ਅਮਲੋਹ, 22 ਅਪ੍ਰੈਲ (ਹਰਪ੍ਰੀਤ ਸਿੰਘ ਗਿੱਲ)-ਅਜੋਕੇ ਸਮੇਂ ਵਿਚ ਜਿੱਥੇ ਰਾਜਸੀ ਪਾਰਟੀਆਂ ਦਾ ਇੱਕੋ-ਇਕ ਮਨੋਰਥ ਜਾਇਜ਼ ਜਾਂ ਨਾਜਾਇਜ਼ ਤਰੀਕੇ ਨਾਲ ਸੱਤਾ ਹਾਸਿਲ ਕਰਨਾ ਰਹਿ ਗਿਆ ਹੈ, ਉੱਥੇ ਹੀ ਕਾਂਗਰਸ ਪਾਰਟੀ ਅਜਿਹੀ ਇਕਲੌਤੀ ਪਾਰਟੀ ਹੈ, ਜੋ ਨਿੱਜੀ ਹਿਤਾਂ ਨਾਲੋਂ ਦੇਸ਼ ਅਤੇ ਸੂਬੇ ਦੇ ਹਿਤਾਂ ਨੂੰ ਤਰਜੀਹ ਦਿੰਦੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਹ ਇੱਥੇ ਅਨਾਜ ਮੰਡੀ ਵਿਚ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਆਏ ਸਨ | ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵਲੋਂ ਸੱਤਾ ਤੇ ਅਪਣਾ ਕਬਜ਼ਾ ਬਣਾਈ ਰੱਖਣ ਲਈ ਗੈਰ ਇਖਲਾਕੀ ਤਰੀਕੇ ਨਾਲ ਸੰਵਿਧਾਨ ਵਿਚ ਸੋਧ ਕਰਨ ਦੀ, ਜੋ ਕੋਸ਼ਿਸ਼ ਕੀਤੀ ਗਈ ਸੀ, ਨੂੰ ਦੇਸ਼ ਵਾਸੀਆਂ ਦੇ ਹਿਤਾਂ ਦੀ ਰਾਖੀ ਲਈ ਵੋਟਿੰਗ ਦੇ ਜਰੀਏ ਕਾਂਗਰਸ ਪਾਰਟੀ ਨੇ ਆਪਣੀਆਂ ਹਮ ਸੋਚ ਵਾਲੀਆਂ ਪਾਰਟੀਆਂ ਨਾਲ ਰਲ ਕੇ ਰੱਦ ਕਰਵਾ ਦਿੱਤਾ ਹੈ | ਉਨ੍ਹਾਂ 'ਆਮ ਆਦਮੀ ਪਾਰਟੀ' 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਹ ਸਰਕਾਰ ਸਿਰਫ਼ ਪੰਜਾਬ ਹੀ ਨਹੀਂ ਸਗੋਂ ਵੱਖ-ਵੱਖ ਰਾਜਾਂ ਦੇ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਵੱਖ-ਵੱਖ ਮੰਡੀਆਂ ਦੇ ਦੌਰੇ ਦੌਰਾਨ ਇਹ ਦੇਖਣ ਨੂੰ ਮਿਲਿਆ ਹੈ ਕਿ ਕਣਕ ਦੀਆਂ ਬੋਰੀਆਂ ਦੇ ਢੇਰ ਲੱਗੇ ਹੋਏ ਹਨ ਅਤੇ ਲਿਫ਼ਟਿੰਗ ਦੀ ਰਫ਼ਤਾਰ ਬੇਹੱਦ ਸੁਸਤ ਹੈ | ਹਾਲਾਤ ਇਹ ਹਨ ਕਿ ਮੰਡੀਆਂ ਵਿਚ ਨਵੀਆਂ ਢੇਰੀਆਂ ਲਗਾਉਣ ਲਈ ਵੀ ਜਗ੍ਹਾ ਨਹੀਂ ਬਚੀ | ਇਸ ਮੌਕੇ ਤੇ ਬਲਾਕ ਪ੍ਰਧਾਨ ਜਗਵੀਰ ਸਿੰਘ ਸਲਾਣਾ, ਜਗਵਿੰਦਰ ਸਿੰਘ ਰੈਹਿਲ, ਸੁਰਿੰਦਰ ਕੁਮਾਰ ਅਮਲੋਹ ਅਤੇ ਗੁਰਪ੍ਰੀਤ ਸਿੰਘ ਗਰੇਵਾਲ ਨੇ ਵੀ ਸੰਬੋਧਨ ਕੀਤਾ | ਮੀਟਿੰਗ ਵਿਚ ਆੜਤੀਆਂ, ਮੁਨੀਮਾਂ ਤੇ ਪੱਲੇਦਾਰ ਵਲੋਂ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ ਗਈ |