੀ ਗੋਬਿੰਦਗੜ੍ਹ, 22 ਅਪ੍ਰੈਲ (ਰਾਜੇਸ਼ ਸ਼ਰਮਾ)-ਅਮਲੋਹ ਰੋਡ 'ਤੇ ਪੈਂਦੇ ਡਿਸਪੋਜ਼ਲ ਰੋਡ ਦੀ ਕੈਲਾਸ਼ ਕੈਂਚੀਆਂ ਵਾਲੀ ਗਲੀ ਵਿਚ ਸਥਿਤ ਅਲਫਾ ਅਲਾਇਜ ਦੇ ਗੋਦਾਮ ਵਿਚ ਬੀਤੀ ਰਾਤ ਚੋਰਾਂ ਵਲੋਂ ਵੱਡੀ ਚੋਰੀ ਦੀ ਕੋਸ਼ਿਸ਼ ਕੀਤੀ ਗਈ | ਚੋਰਾਂ ਨੇ ਗੋਦਾਮ ਦੀ ਕੰਧ ਵਿਚ ਪਾੜ ਲਗਾ ਕੇ ਅੰਦਰ ਦਾਖ਼ਲ ਹੋਣ ਦੀ ਯੋਜਨਾ ਬਣਾਈ ਅਤੇ ਪਿੱਤਲ, ਕਾਪਰ ਤੇ ਲੋਹੇ ਦੇ ਸਕਰੈਪ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ, ਪਰ ਗੋਦਾਮ ਦੇ ਚੌਕੀਦਾਰ ਦੀ ਚੁਸਤੀ ਅਤੇ ਸਮਝਦਾਰੀ ਕਾਰਨ ਇਹ ਵੱਡੀ ਚੋਰੀ ਹੋਣ ਤੋਂ ਬਚ ਗਈ, ਜਿਵੇਂ ਹੀ ਚੌਕੀਦਾਰ ਨੂੰ ਹਲਚਲ ਦਾ ਅਹਿਸਾਸ ਹੋਇਆ, ਉਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਚੋਰਾਂ ਨੂੰ ਭਜਾਉਣ ਲਈ ਦੌੜ ਲਗਾਈ ਅਤੇ ਗੋਦਾਮ ਵਿਚ ਮੌਜੂਦ ਕੁੱਤੇ ਛੱਡ ਦਿੱਤੇ, ਜਿਸ ਕਾਰਨ ਚੋਰ ਮੌਕੇ ਤੋਂ ਫ਼ਰਾਰ ਹੋ ਗਏ | ਭਾਵੇਂ ਚੌਕੀਦਾਰ ਦੀ ਚੁਸਤੀ ਨਾਲ ਵੱਡੀ ਚੋਰੀ ਟਲ਼ ਗਈ ਅਤੇ ਨੁਕਸਾਨ ਤੋਂ ਬਚਾਅ ਹੋ ਗਿਆ, ਪਰ ਇਹ ਘਟਨਾ ਇਲਾਕੇ ਦੀ ਕਾਨੂੰਨ-ਵਿਵਸਥਾ 'ਤੇ ਗੰਭੀਰ ਸਵਾਲ ਖੜ੍ਹੇ ਕਰਦੀ ਹੈ | ਸਵਾਲ ਇਹ ਵੀ ਹੈ ਕਿ ਜੇ ਚੌਕੀਦਾਰ ਸਚੇਤ ਨਾ ਹੁੰਦਾ ਤਾਂ ਕੀ ਪੁਲਿਸ ਸਿਰਫ਼ ਰਿਪੋਰਟ ਦਰਜ ਕਰਨ ਤੱਕ ਹੀ ਸੀਮਤ ਰਹਿ ਜਾਂਦੀ? ਸਥਾਨਕ ਵਪਾਰੀਆਂ ਦਾ ਕਹਿਣਾ ਹੈ ਕਿ ਇਲਾਕੇ ਵਿਚ ਚੋਰੀਆਂ ਲਗਾਤਾਰ ਵੱਧ ਰਹੀਆਂ ਹਨ, ਪਰ ਪੁਲਿਸ ਦੀ ਨਿਗਰਾਨੀ ਅਤੇ ਰਾਤ ਦੀ ਪੈਟਰੋਲਿੰਗ ਨਾ ਦੇੇ ਬਰਾਬਰ ਹੈ | ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਉਹ ਰਾਤ ਦੇ ਹਨੇਰੇ ਵਿਚ ਬਿਨਾਂ ਕਿਸੇ ਡਰ ਦੇ ਗੁਦਾਮਾਂ ਦੀਆਂ ਦੀਵਾਰਾਂ ਤੋੜ ਕੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਹਨ, ਇਹ ਸਾਫ਼ ਦਰਸਾਉਂਦਾ ਹੈ ਕਿ ਉਨ੍ਹਾਂ ਨੂੰ ਕਾਨੂੰਨ ਦਾ ਕੋਈ ਖ਼ੌਫ਼ ਨਹੀਂ | ਇਸ ਸਬੰਧੀ ਆਮ ਆਦਮੀ ਪਾਰਟੀ ਦੇ ਆਗੂ ਕਿ੍ਸ਼ਨ ਵਰਮਾ ਬੌਬੀ ਨੇ ਦੱਸਿਆ ਕਿ ਇਲਾਕੇ ਵਿਚ ਚੋਰੀਆਂ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ, ਜਿਸ ਕਾਰਨ ਵਪਾਰੀ ਵਰਗ ਵਿਚ ਡਰ ਤੇ ਅਸੁਰੱਖਿਆ ਦਾ ਮਾਹੌਲ ਬਣ ਗਿਆ ਹੈ ਅਤੇ ਕਈ ਵਪਾਰੀ ਪਹਿਲਾਂ ਹੀ ਵੱਡਾ ਨੁਕਸਾਨ ਝੱਲ ਚੁੱਕੇ ਹਨ | ਉਨ੍ਹਾਂ ਕਿਹਾ ਕਿ ਇਹ ਮੁੱਦਾ ਕਈ ਵਾਰ ਪੁਲਿਸ ਮੀਟਿੰਗਾਂ ਦੌਰਾਨ ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਦੇ ਸਾਹਮਣੇ ਉਠਾਇਆ ਗਿਆ, ਪਰ ਹਰ ਵਾਰ ਸਿਰਫ਼ ਭਰੋਸੇ ਹੀ ਮਿਲੇ ਹਨ, ਜਦਕਿ ਜ਼ਮੀਨੀ ਪੱਧਰ 'ਤੇ ਕੋਈ ਠੋਸ ਨਤੀਜਾ ਨਹੀਂ ਦਿਖਾਈ ਦਿੱਤਾ | ਉਨ੍ਹਾਂ ਦੋਸ਼ ਲਗਾਇਆ ਕਿ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਅਤੇ ਲਾਪਰਵਾਹੀ ਕਾਰਨ ਹੀ ਚੋਰਾਂ ਦੇ ਹੌਸਲੇ ਦਿਨੋਂ-ਦਿਨ ਬੁਲੰਦ ਹੋ ਰਹੇ ਹਨ ਅਤੇ ਉਹ ਬਿਨਾਂ ਕਿਸੇ ਡਰ ਦੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ | ਉਨ੍ਹਾਂ ਕਿਹਾ ਕਿ ਵਾਪਰੀਆਂ ਨੂੰ ਚੋਰਾਂ ਤੋਂ ਉਦੋਂ ਹੀ ਰਾਹਤ ਮਿਲੇਗੀ ਜਦੋਂ ਪੁਲਿਸ ਇਸ ਨੂੰ ਗੰਭੀਰਤਾ ਨਾਲ ਨਹੀਂ ਲੈਂਦੀ ਅਤੇ ਜ਼ਮੀਨੀ ਪੱਧਰ 'ਤੇ ਸਖ਼ਤ ਕਾਰਵਾਈ ਨਹੀਂ ਕਰਦੀ, ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਇਲਾਕੇ ਵਿਚ ਰਾਤ ਦੀ ਪੈਟਰੋਲਿੰਗ ਵਧਾਉਣ ਅਤੇ ਚੋਰਾਂ 'ਤੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ |