ਰਾਜਪੁਰਾ, 4 ਮਈ (ਰਣਜੀਤ ਸਿੰਘ)-ਇੱਥੋਂ ਦੇ ਪੰਜਾਬ ਇੰਸਟੀਚਿਊਟ ਆਫ਼ ਟੈਕਨਾਲੋਜੀ ਵਿਖੇ ਜਨਗਣਨਾ ਸਟਾਫ਼ ਦੀ ਰਿਹਰਸਲ ਉਸ ਵਕਤ ਵਿਵਾਦਾਂ ਦੇ ਘੇਰੇ ਵਿਚ ਆ ਗਈ ਜਦੋਂ ਡਿਊਟੀ ਨਿਭਾ ਰਹੇ ਸਟਾਫ਼ ਲਈ ਪ੍ਰਸ਼ਾਸਨ ਵੱਲੋਂ ਲੰਚ (ਦੁਪਹਿਰ ਦਾ ਖਾਣਾ) ਦਾ ਕੋਈ ਪੁਖ਼ਤਾ ਪ੍ਰਬੰਧ ਨਹੀਂ ਕੀਤਾ ਗਿਆ | ਇਸ ਗੱਲ ਨੂੰ ਲੈ ਕੇ ਸਟਾਫ਼ ਜਿਨ੍ਹਾਂ ਵਿਚ ਜ਼ਿਆਦਾਤਰ ਔਰਤਾਂ ਸਨ ਉਨ੍ਹਾਂ ਨੂੰ ਭੁੱਖਣ ਭਾਣੇ ਕੰਮ ਕਰਨ ਲਈ ਮਜਬੂਰ ਹੋਣਾ ਪਿਆ ਅਤੇ ਉਹ ਭੁੱਖ ਕਾਰਨ ਕੰਮ ਵਿਚੇ ਹੀ ਛੱਡ ਕੇ ਚਲੇ ਗਏ | ਜਨਗਣਨਾ ਵਰਗੇ ਅਹਿਮ ਕੰਮ ਲਈ ਤਾਇਨਾਤ ਕੀਤੇ ਗਏ ਸਟਾਫ਼ ਲਈ ਖਾਣੇ ਅਤੇ ਪੀਣ ਵਾਲੇ ਪਾਣੀ ਦਾ ਉਚਿੱਤ ਪ੍ਰਬੰਧ ਨਾ ਹੋਣ ਕਾਰਨ ਮਾਮਲਾ ਵਿਵਾਦਾਂ ਦੇ ਘੇਰੇ ਵਿਚ ਆ ਗਿਆ ਹੈ | ਜਨਗਣਨਾ ਵਰਗੇ ਮਹੱਤਵਪੂਰਨ ਕੰਮ ਨੂੰ ਸਰਕਾਰ ਸਮੇਂ ਸਿਰ ਮੁਕੰਮਲ ਕਰਨ ਅਤੇ ਪਾਰਦਰਸ਼ੀ ਢੰਗ ਨਾਲ ਕਰਨ ਦੇ ਦਾਅਵੇ ਕਰ ਰਹੀ ਹੈ | ਪਰ ਦੂਜੇ ਬੰਨੇ ਮੁਲਾਜ਼ਮਾਂ ਨੂੰ ਬੁਨਿਆਦੀ ਸਹੂਲਤਾਂ ਤੋਂ ਵੀ ਵਾਂਝੇ ਰੱਖਿਆ ਜਾ ਰਿਹਾ ਹੈ | ਮਹਿਲਾ ਸਟਾਫ਼ ਲਈ ਭੁੱਖੇ ਰਹਿ ਕੇ ਇਕਾਗਰਤਾ ਨਾਲ ਕੰਮ ਕਰਨਾ ਕਾਫੀ ਔਖਾ ਹੈ | ਸਟਾਫ਼ ਇਸ ਵਿਚ ਫ਼ੀਲਡ ਸਟਾਫ਼ ਸਮੇਤ ਚਾਰ ਦਰਜਨ ਅਧਿਆਪਕ ਆਂਗਣਵਾੜੀ ਅਤੇ ਹੋਰ ਮੁਲਾਜ਼ਮ ਟਰੇਨਿੰਗ ਲੈ ਰਹੇ ਸਨ | ਟਰੇਨਿੰਗ ਲੈ ਰਹੇ ਸਟਾਫ਼ ਦੇ ਮੈਂਬਰ ਲੰਚ ਨਾ ਮਿਲਣ ਦਾ ਇਲਜ਼ਾਮ ਲਾਉਂਦੇ ਹੋਏ ਸਮੇਂ ਤੋਂ ਪਹਿਲਾਂ ਹੀ ਦੁਪਹਿਰ ਤੋਂ ਬਾਅਦ ਚਲੇ ਗਏ, ਜਦ ਕਿ ਫ਼ੀਲਡ ਸਟਾਫ਼ ਦੇ ਦੋ ਮੈਂਬਰ ਹੀ ਮੌਕੇ 'ਤੇ ਮੌਜੂਦ ਸਨ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਫ਼ੀਲਡ ਟਰੇਨਰ ਜਸਪਾਲ ਸਿੰਘ ਅਤੇ ਪਰਮਜੀਤ ਸਿੰਘ ਨੇ ਦੱਸਿਆ ਕਿ ਇਸ ਕਾਲਜ ਵਿਚ ਚਾਰ ਦਰਜਨ ਦੇ ਕਰੀਬ ਅਧਿਆਪਕ, ਆਂਗਣਵਾੜੀ ਮੁਲਾਜ਼ਮ ਜਨਗਣਨਾ ਸੰਬੰਧੀ ਟਰੇਨਿੰਗ ਹਾਸਲ ਕਰ ਰਹੇ ਹਨ | ਉਨ੍ਹਾਂ ਨੇ ਦੱਸਿਆ ਕਿ ਅੱਜ ਟਰੇਨਿੰਗ ਲਾ ਰਹੇ ਮੁਲਾਜ਼ਮਾਂ ਜਿਨ੍ਹਾਂ ਵਿਚ ਜ਼ਿਆਦਾਤਰ ਔਰਤਾਂ ਸਨ ਉਨ੍ਹਾਂ ਨੇ ਇਲਜ਼ਾਮ ਲਾਇਆ ਕਿ ਉਹ ਸਵੇਰ ਦੇ ਭੁੱਖੇ ਬੈਠੇ ਹਨ | ਉਨ੍ਹਾਂ ਦੀ ਗਿਣਤੀ ਤਾਂ ਕੁੱਲ ਮਿਲਾ ਕੇ 50 ਦੇ ਨੇੜੇ ਤੇੇੜੇ ਸੀ ਪਰ ਦੁਪਹਿਰ ਦਾ ਖਾਣਾ ਮਸਾਂ ਹੀ ਡੇਢ ਦਰਜਨ ਵਿਅਕਤੀਆਂ ਲਈ ਆਇਆ ਸੀ | ਉਹ ਵੀ ਦੋ ਸ਼ਿਫ਼ਟਾਂ ਵਿਚ ਆਇਆ ਸੀ ,ਇਸ ਕਾਰਨ ਜ਼ਿਆਦਾਤਰ ਔਰਤ ਸਟਾਫ਼ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਵਿਚੋਂ ਕਈ ਦਵਾਈ ਖਾ ਰਹੀਆਂ ਹਨ ਪਰ ਉਨ੍ਹਾਂ ਨੂੰ ਇਸ ਦੇ ਬਾਵਜੂਦ ਦੁਪਹਿਰ ਦਾ ਖਾਣਾ ਨਹੀਂ ਮਿਲਿਆ | ਉਹ ਮੌਕੇ ਤੋਂ ਚਲੇ ਗਏ ਸਨ | ਜਦੋਂ ਪੱਤਰਕਾਰਾਂ ਦੀ ਟੀਮ ਨੇ ਮੌਕੇ 'ਤੇ ਦੌਰਾ ਕੀਤਾ ਤਾਂ ਜਿਸ ਹਾਲ ਵਿਚ ਟਰੇਨਿੰਗ ਹੋ ਰਹੀ ਸੀ ਉਥੇ ਨਾ ਲਾਈਟ ਸੀ ਤੇ ਪਾਣੀ ਦੇ ਪ੍ਰਬੰਧ ਵੀ ਢਿੱਲੇ ਦੱਸੇ ਗਏ ਸਨ |