ਫ਼ਤਹਿਗੜ੍ਹ ਸਾਹਿਬ, 1 ਮਈ (ਬਲਜਿੰਦਰ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾਤਾ ਗੁਜਰੀ ਕਾਲਜ ਦੇ ਪਿ੍ੰਸੀਪਲ ਵਜੋਂ ਡਾ. ਬਿਕਰਮਜੀਤ ਸਿੰਘ ਨੇ ਕਾਰਜਭਾਰ ਸੰਭਾਲ ਲਿਆ ਹੈ | ਸ਼੍ਰੋਮਣੀ ਕਮੇਟੀ ਦੇ ਵਿੱਦਿਅਕ ਅਦਾਰਿਆਂ ਦੇ ਸਕੱਤਰ ਵਿੱਦਿਆ ਇੰਜੀ. ਸੁਖਮਿੰਦਰ ਸਿੰਘ, ਕਾਲਜ ਦੇ ਸਾਬਕਾ ਪਿ੍ੰਸੀਪਲ ਡਾ. ਕਸ਼ਮੀਰ ਸਿੰਘ ਅਤੇ ਹੋਰ ਸਟਾਫ਼ ਮੈਂਬਰਾਂ ਦੀ ਹਾਜ਼ਰੀ ਵਿਚ ਉਨ੍ਹਾਂ ਨੂੰ ਕਾਰਜਕਾਰੀ ਪਿ੍ੰਸੀਪਲ ਦਾ ਕਾਰਜਭਾਰ ਸੌਂਪਿਆ ਗਿਆ | ਇੰਜੀ. ਸੁਖਮਿੰਦਰ ਸਿੰਘ ਨੇ ਡਾ. ਬਿਕਰਮਜੀਤ ਸਿੰਘ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਇਸ ਅਹੁਦੇ ਲਈ ਚੋਣ ਉਨ੍ਹਾਂ ਦੀਆਂ ਉੱਤਮ ਸੇਵਾਵਾਂ, ਲੰਮੇ ਤਜਰਬੇ ਅਤੇ ਸੀਨੀਅਰਤਾ ਦੇ ਆਧਾਰ 'ਤੇ ਕੀਤੀ ਗਈ ਹੈ | ਕਾਲਜ ਦੇ ਸਾਬਕਾ ਪਿ੍ੰਸੀਪਲ ਡਾ. ਕਸ਼ਮੀਰ ਸਿੰਘ ਨੇ ਵੀ ਆਪਣੀਆਂ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਡਾ. ਬਿਕਰਮਜੀਤ ਸਿੰਘ ਪਿਛਲੇ ਲਗਪਗ 33 ਸਾਲਾਂ ਤੋਂ ਆਪਣੀ ਅਣਥੱਕ ਮਿਹਨਤ, ਉੱਚ ਕਾਬਲੀਅਤ ਅਤੇ ਯੋਗ ਅਗਵਾਈ ਨਾਲ ਸਿੱਖਿਆ ਦੇ ਖੇਤਰ ਵਿਚ ਮਹੱਤਵਪੂਰਨ ਯੋਗਦਾਨ ਪਾਉਂਦੇ ਆ ਰਹੇ ਹਨ ਅਤੇ ਉਮੀਦ ਹੈ ਕਿ ਉਹ ਕਾਲਜ ਨੂੰ ਹੋਰ ਉੱਚਾਈਆਂ ਤੱਕ ਪਹੁੰਚਾਉਣਗੇ |