ਫ਼ਤਹਿਗੜ੍ਹ ਸਾਹਿਬ, 12 ਮਈ (ਬਲਜਿੰਦਰ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜੂਨੀਅਰ ਮੀਤ ਪ੍ਰਧਾਨ ਤੇ ਮੈਂਬਰ ਜਥੇਦਾਰ ਅਵਤਾਰ ਸਿੰਘ ਰਿਆ ਨੇ ਗੁਰੂਘਰਾਂ ਵਿਚ ਯੋਗਾ ਦੀਆਂ ਕਲਾਸਾਂ ਲਗਾਉਣ ਦੇ ਮਾਮਲੇ ਦਾ ਨੋਟਿਸ ਲੈਂਦਿਆਂ ਕਿਹਾ ਕਿ ਇਸ ਮਾਮਲੇ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਕੋਲ ਉਠਾਇਆ ਜਾਵੇਗਾ, ਕਿਉਂਕਿ ਗੁਰੂ-ਘਰਾਂ ਵਿਚ ਯੋਗਾ ਕਰਵਾਉਣਾ ਸਿੱਖ ਮਰਿਆਦਾ, ਸਿੱਖੀ ਸਿਧਾਂਤਾਂ ਅਤੇ ਪਰੰਪਰਾਵਾਂ ਦੇ ਬਿਲਕੁਲ ਉਲਟ ਹੈ | ਜਥੇਦਾਰ ਰਿਆ ਨੇ ਕਿਹਾ ਕਿ ਉਨ੍ਹਾਂ ਕੋਲ ਕਈ ਅਜਿਹੀਆਂ ਸ਼ਿਕਾਇਤਾਂ ਪਹੁੰਚੀਆਂ ਹਨ, ਜਿਨ੍ਹਾਂ ਵਿਚ ਕੁਝ ਗੁਰਦੁਆਰਾ ਸਾਹਿਬਾਨਾਂ ਅੰਦਰ ਯੋਗਾ ਲਈ ਵੱਖਰੇ ਸਥਾਨ ਬਣਾ ਕੇ ਲੋਕਾਂ ਨੂੰ ਯੋਗਾ ਕਰਵਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਗੁਰੂਘਰ ਸਿੱਖ ਕੌਮ ਲਈ ਸਭ ਤੋਂ ਪਵਿੱਤਰ ਅਸਥਾਨ ਹਨ, ਜਿੱਥੇ ਮਨੁੱਖ ਗੁਰਬਾਣੀ ਨਾਲ ਜੁੜ ਕੇ ਆਤਮਿਕ ਸ਼ਾਂਤੀ ਅਤੇ ਅਨੰਦ ਪ੍ਰਾਪਤ ਕਰਦਾ ਹੈ | ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬਾਨਾਂ ਵਿਚ ਸਿਰਫ਼ ਗੁਰੂ ਘਰ ਨਾਲ ਸਬੰਧਿਤ ਧਾਰਮਿਕ ਗਤੀਵਿਧੀਆਂ ਜਿਵੇਂ ਕਿ ਕੀਰਤਨ, ਕਥਾ, ਗੁਰਬਾਣੀ ਪਾਠ, ਸੰਗਤ ਦੀ ਸੇਵਾ ਅਤੇ ਧਾਰਮਿਕ ਪ੍ਰਚਾਰ ਹੀ ਹੋਣਾ ਚਾਹੀਦਾ ਹੈ | ਸਰੀਰਕ ਕਸਰਤਾਂ ਜਾਂ ਹੋਰ ਗੈਰ-ਧਾਰਮਿਕ ਕਾਰਜਾਂ ਲਈ ਗੁਰੂ ਘਰਾਂ ਦੀ ਵਰਤੋਂ ਕਰਨਾ ਠੀਕ ਨਹੀਂ ਮੰਨਿਆ ਜਾ ਸਕਦਾ | ਉਨ੍ਹਾਂ ਕਿਹਾ ਕਿ ਅੱਜ-ਕੱਲ ਕੁਝ ਲੋਕ ਆਧੁਨਿਕਤਾ ਦੇ ਨਾਮ 'ਤੇ ਗੁਰੂ ਘਰਾਂ ਦੀ ਮਰਿਆਦਾ ਨਾਲ ਖਿਲਵਾੜ ਕਰ ਰਹੇ ਹਨ, ਜਿਸ ਕਾਰਨ ਸੰਗਤਾਂ ਵਿਚ ਵੀ ਚਿੰਤਾ ਦਾ ਮਾਹੌਲ ਬਣ ਰਿਹਾ ਹੈ | ਉਨ੍ਹਾਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਗੁਰੂ ਘਰਾਂ ਦੀ ਪਵਿੱਤਰਤਾ ਅਤੇ ਮਰਿਆਦਾ ਨੂੰ ਹਰ ਹਾਲ ਵਿਚ ਕਾਇਮ ਰੱਖਣ | ਜਥੇਦਾਰ ਰਿਆ ਨੇ ਕਿਹਾ ਕਿ ਮਨੁੱਖ ਨੂੰ ਅਸਲ ਸੁੱਖ ਅਤੇ ਆਤਮਿਕ ਸ਼ਾਂਤੀ ਗੁਰੂ ਦੀ ਸ਼ਰਨ ਵਿਚ ਆ ਕੇ ਹੀ ਮਿਲਦੀ ਹੈ | ਗੁਰੂ ਘਰ ਵਿਚ ਜਾ ਕੇ ਸਿਮਰਨ, ਸੇਵਾ ਅਤੇ ਗੁਰਬਾਣੀ ਨਾਲ ਜੁੜਨਾ ਹੀ ਸਿੱਖੀ ਦਾ ਅਸਲ ਮਕਸਦ ਹੈ | ਯੋਗਾ ਜਾਂ ਹੋਰ ਸਰੀਰਕ ਕਸਰਤਾਂ ਕਰਨ ਲਈ ਹੋਰ ਥਾਵਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ, ਪਰ ਗੁਰੂ ਘਰਾਂ ਨੂੰ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਲਈ ਵਰਤਣਾ ਠੀਕ ਨਹੀਂ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਹ ਜਲਦ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਪੱਤਰ ਲਿਖ ਕੇ ਪੂਰੇ ਮਾਮਲੇ ਬਾਰੇ ਜਾਣੂ ਕਰਵਾਉਣਗੇ | ਜਥੇ. ਰਿਆ ਨੇ ਸਿੱਖ ਸੰਗਤਾਂ ਨੂੰ ਵੀ ਅਪੀਲ ਕੀਤੀ ਕਿ ਉਹ ਗੁਰੂ ਘਰਾਂ ਦੀ ਮਰਿਆਦਾ ਅਤੇ ਪਵਿੱਤਰਤਾ ਨੂੰ ਬਣਾਈ ਰੱਖਣ ਲਈ ਸਚੇਤ ਹੋਣ ਅਤੇ ਅਜਿਹੀ ਗਤੀਵਿਧੀ ਦਾ ਵਿਰੋਧ ਕਰਨ, ਜੋ ਗੁਰੂਘਰ ਦੀ ਪਰੰਪਰਾ ਅਤੇ ਸਿੱਖ ਰਹਿਤ ਮਰਿਆਦਾ ਦੇ ਖ਼ਿਲਾਫ਼ ਹੋਵੇ |