ਫ਼ਤਹਿਗੜ੍ਹ ਸਾਹਿਬ, 27 ਅਪ੍ਰੈਲ (ਮਨਪ੍ਰੀਤ ਸਿੰਘ)-ਸ਼ੋ੍ਰਮਣੀ ਅਕਾਲੀ ਦਲ ਵਾਰਿਸ ਪੰਜਾਬ ਤੇ ਸ਼ੋ੍ਰਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਆਗੂਆਂ ਦੀ ਸਾਂਝੀ ਅਹਿਮ ਮੀਟਿੰਗ ਸਰਹਿੰਦ ਵਿਖੇ ਹੋਈ, ਜਿਸ 'ਚ ਆਉਣ ਵਾਲੇ ਸਮੇਂ 'ਚ ਹੋਣ ਵਾਲੀਆਂ ਨਗਰ ਕੌਂਸਲ ਦੀਆਂ ਚੋਣਾਂ ਤੇ ਸੂਬੇ ਦੇ ਲੋਕਾਂ ਨੂੰ ਲਾਮਬੰਦ ਕਰਨ ਸਬੰਧੀ ਅਹਿਮ ਵਿਚਾਰਾਂ ਕੀਤੀਆਂ ਗਈਆਂ | ਇਸ ਮੌਕੇ ਵਾਰਿਸ ਪੰਜਾਬ ਦੇ ਆਗੂ ਐਡਵੋਕੇਟ ਵਰਿੰਦਰ ਸਿੰਘ ਢਿੱਲੋਂ, ਨਵਦੀਪ ਸਿੰਘ ਤਾਨ, ਲਖਵੀਰ ਸਿੰਘ ਡੇਰਾ, ਅਮਨਦੀਪ ਸਿੰਘ ਮੰਡੋਫਲ ਤੇ ਪੁਨਰ ਸੁਰਜੀਤ ਦੇ ਆਗੂ ਰਣਵੀਰ ਸਿੰਘ ਪੂਨੀਆ, ਜ਼ਿਲ੍ਹਾ ਪ੍ਰਧਾਨ ਮਨਦੀਪ ਸਿੰਘ ਤਰਖਾਣ ਮਾਜਰਾ, ਬਲਾਕ ਪ੍ਰਧਾਨ ਗੁਰਦੇਵ ਸਿੰਘ ਵਿਰਕ ਤੇ ਸੁਰਜੀਤ ਸਿੰਘ ਚਨਾਰਥਲ ਨੇ ਕਿਹਾ ਕਿ ਆਉਣ ਵਾਲੇ ਅਗਾਮੀ ਸਮੇਂ 'ਚ ਦੋਵੇਂ ਪਾਰਟੀਆਂ ਇਕੱਠੀਆਂ ਹੋ ਸੂਬੇ ਦੇ ਲੋਕਾਂ ਨੂੰ ਵਿਰੋਧੀ ਪਾਰਟੀਆਂ ਸਬੰਧੀ ਜਾਗਰੂਕ ਕਰਨਗੀਆਂ ਤੇ ਪੰਜਾਬ ਸਰਕਾਰ ਵਲੋਂ ਵਾਰਿਸ ਦੇ ਪੰਜਾਬ ਦੇ ਆਗੂ ਭਾਈ ਅੰਮਿ੍ਤਪਾਲ ਸਿੰਘ ਨੂੰ ਡਿਬਰੂਗੜ੍ਹ ਜੇਲ੍ਹ 'ਚ ਨਜਾਇਜ਼ ਤੌਰ 'ਤੇ ਰੱਖੇ ਜਾਣ 'ਤੇ ਜ਼ਿਲ੍ਹਾ ਪੱਧਰੀ ਸੰਘਰਸ਼ ਵਿੱਢਣਗੀਆਂ | ਆਗੂਆਂ ਨੇ ਦੱਸਿਆ ਕਿ ਦੋਵੇਂ ਪਾਰਟੀਆਂ ਦੇ ਕਨਵੀਨਰ ਮਨਪ੍ਰੀਤ ਸਿੰਘ ਇਆਲ਼ੀ ਦੀ ਅਗਵਾਈ ਹੇਠ ਸੂਬੇ 'ਚ ਲਗਾਤਾਰ ਰੈਲੀਆਂ ਕਰ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਵਚਨਬੱਧ ਹਨ ਤੇ ਅਮਲੋਹ ਸੌਂਟੀ ਵਿਖੇ ਹੋਣ ਵਾਲੀ ਰੈਲੀ ਵਿਚ ਵੀ ਦੋਵੇਂ ਪਾਰਟੀਆਂ ਦੁਆਰਾ ਇਕੱਠੀ ਸ਼ਮੂਲੀਅਤ ਕਰ ਭਾਈ ਅੰਮਿ੍ਤਪਾਲ ਸਿੰਘ ਦੇ ਹੱਕ ਵਿਚ ਨਾਅਰਾ ਲਗਾਇਆ ਜਾਵੇਗਾ ਤੇ ਸੂਬੇ ਨੂੰ ਲੋਟੂ ਪਾਰਟੀਆਂ ਤੋਂ ਬਚਾਉਣ ਸਬੰਧੀ ਵਿਚਾਰਾਂ ਕੀਤੀਆਂ ਜਾਣਗੀਆਂ | ਉਨ੍ਹਾਂ ਦੱਸਿਆ ਕਿ ਗਿਆਨੀ ਹਰਪ੍ਰੀਤ ਸਿੰਘ ਤੇ ਬਾਪੂ ਤਰਸੇਮ ਸਿੰਘ, ਸੂਬੇ ਦੀ ਤਰਾਸਦੀ ਤੋਂ ਭਲੀ ਭਾਂਤੀ ਜਾਣੂ ਹਨ, ਜਿਨ੍ਹਾਂ ਵਲੋਂ ਪੰਥ ਪ੍ਰਤੀ ਸੋਚ ਰੱਖਣ ਵਾਲੀਆਂ ਸ਼ਖ਼ਸੀਅਤਾਂ ਤੇ ਪਾਰਟੀਆਂ ਨੂੰ ਇਕ ਮੁੱਠ ਕੀਤਾ ਜਾ ਰਿਹਾ ਹੈ ਤਾਂ ਜੋ ਆਉਣ ਵਾਲੇ ਸਮੇਂ 'ਚ ਸੂਬੇ ਅਤੇ ਨੌਜਵਾਨੀ ਨੂੰ ਬਚਾਇਆ ਜਾ ਸਕੇ | ਐਡਵੋਕੇਟ ਢਿੱਲੋਂ ਨੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਵਾਰਿਸ ਪੰਜਾਬ ਤੇ ਪੁਨਰ ਸੁਰਜੀਤ ਦੀ ਸੌਂਟੀ ਅਮਲੋਹ ਵਿਖੇ 28 ਅਪ੍ਰੈਲ ਨੂੰ ਹੋਣ ਜਾ ਰਹੀ ਰੈਲੀ 'ਚ ਇਲਾਕੇ ਦੇ ਨੌਜਵਾਨ ਤੇ ਪੰਥ ਦਰਦੀ ਵੱਧ ਤੋਂ ਵੱਧ ਹਿੱਸਾ ਲੈਣ ਤਾਂ ਜੋ ਪੰਥ ਪ੍ਰਤੀ ਗੱਲ ਕਰਨ ਵਾਲੇ ਭਾਈ ਅੰਮਿ੍ਤਪਾਲ ਸਿੰਘ ਦੀ ਰਿਹਾਈ ਦੀ ਆਵਾਜ਼ ਨੂੰ ਹੋਰ ਬੁਲੰਦ ਕੀਤਾ ਜਾ ਸਕੇ |