ਫ਼ਤਹਿਗੜ੍ਹ ਸਾਹਿਬ, 23 ਅਪ੍ਰੈਲ (ਬਲਜਿੰਦਰ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਅਤੇ ਵਾਰਿਸ ਪੰਜਾਬ ਦੇ ਜਥੇਬੰਦੀ ਦਰਮਿਆਨ ਹੋਏ ਗੱਠਜੋੜ ਦਾ ਸਵਾਗਤ ਕਰਦਿਆਂ ਕਿਹਾ ਕਿ ਪੰਜਾਬ ਵਿਚ ਪੰਥ ਅਤੇ ਪੰਜਾਬੀਆਂ ਦੀ ਸਰਕਾਰ ਬਣਾਉਣ ਲਈ ਇਹ ਏਕਤਾ ਸ਼ੁੱਭ ਸੰਕੇਤ ਹਨ | ਜਥੇਦਾਰ ਪੰਜੋਲੀ ਨੇ ਮੰਗ ਕੀਤੀ ਕਿ ਇਸ ਦਾ ਘੇਰਾ ਹੋਰ ਵੱਡਾ ਕਰਨ ਲਈ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ), ਮਿਸ਼ਨ ਸਤਲੁਜ ਤੇ ਕੌਮੀ ਇਨਸਾਫ਼ ਮੋਰਚੇ ਸਮੇਤ ਪੰਥ ਅਤੇ ਪੰਜਾਬ ਦੀ ਹਰ ਧਿਰ ਨੂੰ ਸ਼ਾਮਿਲ ਕੀਤਾ ਜਾਵੇ | ਪੰਜੋਲੀ ਨੇ ਕਿਹਾ ਕਿ ਇਨ੍ਹਾਂ ਸਾਰੀਆਂ ਧਿਰਾਂ ਨੂੰ ਪੰਥ ਤੇ ਪੰਜਾਬ ਦੇ ਭਲੇ ਦਾ ਏਜੰਡਾ ਤਹਿ ਕਰਨਾ ਚਾਹੀਦਾ ਹੈ, ਕਿਉਂਕਿ ਕੇਂਦਰ ਨੇ ਸੂਬਿਆਂ ਨੂੰ ਮਿਊਾਸੀਪਲ ਕਮੇਟੀਆਂ ਬਣਾ ਕੇ ਰੱਖ ਦਿੱਤਾ ਹੈ | ਇਸ ਲਈ ਫੈਡਰਲ ਢਾਂਚੇ ਦੀ ਮੰਗ ਮੁੱਖ ਰੂਪ ਵਿਚ ਉਭਾਰੀ ਜਾਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਪੰਥ ਵਿਰੋਧੀ ਸ਼ਕਤੀਆਂ ਨੂੰ ਭਾਂਜ ਦੇਣ ਲਈ ਜ਼ਰੂਰੀ ਹੈ ਕਿ ਤਿਆਗ ਦੀ ਕੁਰਬਾਨੀ ਕੀਤੀ ਜਾਵੇ | ਇਸ ਲਈ ਹਰ ਧਿਰ ਜਿੱਤਣ ਵਾਲਾ ਉਮੀਦਵਾਰ ਹੀ ਚੋਣ ਮੈਦਾਨ ਵਿਚ ਉਤਾਰਿਆ ਜਾਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਇਹ ਸਮਝਾਉਣਾ ਬਹੁਤ ਜ਼ਰੂਰੀ ਹੈ ਕਿ ਪੰਜਾਬ ਦੀ ਤਰੱਕੀ ਸੂਬੇ ਦੀ ਖ਼ੁਦ ਮੁਖ਼ਤਿਆਰੀ ਵਿਚ ਹੀ ਹੈ, ਤਾਂ ਜੋ ਪੰਜਾਬੀ ਆਪਣੀ ਹੋਣੀ ਦਾ ਫ਼ੈਸਲਾ ਖ਼ੁਦ ਕਰ ਸਕਣ |