ਫ਼ਤਹਿਗੜ੍ਹ ਸਾਹਿਬ, 2 ਮਈ (ਬਲਜਿੰਦਰ ਸਿੰਘ)-ਆਮ ਆਦਮੀ ਪਾਰਟੀ ਵਲੋਂ ਚੋਣਾਂ ਵਿਚ ਧਾਂਧਲੀ ਕਰਨ ਦੇ ਇਰਾਦੇ ਨਾਲ ਐਸ.ਡੀ.ਐਮ. ਦਫ਼ਤਰ ਵਿਚ ਛੁੱਟੀ ਦੇ ਦਿਨ ਆਪਣੇ ਕਾਰਕੁਨਾਂ ਨੂੰ ਭੇਜ ਕੇ ਲੋਕਤੰਤਰ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ | ਇਹ ਗੰਭੀਰ ਕਥੀਤ ਦੋਸ਼ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਕਰਤਾਰ ਕੰਪਲੈਕਸ ਵਿਖੇ ਕੀਤੀ ਇਕ ਪੈੱ੍ਰਸ ਕਾਨਫ਼ਰੰਸ ਦੌਰਾਨ ਲਗਾਏ | ਉਨ੍ਹਾਂ ਦੱਸਿਆ ਕਿ ਵੋਟਰ ਸੂਚੀਆਂ ਵਿਚ ਖ਼ਾਮੀਆਂ ਸਬੰਧੀ ਇਤਰਾਜ਼ ਦਰਜ ਕਰਨ ਦੀ ਆਖ਼ਰੀ ਮਿਤੀ 30 ਅਪ੍ਰੈਲ ਸੀ | ਇਸ ਤੋਂ ਬਾਅਦ ਕੋਈ ਵੀ ਪਾਰਟੀ ਦਾ ਨੁਮਾਇੰਦਾ ਜਾਂ ਉਮੀਦਵਾਰ ਨਾ ਤਾਂ ਵੋਟਰ ਸੂਚੀਆਂ ਨਾਲ ਛੇੜਛਾੜ ਕਰ ਸਕਦਾ ਹੈ ਅਤੇ ਨਾ ਹੀ ਉਸ ਪ੍ਰਕਿਰਿਆ ਨਾਲ ਜੁੜੇ ਦਫ਼ਤਰ ਦੇ ਦਾਇਰੇ ਵਿਚ ਦਾਖਲ ਹੋ ਸਕਦਾ ਹੈ | ਪਰ ਇਸ ਦੇ ਬਾਵਜੂਦ 'ਆਪ' ਦੇ ਕੁਝ ਕਾਰਕੁਨਾਂ ਵਲੋਂ 1 ਮਈ, ਜੋ ਕਿ ਸਰਕਾਰੀ ਛੁੱਟੀ ਦਾ ਦਿਨ ਸੀ, ਐਸ.ਡੀ.ਐਮ. ਦਫ਼ਤਰ ਵਿਚ ਦਾਖਲ ਹੋ ਕੇ ਬਾਹਰੋਂ ਤਾਲੇ ਲਗਾ ਕੇ ਅੰਦਰ ਵੋਟਰ ਸੂਚੀਆਂ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਗਈ | ਨਾਗਰਾ ਨੇ ਕਿਹਾ ਕਿ ਜਿਵੇਂ ਹੀ ਉਨ੍ਹਾਂ ਨੂੰ ਇਸ ਮਾਮਲੇ ਦੀ ਜਾਣਕਾਰੀ ਮਿਲੀ, ਉਨ੍ਹਾਂ ਨੇ ਤੁਰੰਤ ਜ਼ਿਲ੍ਹਾ ਡਿਪਟੀ ਕਮਿਸ਼ਨਰ ਫਤਹਿਗੜ੍ਹ ਸਾਹਿਬ ਅਤੇ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ | ਇਸ ਦੇ ਨਾਲ ਹੀ ਉਨ੍ਹਾਂ ਨੇ ਕਾਂਗਰਸ ਪਾਰਟੀ ਦੇ ਸਥਾਨਕ ਆਗੂਆਂ ਨੂੰ ਮੌਕੇ 'ਤੇ ਭੇਜਿਆ | ਉਨ੍ਹਾਂ ਦੇ ਅਨੁਸਾਰ ਮੌਕੇ 'ਤੇ ਪਹੁੰਚੇ ਆਗੂਆਂ ਨੇ ਅੱਖੀਂ ਦੇਖਿਆ ਕਿ ਕੁਝ ਲੋਕ ਦਫ਼ਤਰ ਨੂੰ ਬਾਹਰੋਂ ਤਾਲਾ ਲਗਾ ਕੇ ਅੰਦਰ ਸ਼ੱਕੀ ਗਤੀਵਿਧੀਆਂ ਵਿਚ ਲੱਗੇ ਹੋਏ ਸਨ | ਨਾਗਰਾ ਨੇ ਕਿਹਾ ਕਿ ਜੇ ਸਰਕਾਰ ਨੇ ਪਹਿਲਾਂ ਹੀ ਲੋਕਾਂ ਦੇ ਕੰਮ ਇਮਾਨਦਾਰੀ ਨਾਲ ਕੀਤੇ ਹੁੰਦੇ ਤਾਂ ਚੋਣਾਂ ਵਿਚ ਅਜਿਹੀਆਂ ਗ਼ੈਰਕਾਨੂੰਨੀ ਹਰਕਤਾਂ ਕਰਨ ਦੀ ਲੋੜ ਨਾ ਪੈਂਦੀ | ਉਨ੍ਹਾਂ ਨੇ ਦੋਸ਼ ਲਗਾਇਆ ਕਿ ਸੱਤਾਧਾਰੀ ਪਾਰਟੀ ਦੇ ਉਮੀਦਵਾਰ ਅਤੇ ਵਰਕਰ ਘਬਰਾਹਟ ਵਿਚ ਆ ਕੇ ਅਜਿਹੀਆਂ ਗ਼ਲਤ ਹਰਕਤਾਂ ਕਰਨ 'ਤੇ ਉਤਰ ਆਏ ਹਨ, ਜਿਸ ਨੂੰ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਅੰਤ ਵਿਚ ਨਾਗਰਾ ਨੇ ਚੇਤਾਵਨੀ ਦਿੱਤੀ ਕਿ ਜੇਕਰ ਕਿਸੇ ਵੀ ਅਧਿਕਾਰੀ ਵਲੋਂ ਸੱਤਾਧਾਰੀ ਪਾਰਟੀ ਦਾ ਸਾਥ ਦੇਣ ਦੀ ਕੋਸ਼ਿਸ਼ ਕੀਤੀ ਗਈ, ਤਾਂ ਉਹ ਇਸ ਮਾਮਲੇ ਨੂੰ ਕਾਨੂੰਨੀ ਤੌਰ 'ਤੇ ਮਾਨਯੋਗ ਅਦਾਲਤ ਵਿਚ ਚੁਨੌਤੀ ਦੇਣਗੇ ਅਤੇ ਸਬੰਧਿਤ ਅਧਿਕਾਰੀਆਂ ਨੂੰ ਵੀ ਪਾਰਟੀ ਬਣਾਉਣ ਲਈ ਮਜਬੂਰ ਕੀਤਾ ਜਾਵੇਗਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਪ੍ਰਧਾਨ ਅਸ਼ੋਕ ਸੂਦ, ਸਾਬਕਾ ਕੌਂਸਲਰ ਗੁਲਸ਼ਨ ਰਾਏ ਬੌਬੀ, ਜਗਜੀਤ ਸਿੰਘ ਕੋਕੀ, ਨਰਿੰਦਰ ਕੁਮਾਰ ਪਿ੍ੰਸ ਅਤੇ ਅਮਰਦੀਪ ਸਿੰਘ ਬੈਨੀਪਾਲ, ਬਲਾਕ ਪ੍ਰਧਾਨ ਗੁਰਮੁੱਖ ਸਿੰਘ ਪੰਡਰਾਲੀ, ਸਾਬਕਾ ਸਰਪੰਚ ਦਵਿੰਦਰ ਸਿੰਘ ਜੱਲ੍ਹਾ ਆਦਿ ਹਾਜ਼ਰ ਸਨ |