ਫ਼ਤਹਿਗੜ੍ਹ ਸਾਹਿਬ, 11 ਮਈ (ਬਲਜਿੰਦਰ ਸਿੰਘ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਸਤਬੀਰ ਸਿੰਘ ਗਡਹੇੜਾ ਦੀ ਅਗਵਾਈ ਹੇਠ ਕਿਸਾਨ ਆਗੂਆਂ ਵਲੋਂ ਉਲੀਕੇ ਸੰਘਰਸ਼ ਪ੍ਰੋਗਰਾਮ ਤਹਿਤ ਆਪਣੀਆਂ ਮੰਗਾਂ ਨੂੰ ਲੈ ਕੇ ਕੋਆਪ੍ਰੇਟਿਵ ਬੈਂਕ ਦੇ ਬਾਹਰ ਜ਼ੋਰਦਾਰ ਰੋਸ ਵਿਖਾਵਾ ਕੀਤਾ ਗਿਆ ਉਪਰੰਤ ਭਾਕਿਯੂ ਕਾਦੀਆਂ ਦੇ ਆਗੂਆਂ ਵਲੋਂ ਜ਼ਿਲ੍ਹਾ ਮੈਨੇਜਰ ਦੀ ਸੈਂਟਰਲ ਕੋਆਪਰੇਟਿਵ ਬੈਂਕ ਲਿਮਟਿਡ ਰਾਹੀਂ ਮੁੱਖ ਮੰਤਰੀ ਦੇ ਨਾਂਅ ਜ਼ਿਲ੍ਹਾ ਪ੍ਰਬੰਧਕ ਦਵਿੰਦਰ ਪਾਲ ਸਿੰਘ ਢਿੱਲੋਂ ਨੂੰ ਇਕ ਮੰਗ ਪੱਤਰ ਸੌਂਪਿਆ ਗਿਆ | ਜਾਣਕਾਰੀ ਦਿੰਦਿਆਂ ਭਾਕਿਯੂ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਸਤਬੀਰ ਸਿੰਘ ਗਡਹੇੜਾ, ਸੂਬਾ ਵਿੱਤ ਸਕੱਤਰ ਸਰਬਜੀਤ ਸਿੰਘ ਅਮਰਾਲਾ ਨੇ ਦੱਸਿਆ ਕਿ ਸਰਕਾਰ ਵਲੋਂ ਪਿਛਲੇ ਮਹੀਨੇ ਮੌਜੂਦਾ ਹਾਲਾਤਾਂ ਅਨੁਸਾਰ ਮਹਿੰਗਾਈ ਨੂੰ ਧਿਆਨ ਵਿਚ ਰੱਖਦੇ ਹੋਏ ਕੋਆਪਰੇਟਿਵ ਸੁਸਾਇਟੀਆਂ ਨਾਲ ਜੁੜੇ ਕਿਸਾਨਾਂ ਲਈ ਪ੍ਰਤੀ ਏਕੜ ਜੋ ਹੱਦ ਕਰਜ਼ੇ ਦੀ ਰਾਸ਼ੀ ਵਿਚ ਵਾਧਾ ਕੀਤਾ ਗਿਆ ਸੀ, ਉਹ ਇਕ ਸ਼ਲਾਘਾਯੋਗ ਉਪਰਾਲਾ ਸੀ, ਪ੍ਰੰਤੂ ਕੁਝ ਸਮੇਂ ਬਾਅਦ ਹੀ ਇਸ ਵਾਧੇ ਨੂੰ ਵਾਪਸ ਲੈਣ ਨਾਲ ਕਿਸਾਨਾਂ ਲਈ ਇਕ ਮੰਦਭਾਗਾ ਵਰਤਾਰਾ ਹੋ ਨਿੱਬੜਿਆ ਹੈ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਵਾਧੇ ਨੂੰ ਦੁਬਾਰਾ ਲਾਗੂ ਕਰਕੇ ਕਿਸਾਨਾਂ ਨਾਲ ਕੋਆਪਰੇਟਿਵ ਸੁਸਾਇਟੀਆਂ ਅਤੇ ਕੋਆਪਰੇਟਿਵ ਬੈਂਕਾਂ ਨਾਲ ਲੈਣ ਦੇਣ ਤੁਰੰਤ ਚਾਲੂ ਕਰਵਾਇਆ ਜਾਵੇ | ਕਿਸਾਨਾਂ ਵਲੋਂ ਖਾਦ ਲੈਣ ਸਮੇਂ ਕੋਆਪਰੇਟਿਵ ਸੁਸਾਇਟੀਆਂ ਦੁਆਰਾ ਖਾਦਾਂ ਦੇ ਨਾਲ ਬੇਲੋੜਾ ਸਮਾਨ ਜਿਵੇਂ ਕਿ ਨੈਨੋ ਯੂਰੀਆ ਜਬਰੀ ਥੋਪਣਾ ਤੁਰੰਤ ਬੰਦ ਕੀਤਾ ਜਾਵੇ | ਪ੍ਰਾਇਮਰੀ ਖੇਤੀਬਾੜੀ ਵਿਕਾਸ ਬੈਂਕਾਂ ਨਾਲ ਜੁੜੇ ਅਤੇ ਪਿਛਲੇ ਲੰਬੇ ਸਮੇਂ ਤੋਂ ਡਿਫਾਲਟਰ ਚੱਲ ਰਹੇ ਕਿਸਾਨਾਂ ਲਈ ਕਮਰਸ਼ੀਅਲ ਬੈਂਕਾਂ ਦੀ ਤਰਜ਼ ਤੇ ਵਨ ਟਾਈਮ ਸੈਟਲਮੈਂਟ ਦੀ ਸੁਵਿਧਾ ਦੇ ਕੇ ਕਿਸਾਨਾਂ ਨੂੰ ਫ਼ੌਰੀ ਰਾਹ ਦਿੱਤੀ ਜਾਵੇ | ਉਨ੍ਹਾਂ ਉਮੀਦ ਪ੍ਰਗਟਾਈ ਕਿ ਪੰਜਾਬ ਸਰਕਾਰ ਵਲੋਂ ਉਕਤ ਕਿਸਾਨੀ ਮੰਗਾਂ ਨੂੰ ਇੰਨ ਬਿੰਨ ਲਾਗੂ ਕੀਤਾ ਜਾਵੇਗਾ | ਇਸ ਮੌਕੇ 'ਤੇ ਗੁਰਜੀਤ ਸਿੰਘ ਬਾਠ, ਧਰਮਜੀਤ ਸਿੰਘ ਅਮਰਾਲਾ, ਲਖਬੀਰ ਸਿੰਘ ਲਛਮਣਗੜ੍ਹ, ਜਗਤਾਰ ਸਿੰਘ ਮਹੇਸ਼ਪੁਰਾ, ਡਾ. ਨਵਜੋਤ, ਗੁਰਲਾਲ ਸਿੰਘ ਲਾਲੀ, ਮਨਦੀਪ ਸਿੰਘ ਗਡਹੇੜਾ, ਹਰਚੰਦ ਸਿੰਘ ਅਮਰਾਲਾ, ਬਬਲਾ ਸੰਘੋਲ, ਸਤਵੀਰ ਨੌਗਾਵਾਂ, ਗੁਰਬੰਤ ਸਿੰਘ ਰੈਲੀ, ਮੋਹਨ ਸਿੰਘ ਰੈਲੀ, ਜੀਤ ਸਿੰਘ, ਅਮਰਜੀਤ ਸਿੰਘ ਅਨਾਇਤਪੁਰਾ, ਮਹਿੰਦਰ ਸਿੰਘ ਮਾਨੂੰਪੁਰ ਵੀ ਪ੍ਰਦਰਸ਼ਨਕਾਰੀਆਂ ਵਿਚ ਸ਼ਾਮਿਲ ਸਨ |