ਅਮਲੋਹ, 12 ਮਈ (ਕੇਵਲ ਸਿੰਘ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ਵਿਚ ਸਕੂਲ ਆਫ਼ ਐਮੀਨੈਂਸ ਅਮਲੋਹ ਦੀ ਹੋਣਹਾਰ ਵਿਦਿਆਰਥਣ ਸੇਜਲ ਗੋਸਵਾਮੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 650 'ਚੋਂ 639 ਅੰਕ ਪ੍ਰਾਪਤ ਕਰਕੇ 98.31 ਫ਼ੀਸਦੀ ਅੰਕਾਂ ਨਾਲ ਪੰਜਾਬ ਭਰ 'ਚੋਂ 6ਵਾਂ ਰੈਂਕ ਹਾਸਲ ਕਰਕੇ ਅਮਲੋਹ ਸ਼ਹਿਰ ਅਤੇ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ | ਸੇਜਲ ਗੋਸਵਾਮੀ ਵਾਰਡ ਨੰ. 7 ਅਮਲੋਹ ਦੀ ਰਹਿਣ ਵਾਲੀ ਹੈ | ਇਸ ਸ਼ਾਨਦਾਰ ਪ੍ਰਾਪਤੀ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਰਕੇਸ਼ ਕੁਮਾਰ ਅਤੇ ਕੌਂਸਲਰ ਨੀਨਾ ਦੇਵੀ ਸ਼ਾਹੀ ਵਲੋਂ ਵਿਦਿਆਰਥਣ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ ਅਤੇ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ ਗਈ | ਇਸ ਮੌਕੇ ਪ੍ਰਧਾਨ ਸ਼ਾਹੀ ਨੇ ਕਿਹਾ ਕਿ ਸੇਜਲ ਗੋਸਵਾਮੀ ਦੀ ਇਹ ਸਫਲਤਾ ਮਿਹਨਤ, ਲਗਨ ਅਤੇ ਪਰਿਵਾਰਕ ਸਹਿਯੋਗ ਦਾ ਨਤੀਜਾ ਹੈ | ਉਨਾਂ ਕਿਹਾ ਕਿ ਵਿਦਿਆਰਥੀਆਂ ਨੂੰ ਸੇਜਲ ਤੋਂ ਪੇ੍ਰਰਨਾ ਲੈ ਕੇ ਆਪਣੀ ਪੜ੍ਹਾਈ ਪ੍ਰਤੀ ਸਮਰਪਿਤ ਰਹਿਣਾ ਚਾਹੀਦਾ ਹੈ | ਇਸ ਦੌਰਾਨ ਵਿਦਿਆਰਥਣ ਦੇ ਪਿਤਾ ਈਸ਼ਵਰ ਚੰਦਰ ਅਤੇ ਪਰਿਵਾਰਕ ਮੈਂਬਰਾਂ ਨੂੰ ਵੀ ਵਧਾਈ ਦਿੱਤੀ ਗਈ ਅਤੇ ਸੇਜਲ ਦੇ ਚਮਕਦਾਰ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ |