ਸਮਾਣਾ, 31 ਜੁਲਾਈ (ਸਾਹਿਬ ਸਿੰਘ)-ਬਾਰ ਐਸੋਸੀਏਸ਼ਨ ਸਮਾਣਾ ਦੇ ਆਮ ਇਜਲਾਸ ਨੇ ਮਾਮੂਲੀ ਸੋਧਾਂ ਤੋਂ ਬਾਅਦ ਬਾਰ ਦੇ ਸੰਵਿਧਾਨ ਦੇ ਖਰੜੇ ਨੂੰ ਅੰਤਿਮ ਪ੍ਰਵਾਨਗੀ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਬਾਰ ਦੀ ਸੰਵਿਧਾਨਕ ਕਮੇਟੀ ਨੇ ਚੇਅਰਮੈਨ ਕੁਲਵਿੰਦਰ ਸਿੰਘ ਗਲੌਲੀ ਦੀ ਅਗਵਾਈ ਵਿਚ ਸੰਵਿਧਾਨ ਦਾ ਖਰੜਾ ਬਾਰ ਮੈਂਬਰਾਂ ਨੂੰ ਦਿੱਤਾ ਸੀ। ਸ. ਗਲੌਲੀ ਤੋਂ ਇਲਾਵਾ ਸੁਰਿੰਦਰ ਸਿੰਘ ਰੰਧਾਵਾ, ਅਮਰਜੀਤ ਸਿੰਘ ਬਾਜਵਾ, ਭੁਪਿੰਦਰ ਸਿੰਘ ਚੀਮਾ, ਜਸਬੀਰ ਸਿੰਘ, ਸੁਰੇਸ਼ ਸ਼ਰਮਾ ਤੇ ਵਿਪਨ ਬਾਂਸਲ ਸੰਵਿਧਾਨਕ ਕਮੇਟੀ ਦੇ ਮੈਂਬਰ ਸਨ। ਕੁੱਝ ਮੈਂਬਰਾਂ ਵਲੋਂ ਦਿੱਤੇ ਇਤਰਾਜ਼ ਅਤੇ ਸੁਝਾਅ ਦੇ ਮੱਦੇਨਜ਼ਰ ਬਾਰ ਦੇ ਪ੍ਰਧਾਨ ਨਵਦੀਪ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਹੋਏ ਬਾਰ ਦੇ ਆਮ ਇਜਲਾਸ ਨੇ ਸੰਵਿਧਾਨਕ ਕਮੇਟੀ ਵਲੋਂ ਦਿੱਤੇ ਸੰਵਿਧਾਨ ਦੇ ਖਰੜੇ ’ਤੇ ਖੁੱਲ੍ਹ ਕੇ ਵਿਚਾਰ ਵਟਾਂਦਰਾ ਹੋਇਆ। ਇਜਲਾਸ ਨੇ ਸੰਵਿਧਾਨ ਦੇ ਖਰੜੇ ਨੂੰ ਮਾਮੂਲੀ ਸੋਧਾਂ ਨਾਲ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ ਹੈ। ਕਰੀਬ ਡੇਢ ਘੰਟਾ ਚੱਲੇ ਇਜਲਾਸ ਵਿਚ ਫ਼ੈਸਲਾ ਕੀਤਾ ਗਿਆ ਕਿ ਮੈਂਬਰ ਦਾ ਸਾਲਾਨਾ ਫ਼ੰਡ 1000 ਰੁਪਏ ਤੋਂ ਵਧਾ ਕੇ 1500 ਰੁਪਏ ਕਰ ਦਿੱਤਾ ਗਿਆ ਹੈ। ਸੰਵਿਧਾਨ ਵਿਚ ਇਹ ਵੀ ਮੱਦ ਦਰਜ ਹੈ ਕਿ ਨਿਯਮਤ ਤੌਰ ’ਤੇ ਅਦਾਲਤੀ ਕੰਮ ਕਰਨ ਵਾਲੇ ਨੂੰ ਹੀ ਵੋਟ ਦਾ ਅਧਿਕਾਰ ਹੋਵੇਗਾ। ਇਸ ਨਾਲ ਹੋਰ ਕਾਰੋਬਾਰ ਕਰਨ ਵਾਲੇ ਲਾਇਸੰਸਧਾਰਕ ਵਕੀਲ ਬਾਰ ਦੀ ਕਾਰਜਕਾਰਨੀ ਦੀ ਚੋਣ ’ਚ ਹਿੱਸਾ ਨਹੀਂ ਲੈ ਸਕਣਗੇ। ਨਵੇਂ ਮੈਂਬਰਾਂ ਨੂੰ ਵੀ ਵੋਟ ਦਾ ਅਧਿਕਾਰ ਇਕ ਸਾਲ ਬਾਅਦ ਮਿਲੇਗਾ। ਬਾਰ ਦੀ ਕਾਰਜਕਾਰਨੀ ਵਿਚ ਔਰਤ ਵਕੀਲਾਂ ਲਈ ਸੀਟਾਂ ਰਾਖਵੀਂਆਂ ਰੱਖਣ ਦੀ ਵਿਵਸਥਾ ਹੈ। ਆਮ ਇਜਲਾਸ ਵਿਚ ਬਾਰ ਦੇ ਸਾਰੇ ਸੀਨੀਅਰ ਮੈਂਬਰ ਵੀ ਮੌਜੂਦ ਸਨ।