ਦੇਵੀਗੜ੍ਹ, 1 ਮਈ (ਰਾਜਿੰਦਰ ਸਿੰਘ ਮੌਜੀ)-ਹਲਕਾ ਸਨੌਰ ਦੇ ਪਿੰਡ ਲੇਹਲਾਂ ਜਗੀਰ ਦੇ ਜੰਮਪਲ ਅਤੇ ਨੌਜਵਾਨ ਪੰਥਕ ਆਗੂ ਨਰਿੰਦਰ ਸਿੰਘ ਭਿੰਡਰ ਨੂੰ 'ਅਕਾਲੀ ਦਲ ਵਾਰਿਸ ਪੰਜਾਬ' ਵਲੋਂ ਪਾਰਟੀ ਦਾ ਜਥੇਬੰਦਕ ਸਕੱਤਰ ਅਤੇ ਪੰਜਾਬ ਇਕਾਈ ਦਾ ਮੁੱਖ ਬੁਲਾਰਾ ਨਿਯੁਕਤ ਕੀਤਾ ਗਿਆ ਹੈ | ਇਸ ਨਿਯੁਕਤੀ ਨਾਲ ਇਲਾਕੇ ਦੇ ਨੌਜਵਾਨਾਂ ਅਤੇ ਪਾਰਟੀ ਵਰਕਰਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਨਰਿੰਦਰ ਸਿੰਘ ਭਿੰਡਰ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਅਤੇ ਪੰਥ ਦੇ ਮਸਲਿਆਂ ਨੂੰ ਬੜੀ ਬੇਬਾਕੀ ਨਾਲ ਚੁੱਕਦੇ ਆ ਰਹੇ ਹਨ | ਸਾਲ 2020 ਦੇ ਕਿਸਾਨੀ ਅੰਦੋਲਨ ਦੌਰਾਨ ਭਿੰਡਰ ਨੇ ਵਾਟਰ ਕੈਨਨਾਂ ਦੀਆਂ ਬੁਛਾੜਾਂ ਦਾ ਮੂੰਹ ਮੋੜ ਕੇ ਮਾਰਕੰਡੇ ਪੁੱਲ ਦਾ ਰਸਤਾ ਖੁੱਲ੍ਹਵਾਇਆ ਸੀ | ਉਨ੍ਹਾਂ ਨੇ ਦਿੱਲੀ ਦੇ ਬਾਰਡਰਾਂ 'ਤੇ ਬੈਠ ਕੇ 'ਟਰਾਲੀ ਟਾਇਮਜ਼' ਅਖਬਾਰ ਦੀ ਸ਼ੁਰੂਆਤ ਵੀ ਕੀਤੀ ਸੀ | ਹਲਕੇ ਵਿਚ ਆਏ ਹੜ੍ਹਾਂ ਦੌਰਾਨ ਉਨ੍ਹਾਂ ਦਿਨ-ਰਾਤ ਸੇਵਾ ਕੀਤੀ ਅਤੇ ਕਈ ਲੋੜਵੰਦ ਪਰਿਵਾਰਾਂ ਨੂੰ ਮਕਾਨ ਬਣਵਾ ਕੇ ਦਿੱਤੇ | ਉਨ੍ਹਾਂ ਦੇ ਯਤਨਾਂ ਸਦਕਾ ਹੀ ਟਾਂਗਰੀ ਨਦੀ 'ਤੇ 1 ਕਰੋੜ 30 ਲੱਖ ਦੀ ਲਾਗਤ ਨਾਲ ਗੇਟ ਲੱਗੇ, ਜਿਸ ਨਾਲ 20-25 ਪਿੰਡਾਂ ਨੂੰ ਹੜ੍ਹ ਤੋਂ ਰਾਹਤ ਮਿਲੀ | ਪਿੰਡ ਵਾਸੀਆਂ ਨੇ ਭਿੰਡਰ ਨੂੰ ਸਰਬਸੰਮਤੀ ਨਾਲ ਸਰਪੰਚ ਚੁਣਿਆ ਸੀ | ਨਰਿੰਦਰ ਸਿੰਘ ਭਿੰਡਰ ਨੇ ਆਪਣੇ ਸਿਆਸੀ ਸਫ਼ਰ ਦੀ ਪ੍ਰੇਰਨਾ ਪ੍ਰੋਫੈਸਰ ਗੁਰਪ੍ਰੀਤ ਸਿੰਘ ਅੰਟਾਲ ਲਹਿਣਾ ਸਿੰਘ ਤੁੜ ਪਰਿਵਾਰ ਤੋਂ ਲਈ ਹੈ | ਪੰਥਕ ਪਰਿਵਾਰ ਦੇ ਥਾਪੜੇ ਸਦਕਾ ਹੀ ਉਹ ਅੱਜ ਰਾਜਨੀਤੀ ਰਾਹੀਂ ਸਮਾਜ ਦੀ ਸੇਵਾ ਕਰ ਰਹੇ ਹਨ | ਆਪਣੀ ਨਿਯੁਕਤੀ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਰਿੰਦਰ ਸਿੰਘ ਭਿੰਡਰ ਨੇ ਪਾਰਟੀ ਦੀ ਸਮੁੱਚੀ ਹਾਈਕਮਾਂਡ ਜਿਨ੍ਹਾਂ ਵਿੱਚ ਬਾਪੂ ਤਰਸੇਮ ਸਿੰਘ, ਪਰਮਜੀਤ ਸਿੰਘ ਜੋਹਲ, ਹਰਭਜਨ ਸਿੰਘ ਤੁੜ, ਗੁਰਪ੍ਰੀਤ ਸਿੰਘ ਅੰਟਾਲ, ਮਨਦੀਪ ਸਿੰਘ ਸਿੱਧੂ, ਪ੍ਰੋ. ਸਤਨਾਮ ਕੌਰ, ਕਾਬਲ ਸਿੰਘ, ਪ੍ਰਗਟ ਸਿੰਘ ਮੀਆਂਵਿੰਡ, ਬਰਜਿੰਦਰ ਸਿੰਘ, ਬਾਬੂ ਸਿੰਘ ਬਰਾੜ, ਗੰਗਵੀਰ ਸਿੰਘ ਰਾਥੌੜ, ਅਤੇ ਜਸਵਿੰਦਰ ਸਿੰਘ ਡਰੌਲੀ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ | ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਉਹ ਪਾਰਟੀ ਵਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ |