ਫ਼ਤਹਿਗੜ੍ਹ ਸਾਹਿਬ, 24 ਅਪ੍ਰੈਲ (ਬਲਜਿੰਦਰ ਸਿੰਘ)-ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਜ਼ਿਲ੍ਹਾ ਜਨਰਲ ਸਕੱਤਰ ਰਾਜੇਸ਼ ਕੁਮਾਰ ਅਮਲੋਹ ਅਤੇ ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਫੈਜੁੱਲਾਪੁਰ ਨੇ ਸਾਂਝੇ ਰੂਪ ਵਿਚ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਮਿਡਲ ਸਕੂਲਾਂ ਨੂੰ ਬੰਦ ਕਰਨ ਵੱਲ ਵੱਧ ਰਹੀ ਹੈ | ਅੱਜ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰ) ਵਲੋਂ ਜਾਰੀ ਕੀਤੇ ਹੁਕਮਾਂ ਤਹਿਤ ਉਹ ਮਿਡਲ ਸਕੂਲ ਜਿੱਥੇ ਕਿਸੇ ਸਮੇਂ ਵਿਸ਼ਾ ਵਾਰ ਅਧਿਆਪਕ ਦਿੱਤੇ ਜਾਂਦੇ ਸਨ ਅਤੇ ਪੋਸਟਾਂ ਪੂਰੀਆਂ ਸਨ, ਉੱਥੇ ਸਰਕਾਰ ਨੇ ਅਧਿਆਪਕਾਂ ਨੂੰ 4 ਪੋਸਟਾਂ ਤੱਕ ਸੀਮਤ ਕਰ ਦਿੱਤਾ ਸੀ | ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਸਕੂਲਾਂ ਵਿਚ 4 ਅਧਿਆਪਕ ਦੇਣ ਤੋਂ ਵੀ ਭੱਜ ਰਹੀ ਹੈ ਅਤੇ ਡੰਗ ਟਪਾਊ ਨੀਤੀ ਤਹਿਤ ਕੰਮ ਚਲਾਇਆ ਜਾ ਰਿਹਾ ਹੈ | ਅਜਿਹਾ ਕਰਨ ਨਾਲ ਉਨ੍ਹਾਂ ਸਕੂਲਾਂ ਨੂੰ ਕੋਈ ਲਾਭ ਨਹੀਂ ਮਿਲੇਗਾ ਜਿੱਥੇ ਇਸ ਤਰ੍ਹਾਂ ਅਧਿਆਪਕ ਭੇਜਿਆ ਗਿਆ ਹੈ ਪਰ ਜਿਸ ਸਕੂਲ ਵਿਚੋਂ ਅਧਿਆਪਕ ਚੁੱਕਿਆ ਜਾ ਰਿਹਾ ਹੈ, ਉਸ ਸਕੂਲ ਦਾ ਜ਼ਰੂਰ ਉਜਾੜਾ ਹੋ ਜਾਵੇਗਾ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਖ਼ਾਲੀ ਪੋਸਟਾਂ ਤੇ ਬੇਰੁਜ਼ਗਾਰਾਂ ਦੀ ਭਰਤੀ ਕਰਨੀ ਚਾਹੀਦੀ ਹੈ, ਉਹ ਬੇਰੁਜ਼ਗਾਰ ਅਧਿਆਪਕ ਜਿਹੜੇ ਰੁਜ਼ਗਾਰ ਲਈ ਲਗਾਤਾਰ ਲੜ ਰਹੇ ਹਨ ਅਤੇ ਸਰਕਾਰ ਲਾਠੀ, ਗੋਲੀ ਨਾਲ ਉਨ੍ਹਾਂ ਦਾ ਸੰਘਰਸ਼ ਦਬਾ ਰਹੀ ਹੈ | ਆਗੂਆਂ ਨੇ ਕਿਹਾ ਕਿ ਗ਼ਰੀਬ ਪਰਿਵਾਰਾਂ ਦੇ ਵਿਦਿਆਰਥੀ ਉਨ੍ਹਾਂ ਮਿਡਲ ਸਕੂਲਾਂ ਵਿਚ ਪੜ੍ਹ ਰਹੇ ਹਨ ਜਿੱਥੇ 3-4 ਅਧਿਆਪਕ ਪੜ੍ਹਾ ਰਹੇ ਸਨ ਪਰ ਅਫ਼ਸੋਸ ਸਰਕਾਰ ਨੇ ਇਕ ਅਧਿਆਪਕ ਵੀ ਉਨ੍ਹਾਂ 'ਚੋਂ ਚੁੱਕ ਕੇ ਇਸ ਗੱਲ ਤੇ ਮੋਹਰ ਲਗਾ ਦਿੱਤੀ ਹੈ ਕਿ ਇਹ ਸਰਕਾਰ ਵੀ ਸਿੱਖਿਆ ਵਿਰੋਧੀ ਸਰਕਾਰ ਹੈ | ਸਿੱਖਿਆ ਕ੍ਰਾਂਤੀ ਵਾਲੀ ਨੀਤੀ ਕਾਰਨ ਸਿੱਖਿਆ ਦਾ ਭੋਗ ਪੈਣ ਦੀ ਤਿਆਰੀ ਹੈ | ਜੀ.ਟੀ.ਯੂ ਦੇ ਆਗੂਆਂ ਨੇ ਇਸ ਗੱਲ ਦੀ ਨਿਖੇਧੀ ਕੀਤੀ ਅਤੇ ਐਲਾਨ ਕੀਤਾ ਕਿ ਜੇਕਰ ਅਜਿਹਾ ਨਹੀਂ ਰੁਕਦਾ ਤਾਂ ਜੀ.ਟੀ.ਯੂ. ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ | ਇਸ ਮੌਕੇ ਅਮਰਜੀਤ ਸਿੰਘ, ਰਣਜੀਤ ਸਿੰਘ ਬਰਵਾਲੀ, ਰਾਜਿੰਦਰ ਸਿੰਘ ਰਾਜਨ, ਬਲਵਿੰਦਰ ਸਿੰਘ, ਚਰਨਜੀਤ ਸਿੰਘ, ਸੁਖਵਿੰਦਰ ਸਿੰਘ ਮਾਜਰੀ, ਪਰਮਜੀਤ ਸਿੰਘ ਅਤੇ ਜਸਪ੍ਰੀਤ ਸਿੰਘ ਆਗੂ ਹਾਜ਼ਰ ਸਨ |