ਖਮਾਣੋਂ, 11 ਮਈ (ਜੋਗਿੰਦਰ ਪਾਲ)-ਨਗਰ ਪੰਚਾਇਤ ਖਮਾਣੋਂ ਦੇ ਕਰਮਚਾਰੀਆਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਸ਼ੁਰੂ ਕੀਤੀ ਹੜਤਾਲ ਨਿਰੰਤਰ ਜਾਰੀ ਹੈ | ਇਸ ਸਬੰਧੀ ਯੂਨੀਅਨ ਦੀ ਅਹੁਦੇਦਾਰ ਮਨਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੀਆਂ ਕਾਫ਼ੀ ਸਮੇਂ ਤੋਂ ਲਟਕਦੀਆਂ ਮੰਗਾਂ ਵੱਲ ਸਰਕਾਰ ਬਿਲਕੁਲ ਵੀ ਧਿਆਨ ਨਹੀਂ ਦੇ ਰਹੀ | ਉਨ੍ਹਾਂ ਦੱਸਿਆ ਕਿ ਸਾਡੀਆਂ ਮੰਗਾਂ, ਜਿਵੇਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ, ਠੇਕੇਦਾਰੀ ਸਿਸਟਮ ਬੰਦ ਕਰਨਾ ਤੇ ਪੁਰਾਣੀ ਪੈਨਸ਼ਨ ਬਹਾਲ ਕਰਨਾ ਆਦਿ ਮੰਗਾਂ ਨੂੰ ਲੈ ਕੇ ਸਫ਼ਾਈ ਕਰਮਚਾਰੀ ਅਤੇ ਨਗਰ ਪੰਚਾਇਤ ਖਮਾਣੋਂ ਦੇ ਡਰਾਈਵਰਾਂ ਨੇ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕੀਤੀ ਹੋਈ ਹੈ, ਜੋ 6 ਮਈ ਤੋਂ ਨਿਰੰਤਰ ਜਾਰੀ ਹੈ, ਉਨ੍ਹਾਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਵੱਲ ਸਬੰਧਿਤ ਵਿਭਾਗ ਧਿਆਨ ਨਹੀਂ ਦਿੰਦਾ, ਉਦੋਂ ਤੱਕ ਹੜਤਾਲ ਜਾਰੀ ਰਹੇਗੀ | ਉਨ੍ਹਾਂ ਦੱਸਿਆ ਕਿ ਉਹ ਸ਼ਹਿਰ ਅੰਦਰ ਕੋਈ ਵੀ ਸਫ਼ਾਈ ਨਾਲ ਸਬੰਧਿਤ ਕੰਮ ਉਦੋਂ ਤੱਕ ਨਹੀਂ ਕਰਨਗੇ, ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਨਿਲ ਕੁਮਾਰ, ਖਮਾਣੋਂ ਯੂਨੀਅਨ ਦੇ ਪ੍ਰਧਾਨ ਮੰਗਤ ਰਾਮ, ਮਨਜੀਤ ਕੌਰ, ਰਜਨੀ, ਜਸਵੀਰ ਕੌਰ, ਮਨਦੀਪ ਕੌਰ, ਪਰਮਜੀਤ ਕੌਰ, ਧਰਮ ਕੌਰ, ਸੁਖਜੀਤ ਕੌਰ, ਜਸਬੀਰ ਸਿੰਘ, ਸੁਸ਼ੀਲ ਕੁਮਾਰ, ਸਤਨਾਮ ਸਿੰਘ, ਜਸਪ੍ਰੀਤ ਸਿੰਘ ਜੱਸੀ, ਕੁਲਵੀਰ ਸਿੰਘ, ਗੁਰਚਰਨ ਸਿੰਘ, ਰਵੀ, ਵਰਿੰਦਰ ਸਿੰਘ ਤੇ ਦਿਲਵਰ ਸਿੰਘ ਆਦਿ ਤੋਂ ਇਲਾਵਾ ਹੋਰ ਸਫ਼ਾਈ ਕਰਮਚਾਰੀ ਹਾਜ਼ਰ ਸਨ |