ਫ਼ਤਹਿਗੜ੍ਹ ਸਾਹਿਬ, 2 ਮਈ (ਮਨਪ੍ਰੀਤ ਸਿੰਘ)-ਜ਼ਿਲ੍ਹਾ ਪ੍ਰਸ਼ਾਸਨ ਅਤੇ ਉਪ ਅਰਥ ਅਤੇ ਅੰਕੜਾ ਸਲਾਹਕਾਰ-ਕਮ ਵਧੀਕ ਜ਼ਿਲ੍ਹਾ ਸੈਂਸਜ਼ ਅਫ਼ਸਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਡਾ. ਅਰਵਿੰਦ ਪਾਲ ਸਿੰਘ ਵਲੋਂ ਆਪਣੇ ਅਧਿਕਾਰੀਆਂ, ਕਰਮਚਾਰੀਆਂ ਨੂੰ 2027 ਦੀ ਮਰਦਮਸ਼ੁਮਾਰੀ ਦੇ ਪਹਿਲੇ ਪੜਾਅ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ | ਸਿਵਲ ਸਰਜਨ ਡਾ. ਅਰਵਿੰਦ ਪਾਲ ਸਿੰਘ ਨੇ ਦੱਸਿਆ ਕਿ 30 ਅਪ੍ਰੈਲ ਤੋਂ 14 ਮਈ ਤੱਕ ਮਰਦਮਸ਼ੁਮਾਰੀ ਦੇ ਪਹਿਲੇ ਪੜਾਅ ਦੌਰਾਨ ਭਾਰਤ ਦਾ ਕੋਈ ਵੀ ਵਸਨੀਕ ਆਪਣੀ ਜਾਣਕਾਰੀ ਖ਼ੁਦ ਆਨਲਾਈਨ ਭਰ ਸਕਦਾ ਹੈ | ਇਹ ਜਾਣਕਾਰੀ ਕਿਵੇਂ ਭਰੀ ਜਾਵੇ ਬਾਰੇ ਉਨ੍ਹਾਂ ਦੱਸਦਿਆਂ ਕਿਹਾ ਕਿ ਅਧਿਕਾਰਕ ਪੋਰਟਲ ਤੇ ਜਾਓ, ਆਪਣੇ ਮੋਬਾਈਲ ਨੰਬਰ ਦੀ ਵਰਤੋਂ ਕਰਕੇ ਓ.ਟੀ.ਪੀ. ਰਾਹੀਂ ਲਾਗਇਨ ਕਰੋ, ਆਪਣੇ ਰਾਜ, ਜ਼ਿਲ੍ਹਾ ਅਤੇ ਸਥਾਨਕ ਵੇਰਵੇ ਚੁਣੋ, ਡਿਜੀਟਲ ਨਕਸ਼ੇ ਤੇ ਆਪਣੇ ਘਰ ਦੀ ਸਥਿਤੀ ਨੂੰ ਚਿੰਨਤ ਕਰੋ, ਘਰ ਅਤੇ ਪਰਿਵਾਰ ਨਾਲ ਸੰਬੰਧਿਤ ਜਾਣਕਾਰੀ ਭਰੋ, ਜਮਾ ਕਰਨ ਤੋਂ ਬਾਅਦ ਤੁਹਾਨੂੰ ਇਕ ਐਸ.ਈ-ਆਈ.ਡੀ ਪ੍ਰਾਪਤ ਹੋਵੇਗਾ | ਇਸ ਨੂੰ ਸੁਰੱਖਿਅਤ ਰੱਖੋ, ਗਿਣਤੀਕਾਰ ਜਾਣਕਾਰੀ ਦੀ ਪੁਸ਼ਟੀ ਕਰੇਗਾ | ਉਨ੍ਹਾਂ ਦੱਸਿਆ ਕਿ ਸਵੈ-ਗਣਨਾ ਇਕ ਵਿਸ਼ੇਸ਼ ਸਹੂਲਤ ਹੈ ਇਸ ਨਾਲ ਸਮੇਂ ਦੀ ਬੱਚਤ ਹੋਵੇਗੀ, ਸਹੀ ਜਾਣਕਾਰੀ ਮਿਲੇਗੀ, ਤੇਜ਼ ਡਾਟਾ ਪ੍ਰੋਸੈਸਿੰਗ ਵਿਚ ਫ਼ਾਇਦਾ ਹੋਵੇਗਾ, ਪਰ ਫਿਰ ਵੀ ਜੇਕਰ ਤੁਸੀਂ ਸਵੈ-ਗਣਨਾ ਵਿਚ ਅਸਮਰਥ ਹੋ ਤਾਂ ਚਿੰਤਾ ਨਾ ਕਰੋ, ਇਕ ਗਿਣਤੀਕਾਰ ਜਾਣਕਾਰੀ ਦਰਜ ਕਰਨ ਲਈ ਨਿਰਧਾਰ ਸਮੇਂ ਦੌਰਾਨ ਤੁਹਾਡੇ ਘਰ ਜ਼ਰੂਰ ਆਵੇਗਾ | ਉਨ੍ਹਾਂ ਕਿਹਾ ਕਿ ਤੁਹਾਡੀ ਸਾਰੀ ਜਾਣਕਾਰੀ ਪੂਰੀ ਤਰ੍ਹਾਂ ਗੁਪਤ ਅਤੇ ਸੁਰੱਖਿਅਤ ਰਹੇਗੀ | ਉਨ੍ਹਾਂ ਕਰਮਚਾਰੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਆਓ ਆਪਣੀ ਜ਼ਿੰਮੇਵਾਰੀ ਨਿਭਾਈਏ ਅਤੇ ਜਨਗਣਾਂ ਵਿਚ ਹਿੱਸਾ ਪਾਈਏ | ਇਸ ਮੌਕੇ ਤੇ ਸਹਾਇਕ ਸਿਵਲ ਸਰਜਨ ਡਾ. ਕੰਵਲਦੀਪ ਸਿੰਘ, ਡਿਪਟੀ ਮੈਡੀਕਲ ਕਮਿਸ਼ਨ ਡਾ. ਸਰਿਤਾ, ਡੀ.ਪੀ.ਐਮ. ਡਾ. ਕਸੀਤਿਜ ਸੀਮਾ, ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਬਲਜਿੰਦਰ ਸਿੰਘ, ਜਸਵਿੰਦਰ ਕੌਰ, ਅਮਨਪ੍ਰੀਤ ਸਿੰਘ, ਸੁਪਰਡੈਂਟ ਲੇਖਾ ਤਰਲੋਚਨ ਸਿੰਘ, ਅਲੋਕ ਗੁਪਤਾ, ਸਟੈਨੋ ਬਲਜੀਤ ਕੌਰ, ਪਰਮਜੀਤ ਕੌਰ, ਰੇਖਾ ਰਾਣੀ, ਇਲਾਵਾ ਹੋਰ ਅਧਿਕਾਰੀ ਕਰਮਚਾਰੀ ਹਾਜ਼ਰ ਸਨ ¢