ਸੰਘੋਲ, 24 ਅਪ੍ਰੈਲ (ਪਰਮਵੀਰ ਸਿੰਘ ਧਨੋਆ)-ਟੀ.ਵੀ. ਨਿਊਜ਼ ਚੈਨਲ 'ਤੇ ਭਾਜਪਾ ਦੇ ਕਥਿਤ ਬੁਲਾਰੇ ਵਲੋਂ ਡਿਬੇਟ ਦੌਰਾਨ ਸਿੱਖਾਂ ਖ਼ਿਲਾਫ਼ ਵਰਤੀ ਗਈ ਮਾੜੀ ਸ਼ਬਦਾਵਲੀ ਕਾਰਨ ਸ਼੍ਰੋਮਣੀ ਅਕਾਲੀ ਦਲ (ਅ) ਦੇ ਸਮਰਥਕ ਨਾਖ਼ੁਸ਼ ਹਨ | ਮਾਮਲੇ ਬਾਰੇ ਅਵਤਾਰ ਸਿੰਘ ਮੋਹਣਮਾਜਰਾ ਪ੍ਰਧਾਨ ਸਰਕਲ ਖੇੜੀ ਨੌਧ ਸਿੰਘ ਨੇ ਦੱਸਿਆ ਕਿ ਨਿਊਜ਼ ਚੈਨਲ 'ਤੇ ਚੱਲ ਰਹੀ ਡਿਬੇਟ ਮੌਕੇ ਬੁਲਾਰੇ ਵਲੋਂ ਸਿੱਖਾਂ ਖ਼ਿਲਾਫ਼ ਮਾੜੀ ਸ਼ਬਦਾਵਲੀ ਵਰਤੇ ਜਾਣ ਦੀ ਗੱਲ ਸਾਹਮਣੇ ਆਈ ਹੈ | ਮਾਮਲੇ 'ਚ ਬਲਾਕ ਪ੍ਰਧਾਨ ਸੁਖਦੇਵ ਸਿੰਘ ਗੱਗੜਵਾਲ ਵਲੋਂ ਕਾਰਵਾਈ ਦੀ ਮੰਗ ਕਰਦਿਆਂ ਖਮਾਣੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ | ਦਾਅਵਾ ਕੀਤਾ ਗਿਆ ਹੈ ਕਿ ਬੁਲਾਰੇ ਨੇ ਆਖਿਆ ਅਸੀਂ ਹਰੇਕ ਖ਼ਾਲਿਸਤਾਨ ਦੇ ਮੱਥੇ ਵਿਚ ਗੋਲੀ ਮਾਰਾਂਗੇ | ਸ਼ਿਕਾਇਤ 'ਚ ਕਿਹਾ ਗਿਆ ਹੈ ਕਿ ਉਕਤ ਬਿਆਨ ਕਾਨੂੰਨੀ ਅਤੇ ਸਮਾਜਿਕ ਤੌਰ 'ਤੇ ਗ਼ਲਤ ਹੈ | ਮਾਮਲੇ 'ਚ ਬੁਲਾਰੇ ਖ਼ਿਲਾਫ਼ ਕਾਰਵਾਈ, ਭਾਜਪਾ ਦੀ ਜ਼ਿੰਮੇਵਾਰੀ ਦੀ ਜਾਂਚ, ਚੈਨਲ ਖ਼ਿਲਾਫ਼ ਵੀ ਕਾਰਵਾਈ ਦੀ ਮੰਗ ਕੀਤੀ ਗਈ ਹੈ | ਆਗੂਆਂ ਨੇ ਦੱਸਿਆ ਕਿ ਸ਼ਿਕਾਇਤ 'ਤੇ ਕਾਰਵਾਈ ਬਾਰੇ ਉਹ ਸਾਥੀਆਂ ਸਮੇਤ ਜ਼ਿਲ੍ਹਾ ਪੁਲਿਸ ਮੁਖੀ ਫ਼ਤਹਿਗੜ੍ਹ ਸਾਹਿਬ ਨਾਲ ਵੀ ਮੁਲਾਕਾਤ ਕਰਨਗੇ | ਸੰਪਰਕ ਕਰਨ 'ਤੇ ਥਾਣਾ ਮੁਖੀ ਸੁਰੇਸ਼ ਕੁਮਾਰ ਨੇ ਆਖਿਆ ਕਿ ਸ਼ਿਕਾਇਤ ਦੀ ਪੜਤਾਲ ਉਪਰੰਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਸ਼ਿਕਾਇਤ ਪੱਤਰ ਦੇਣ ਮੌਕੇ ਸ਼ਿੰਗਾਰਾ ਸਿੰਘ ਬਡਲਾ, ਪਵਨਦੀਪ ਸਿੰਘ ਢੋਲੇਵਾਲ, ਗੁਰਪ੍ਰੀਤ ਸਿੰਘ, ਪ੍ਰਗਟ ਸਿੰਘ, ਸੁਰਿੰਦਰ ਸਿੰਘ, ਭੁਪਿੰਦਰ ਸਿੰਘ ਅਤੇ ਹਰਵਿੰਦਰ ਸਿੰਘ ਮੋਹਣਮਾਜਰਾ ਆਦਿ ਮੌਜੂਦ ਸਨ |