ਰਾਜਪੁਰਾ, 27 ਅਪ੍ਰੈਲ (ਜੀ.ਪੀ. ਸਿੰਘ)-ਅੱਜ ਐੱਸ.ਡੀ.ਐੱਮ. ਰਾਜਪੁਰਾ ਨਮਨ ਮਾਰਕਨ ਵਲੋਂ ਆਪਣੇ ਦਫ਼ਤਰ ਸਥਾਨਕ ਮਿਨੀ ਸਕੱਤਰੇਤ ਵਿਖੇ ਇਕ ਬੈਠਕ ਸੱਦੀ ਗਈ | ਜਿਸ ਵਿਚ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਅਧਿਕਾਰੀਆਂ, ਕਿਸਾਨ ਯੂਨੀਅਨ ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਬਹਿਰੂ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਤੇ ਸੰਬੰਧਿਤ ਕਿਸਾਨ ਤੇ ਸਾਬਕਾ ਸੈਨਿਕ ਯੂਨੀਅਨ ਦੇ ਨੁਮਾਇੰਦੇ ਸ਼ਾਮਿਲ ਹੋਏ | ਇਸ ਬੈਠਕ ਦੌਰਾਨ ਇਕ ਧਮੌਲੀ ਪਿੰਡ ਦੇ ਵਸਨੀਕ ਕਿਸਾਨ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਪਰਿਵਾਰ ਦੇ ਸਾਂਝੇ ਖੇਤ ਵਿਚ ਬਿਜਲੀ ਨਿਗਮ ਦੇ ਅਧਿਕਾਰੀ ਇਕ 66 ਕੇ.ਵੀ. ਬਿਜਲੀ ਟਾਵਰ ਲਗਾਉਣਾ ਚਾਹੁੰਦੇ ਹਨ ਪਰ ਪਰਿਵਾਰ ਵਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ | ਜਦੋਂ ਬਿਜਲੀ ਨਿਗਮ ਦੇ ਅਧਿਕਾਰੀ ਨਹੀਂ ਮੰਨੇ ਤਾਂ ਬਿਜਲੀ ਨਿਗਮ ਦੀ ਧੱਕੇਸ਼ਾਹੀ ਵਿਰੁੱਧ ਕਿਸਾਨ ਯੂਨੀਅਨ ਦਾ ਸਹਿਯੋਗ ਮੰਗਿਆ ਗਿਆ | ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਬਹਿਰੂ ਤੇ ਸਾਬਕਾ ਸੈਨਿਕ ਯੂਨੀਅਨ ਸਾਂਝੇ ਤੌਰ ਪਰ ਕਿਸਾਨ ਦੇ ਹੱਕ ਵਿਚ ਟਾਵਰ ਲਗਾਉਣ ਦਾ ਵਿਰੋਧ ਕੀਤਾ ਗਿਆ | ਅੱਜ ਦੀ ਇਸ ਬੈਠਕ 'ਚ ਗੱਲਬਾਤ ਬਿਨਾ ਕਿਸੇ ਨਤੀਜੇ ਦੇ ਸਮਾਪਤ ਹੋ ਗਈ | ਇਸ ਦੌਰਾਨ ਐੱਸ.ਡੀ.ਐੱਮ. ਨਮਨ ਮਾਰਕਨ ਨੇ ਇਸ ਮਾਮਲੇ ਦੇ ਹੱਲ ਲਈ ਉੱਚ ਅਧਿਕਾਰੀਆਂ ਦਾ ਇਕ ਵਫ਼ਦ ਝਗੜੇ ਵਾਲੀ ਥਾਂ 'ਤੇ ਭੇਜਣ ਦਾ ਫ਼ੈਸਲਾ ਲਿਆ | ਜਿਸ ਨੂੰ ਸਾਰਿਆਂ ਨੇ ਪ੍ਰਵਾਨ ਕਰ ਲਿਆ | ਜਿਸ ਤੋਂ ਬਾਅਦ ਹੁਣ 30 ਅਪ੍ਰੈਲ ਨੂੰ ਸਵੇਰੇ 9 ਵਜੇ ਨਿਯੁਕਤ ਕੀਤੇ ਅਧਿਕਾਰੀ ਜਗ੍ਹਾ ਦਾ ਦੌਰਾ ਕਰਨਗੇ ਤਾਂ ਜੋ ਕਿਸੇ ਨਤੀਜੇ 'ਤੇ ਪਹੁੰਚਣ ਦਾ ਯਤਨ ਕੀਤਾ ਜਾਵੇ |