ਖਮਾਣੋਂ, 4 ਮਈ (ਮਨਮੋਹਣ ਸਿੰਘ ਕਲੇਰ)-ਕੋਆਪ੍ਰ੍ਰ੍ਰੇਟਿਵ ਸੁਸਾਇਟੀਆਂ ਰਾਹੀਂ ਕਿਸਾਨਾਂ ਨੂੰ ਦਿੱਤੇ ਜਾ ਰਹੇ ਹੱਦ ਕਰਜ਼ੇ, ਜੋ ਕਿ ਸਰਕਾਰ ਵਲੋਂ ਨਵੇਂ ਸਕੇਲ ਆਫ਼ ਫਾਈਨਾਂਸ ਦਿੱਤੇ ਜਾਣੇ ਚਾਹੀਦੇ ਹਨ | ਉਹ ਕੋਆਪ੍ਰੇਟਿਵ ਸੁਸਾਇਟੀਆਂ ਵਲੋਂ ਕਿਸਾਨਾਂ ਨੂੰ ਨਹੀਂ ਦਿੱਤੇ ਜਾ ਰਹੇ | ਜਿਸ ਨਾਲ ਪਹਿਲਾਂ ਹੀ ਆਰਥਿਕ ਤੌਰ 'ਤੇ ਪਛੜ ਚੁੱਕੀ ਕਿਸਾਨੀ ਲਈ ਅਤਿਅੰਤ ਮੰਦਭਾਗਾ ਹੈ | ਇਹ ਸ਼ਬਦ ਦਵਿੰਦਰ ਸਿੰਘ ਮਾਜਰੀ ਸਮਾਜਿਕ ਕਾਰਕੁਨ ਸਰਗਰਮ ਕਿਸਾਨ ਆਗੂ ਨੇ ਕਹਿੰਦਿਆਂ ਕਿਹਾ ਕਿ ਜਦੋਂ ਸਰਕਾਰ ਵਲੋਂ ਉਕਤ ਸਕੇਲ ਜਾਰੀ ਕਰਨ ਲਈ ਬਾਕਾਇਦਾ ਅਧਿਕਾਰਤ ਪੱਤਰ ਜਾਰੀ ਹੋ ਚੁੱਕਾ ਹੈ | ਪ੍ਰੰਤੂ ਕੋਆਪ੍ਰੇਟਿਵ ਵਿਭਾਗ ਨਾਲ ਜੁੜੇ ਅਧਿਕਾਰੀ ਇਸ ਪੱਤਰ ਨੂੰ ਮੰਨਣ ਤੋਂ ਇਨਕਾਰੀ ਹੋਣ ਕਰਕੇ ਕਿਸਾਨਾਂ ਨੂੰ ਵੱਡਾ ਵਿੱਤੀ ਨੁਕਸਾਨ ਝੱਲਣਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸ ਨਵੇਂ ਸਕੇਲ ਆਫ਼ ਫਾਈਨਾਂਸ ਦੇ ਲਾਗੂ ਹੋਣ ਕਾਰਨ ਕਿਸਾਨਾਂ ਨੂੰ ਮਹਿੰਗਾਈ ਭਰੇ ਸਮੇਂ ਕਾਫ਼ੀ ਲਾਭ ਹੋਣਾ ਯਕੀਨੀ ਹੈ ਕਿਉਂਕਿ ਜਦੋਂ ਮਹਿੰਗਾਈ ਵੱਧ ਗਈ ਤਾਂ ਬੀਜ, ਤੇਲ, ਖਾਦ, ਸਪਰੇਅ ਆਦਿ ਦੇ ਭਾਅ ਕਾਫ਼ੀ ਵੱਧ ਗਏ ਹਨ | ਜਿਸ ਕਰਕੇ ਪੁਰਾਣੇ ਸਕੇਲ ਆਫ਼ ਫਾਈਨਾਂਸ ਨਾਲ ਕਿਸਾਨਾਂ ਨੂੰ ਅਜਿਹੇ 'ਚ ਉਕਤ ਵਸਤੂਆਂ ਦੀ ਖ਼ਰੀਦ ਕਰਨ ਲਈ ਮੁਸ਼ਕਿਲ ਪੇਸ਼ ਆ ਰਹੀ ਹੈ | ਉਨ੍ਹਾਂ ਸਰਕਾਰ ਤੋਂ ਤੁਰੰਤ ਪ੍ਰਭਾਵ ਨਾਲ ਇਹ ਨਵੇਂ ਸਕੇਲ ਲਾਗੂ ਕਰਵਾ ਕੇ ਕਿਸਾਨਾਂ ਨੂੰ ਰਾਹਤ ਦੇਣ ਦੀ ਮੰਗ ਕੀਤੀ ਹੈ |