ਅਮਲੋਹ, 2 ਮਈ (ਕੇਵਲ ਸਿੰਘ)-ਅਮਲੋਹ ਪਬਲਿਕ ਸਕੂਲ ਵਿਖੇ ਫਾਊਾਡਰ ਡੇਅ ਅਤੇ ਸਾਲਾਨਾ ਇਨਾਮ ਵੰਡ ਸਮਾਰੋਹ ਬੜੀ ਧੂਮਧਾਮ ਨਾਲ ਮਨਾਇਆ ਗਿਆ | ਸਮਾਗਮ ਵਿਚ ਕੌਂਸਲਰ ਲਵਪ੍ਰੀਤ ਸਿੰਘ, ਸੰਦੀਪ ਸਿੰਘ ਅਤੇ ਕੌਂਸਲਰ ਜਗਤਾਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਇਸ ਮੌਕੇ ਸ੍ਰੀ ਸ਼ੀਤਲਾ ਮਾਤਾ ਵੈੱਲਫੇਅਰ ਟਰੱਸਟ ਦੇ ਚੇਅਰਮੈਨ ਵਿਨੈ ਪੁਰੀ ਅਤੇ ਡਾ. ਗੋਇਲ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ | ਇਸ ਮੌਕੇ ਮੈਰਿਟ ਸੂਚੀ ਵਿਚ ਸਥਾਨ ਹਾਸਲ ਕਰਨ ਵਾਲੇ ਹੋਣਹਾਰ ਵਿਦਿਆਰਥੀ ਪ੍ਰਭਜੋਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ | ਸਕੂਲ ਦੀ ਪਿ੍ੰਸੀਪਲ ਮੀਨਾ ਗੋਇਲ, ਡਾ. ਸੁਸ਼ੀਲ ਗੋਇਲ ਨੇ ਉਸ ਦੀ ਪ੍ਰਾਪਤੀ 'ਤੇ ਖ਼ੁਸ਼ੀ ਜਿਤਾਈ ਅਤੇ ਹੋਰ ਵਿਦਿਆਰਥੀਆਂ ਨੂੰ ਵੀ ਪ੍ਰੇਰਨਾ ਲੈਣ ਲਈ ਕਿਹਾ | ਉਨ੍ਹਾਂ ਨੇ ਸਕੂਲ ਦੇ ਮਿਹਨਤੀ ਸਟਾਫ਼ ਦੀ ਸਰਾਹਨਾ ਕਰਦਿਆਂ ਕਿਹਾ ਕਿ ਅਧਿਆਪਕਾਂ ਦੀ ਲਗਨ ਨਾਲ ਹੀ ਸਕੂਲ ਲਗਾਤਾਰ ਸਫਲਤਾਵਾਂ ਹਾਸਲ ਕਰ ਰਿਹਾ ਹੈ | ਸੱਭਿਆਚਾਰਕ ਪ੍ਰੋਗਰਾਮ ਦੌਰਾਨ ਪ੍ਰਾਇਮਰੀ ਕਲਾਸ ਦੇ ਬੱਚਿਆਂ ਵਲੋਂ ਮਾਤਾ-ਪਿਤਾ ਨੂੰ ਸਮਰਪਿਤ ਪੇਸ਼ਕਾਰੀ ਨੇ ਸਭ ਦਾ ਮਨ ਮੋਹ ਲਿਆ | ਇਸ ਤੋਂ ਇਲਾਵਾ ਨੌਵੀਂ ਜਮਾਤ ਦੀਆਂ ਵਿਦਿਆਰਥਣਾਂ ਦਾ ਪੰਜਾਬੀ ਨਾਚ ਅਤੇ ਚੌਥੀ-ਪੰਜਵੀਂ ਜਮਾਤ ਦੀਆਂ ਬੱਚੀਆਂ ਦਾ ਗਿੱਧਾ ਖ਼ਾਸ ਆਕਰਸ਼ਨ ਰਹੇ | ਅੰਤ ਵਿਚ ਮਹਿਮਾਨਾਂ ਨੇ ਸਕੂਲ ਪ੍ਰਬੰਧਕਾਂ ਅਤੇ ਪਿ੍ੰਸੀਪਲ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ |