ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ 7 ਵਿਦਿਆਰਥੀਆਂ ਨੇ ਬਾਰ੍ਹਵੀਂ ਜਮਾਤ ਦੀ ਬੋਰਡ ਪ੍ਰੀਖਿਆ ਦੇ ਨਤੀਜਿਆਂ ਦੌਰਾਨ ਮੈਰਿਟ ਸੂਚੀ ਵਿਚ ਆਪਣੀ ਥਾਂ ਬਣਾਈ
ਅਜੀਤ ਡੈਸਕ
14-05-2026
ਸਕੂਲ ਆਫ਼ ਐਮੀਨੈਂਸ ਅਮਲੋਹ ਦੀ ਅਮਨਦੀਪ ਕੌਰ ਨੇ ਪੰਜਾਬ 'ਚੋਂ ਹਾਸਿਲ ਕੀਤਾ 14ਵਾਂ ਰੈਂਕ
ਲਗਨ ਨਾਲ ਪੜ੍ਹਾਈ ਕਰਨ ਨਾਲ ਹਰ ਮੰਜ਼ਿਲ ਮਿਲ ਸਕਦੀ ਹੈ-ਅਮਨਦੀਪ ਕੌਰ
ਅਮਲੋਹ, (ਕੇਵਲ ਸਿੰਘ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿਚ ਸਕੂਲ ਆਫ਼ ਐਮੀਨੈਂਸ ਅਮਲੋਹ ਦੀ ਹੋਣਹਾਰ ਵਿਦਿਆਰਥਣ ਅਮਨਦੀਪ ਕੌਰ ਸਪੁੱਤਰੀ ਨਰਿੰਦਰ ਸਿੰਘ ਵਾਸੀ ਅਮਲੋਹ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 500 'ਚੋਂ 487 ਅੰਕ ਹਾਸਲ ਕਰਕੇ ਪੰਜਾਬ ਵਿਚ 14ਵਾਂ ਰੈਂਕ ਪ੍ਰਾਪਤ ਕੀਤਾ ਹੈ | ਅਮਨਦੀਪ ਕੌਰ ਨਾਨ-ਮੈਡੀਕਲ ਵਿਸ਼ੇ ਦੀ ਵਿਦਿਆਰਥਣ ਹੈ ਅਤੇ ਉਸ ਦੀ ਇਸ ਵੱਡੀ ਕਾਮਯਾਬੀ ਨਾਲ ਪਰਿਵਾਰ, ਸਕੂਲ ਅਤੇ ਇਲਾਕੇ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ | ਸਕੂਲ ਦੇ ਪਿ੍ੰਸੀਪਲ ਇਕਬਾਲ ਸਿੰਘ ਅਤੇ ਸਮੂਹ ਸਟਾਫ਼ ਵਲੋਂ ਅਮਨਦੀਪ ਕੌਰ ਨੂੰ ਵਧਾਈ ਦਿੰਦਿਆਂ ਉਸ ਦੀ ਮਿਹਨਤ ਅਤੇ ਲਗਨ ਦੀ ਸ਼ਲਾਘਾ ਕੀਤੀ ਗਈ | ਪਿ੍ੰਸੀਪਲ ਨੇ ਕਿਹਾ ਕਿ ਅਮਨਦੀਪ ਨੇ ਪੰਜਾਬ ਭਰ ਵਿਚ ਸਕੂਲ ਅਤੇ ਅਮਲੋਹ ਦਾ ਨਾਮ ਰੌਸ਼ਨ ਕੀਤਾ ਹੈ, ਜਿਸ 'ਤੇ ਸਕੂਲ ਨੂੰ ਹਮੇਸ਼ਾ ਮਾਣ ਰਹੇਗਾ | ਅਮਨਦੀਪ ਕੌਰ ਨੇ ਕਿਹਾ ਕਿ ਸਫਲਤਾ ਲਈ ਨਿਰੰਤਰ ਮਿਹਨਤ ਅਤੇ ਅਨੁਸ਼ਾਸਨ ਬਹੁਤ ਜ਼ਰੂਰੀ ਹਨ | ਉਸ ਨੇ ਦੱਸਿਆ ਕਿ ਉਹ ਭਵਿੱਖ ਵਿਚ ਅਧਿਆਪਕ ਬਣਨਾ ਚਾਹੁੰਦੀ ਹੈ ਅਤੇ ਆਪਣੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਲਗਾਤਾਰ ਮਿਹਨਤ ਕਰਦੀ ਰਹੇਗੀ | ਇਸ ਮੌਕੇ ਉਸ ਦੇ ਪਿਤਾ ਨਰਿੰਦਰ ਸਿੰਘ, ਮਾਤਾ ਪ੍ਰਭਜੋਤ ਕੌਰ ਅਤੇ ਦਾਦੀ ਹਰਜੀਤ ਕੌਰ ਵਲੋਂ ਮੂੰਹ ਮਿੱਠਾ ਕਰਵਾ ਕੇ ਖ਼ੁਸ਼ੀ ਸਾਂਝੀ ਕੀਤੀ ਗਈ |
ਸੰਗਤਪੁਰ ਸੋਢੀਆਂ ਸਕੂਲ ਦਾ ਬਾਰ੍ਹਵੀਂ ਦਾ ਨਤੀਜਾ ਸੌ ਫ਼ੀਸਦੀ ਰਿਹਾ
ਜਖਵਾਲੀ, (ਨਿਰਭੈ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੰਗਤਪੁਰ ਸੋਢੀਆਂ ਦਾ ਬਾਰ੍ਹਵੀਂ ਕਲਾਸ ਦਾ ਨਤੀਜਾ 100 ਫ਼ੀਸਦੀ ਰਿਹਾ | ਸਕੂਲ ਦੇ ਆਰਟਸ, ਸਾਇੰਸ ਅਤੇ ਕਮਰਸ (ਤਿੰਨੋਂ ਗਰੁੱਪਾਂ) ਦੇ ਕੁੱਲ 63 ਬੱਚਿਆਂ ਨੇ ਬਾਰ੍ਹਵੀਂ ਦੀ ਪ੍ਰੀਖਿਆ ਦਿੱਤੀ ਅਤੇ ਸਾਰੇ ਵਿਦਿਆਰਥੀ ਸਫ਼ਲ ਰਹੇੇ | ਇਸ ਕਰਕੇ ਵਿਦਿਆਰਥੀਆਂ ਵਿਚ ਖ਼ੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ | ਜਾਣਕਾਰੀ ਦਿੰਦਿਆਂ ਸਕੂਲ ਇੰਚਾਰਜ ਸੰਦੀਪ ਸੂਦ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੇ ਆਰਟਸ ਗਰੁੱਪ ਦੇ 49, ਸਾਇੰਸ ਗਰੁੱਪ ਦੇ 5 ਅਤੇ ਕਮਰਸ ਗਰੁੱਪ ਦੇ 9 ਵਿਦਿਆਰਥੀਆਂ ਨੇ ਬਾਰ੍ਹਵੀਂ 'ਚੋਂ ਪਾਸ ਆਊਟ ਕੀਤਾ ਹੈ | ਉਨ੍ਹਾਂ ਦੱਸਿਆ ਕਿ ਸਾਇੰਸ ਗਰੁੱਪ ਦੀ ਗੁਰਮੰਨਤ ਕੌਰ ਨੇ 500 'ਚੋਂ 403 ਅੰਕ ਲੈ ਕੇ 80.3 ਫ਼ੀਸਦੀ ਅੰਕਾਂ ਨਾਲ ਪਹਿਲਾ ਸਥਾਨ ਹਾਸਲ ਕੀਤਾ ਹੈ | ਇਸੇ ਤਰ੍ਹਾਂ ਕਮਰਸ ਗਰੁੱਪ ਵਿਚ ਸਿਮਰਨਪ੍ਰੀਤ ਸਿੰਘ ਨੇ 416 ਅੰਕ ਲੈ ਕੇ 83.2 ਫ਼ੀਸਦੀ ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ | ਆਰਟਸ ਗਰੁੱਪ ਦੀ ਜਸਮੀਨ ਕੌਰ ਨੇ 431 ਅੰਕ ਲੈ ਕੇ 86.2 ਫ਼ੀਸਦੀ ਨਾਲ ਪਹਿਲੇ ਸਥਾਨ 'ਤੇ ਰਹੀ | ਉਨ੍ਹਾਂ ਦੱਸਿਆ ਕਿ ਸਕੂਲ ਪੱਧਰ 'ਤੇ ਆਰਟਸ 'ਚੋਂ ਜਸਮੀਨ ਕੌਰ ਪਹਿਲੇ, ਗੁਰਸੇਵਕ ਸਿੰਘ ਦੂਜੇ, ਏਕਨੂਰ ਸਿੰਘ ਤੀਜੇ ਸਥਾਨ 'ਤੇ ਰਹੇ ਹਨ | ਇਸੇ ਤਰ੍ਹਾਂ ਕਮਰਸ ਵਿਚ ਸਿਮਰਨ ਪ੍ਰੀਤ ਸਿੰਘ ਪਹਿਲੇ, ਅਨੀਸ਼ਾ ਦੂਜੇ, ਨਵਜੋਤ ਕੌਰ ਤੀਜੇ ਸਥਾਨ 'ਤੇ ਰਹੀ | ਸਾਇੰਸ ਗਰੁੱਪ ਦੀ ਗੁਰਮੰਨਤ ਕੌਰ ਪਹਿਲੇ, ਬਰਿੰਦਰ ਕੌਰ ਦੂਜੇ ਅਤੇ ਜਸਮੀਤ ਕੌਰ ਤੀਜੇ ਸਥਾਨ 'ਤੇ ਰਹੀ ਹੈ | ਉਨ੍ਹਾਂ ਕਿਹਾ ਕਿ ਇਸ ਪ੍ਰਾਪਤੀ ਲਈ ਜਿੱਥੇ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਵਧਾਈ ਦੇ ਪਾਤਰ ਹਨ, ਉੱਥੇ ਹੀ ਸਕੂਲ ਦੇ ਅਧਿਆਪਕ ਵੀ ਵਧਾਈ ਦੇ ਹੱਕਦਾਰ ਹਨ | ਉਨ੍ਹਾਂ ਦੀ ਮਿਹਨਤ ਸਦਕਾ ਵਿਦਿਆਰਥੀਆਂ ਨੇ ਚੰਗੀਆਂ ਪੁਜ਼ੀਸ਼ਨਾਂ ਹਾਸਲ ਕੀਤੀਆਂ ਹਨ | ਉਨ੍ਹਾਂ ਲੈਕਚਰਾਰ ਬਲਜੀਤ ਕੌਰ ਅਤੇ ਹਰਕੰਵਲਜੀਤ ਕੌਰ ਨੂੰ ਵੀ ਵਧਾਈ ਦਿੱਤੀ |
ਵਿਦਿਆਰਥਣ ਇਸ਼ਪ੍ਰੀਤ ਕੌਰ ਨੇ 490 ਅੰਕ ਲੈ ਪੰਜਾਬ ਭਰ 'ਚ ਹਾਸਿਲ ਕੀਤਾ 11ਵਾਂ ਰੈਂਕ
ਮੈਡੀਕਲ ਦੀ ਵਿਦਿਆਰਥਣ ਇਸ਼ਪ੍ਰੀਤ ਕੌਰ ਬਣਨਾ ਚਾਹੁੰਦੀ ਹੈ ਬੱਚਿਆਂ ਦੀ ਡਾਕਟਰ
ਅਮਲੋਹ, (ਕੇਵਲ ਸਿੰਘ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿਚ ਸਕੂਲ ਆਫ਼ ਐਮੀਨੈਂਸ ਅਮਲੋਹ ਦੀ ਹੋਣਹਾਰ ਵਿਦਿਆਰਥਣ ਇਸ਼ਪ੍ਰੀਤ ਕੌਰ ਸਪੁੱਤਰੀ ਗੁਰਦੀਪ ਸਿੰਘ ਵਾਸੀ ਭੱਦਲਥੂਹਾ ਨੇ 500 ਵਿਚੋਂ 490 ਅੰਕ ਹਾਸਲ ਕਰਕੇ ਪੰਜਾਬ ਵਿਚ 11ਵਾਂ ਰੈਂਕ ਪ੍ਰਾਪਤ ਕੀਤਾ ਹੈ | ਇਸ਼ਪ੍ਰੀਤ ਕੌਰ ਨੇ ਇਹ ਸ਼ਾਨਦਾਰ ਪ੍ਰਾਪਤੀ ਕਰਕੇ ਨਾ ਸਿਰਫ਼ ਆਪਣੇ ਮਾਤਾ-ਪਿਤਾ ਅਤੇ ਸਕੂਲ ਦਾ, ਸਗੋਂ ਪੂਰੇ ਇਲਾਕੇ ਦਾ ਨਾਮ ਵੀ ਰੌਸ਼ਨ ਕੀਤਾ ਹੈ | ਉਹ ਮੈਡੀਕਲ ਵਿਸ਼ੇ ਦੀ ਵਿਦਿਆਰਥਣ ਹੈ ਅਤੇ ਸ਼ੁਰੂ ਤੋਂ ਹੀ ਪੜ੍ਹਾਈ ਵਿਚ ਮਿਹਨਤੀ ਅਤੇ ਹੋਣਹਾਰ ਰਹੀ ਹੈ | ਇਸ ਮੌਕੇ 'ਤੇ ਪਿਤਾ ਗੁਰਦੀਪ ਸਿੰਘ ਅਤੇ ਮਾਤਾ ਨਵਨੀਤ ਕੌਰ ਨੇ ਆਪਣੀ ਹੋਣਹਾਰ ਧੀ ਦਾ ਮੂੰਹ ਮਿੱਠਾ ਕਰਵਾ ਕੇ ਖ਼ੁਸ਼ੀ ਦਾ ਇਜ਼ਹਾਰ ਕੀਤਾ | ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਨੂੰ ਆਪਣੀ ਧੀ 'ਤੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ, ਜਿਸ ਨੇ ਆਪਣੀ ਮਿਹਨਤ ਨਾਲ ਪਰਿਵਾਰ ਦਾ ਨਾਮ ਉੱਚਾ ਕੀਤਾ ਹੈ | ਉਨ੍ਹਾਂ ਕਿਹਾ ਕਿ ਧੀਆਂ ਹਰ ਖੇਤਰ ਵਿਚ ਕਾਮਯਾਬੀ ਹਾਸਲ ਕਰਕੇ ਪਰਿਵਾਰਾਂ ਦਾ ਮਾਣ ਵਧਾ ਰਹੀਆਂ ਹਨ | ਵਿਦਿਆਰਥਣ ਇਸ਼ਪ੍ਰੀਤ ਕੌਰ ਨੇ ਆਪਣੀ ਇਸ ਕਾਮਯਾਬੀ ਦਾ ਸਿਹਰਾ ਆਪਣੇ ਮਾਪਿਆਂ ਅਤੇ ਸਕੂਲ ਦੇ ਅਧਿਆਪਕਾਂ ਨੂੰ ਦਿੱਤਾ | ਉਸ ਨੇ ਕਿਹਾ ਕਿ ਪਰਿਵਾਰ ਅਤੇ ਸਕੂਲ ਸਟਾਫ਼ ਦੇ ਸਹਿਯੋਗ ਨਾਲ ਹੀ ਉਹ ਇਸ ਮੁਕਾਮ ਤੱਕ ਪਹੁੰਚੀ ਹੈ | ਉਸ ਨੇ ਦੱਸਿਆ ਕਿ ਉਸ ਦਾ ਸੁਪਨਾ ਬੱਚਿਆਂ ਦੀ ਡਾਕਟਰ ਬਣਨ ਦਾ ਹੈ ਅਤੇ ਉਹ ਇਸ ਸੁਪਨੇ ਨੂੰ ਸਾਕਾਰ ਕਰਨ ਲਈ ਅੱਗੇ ਵੀ ਮਿਹਨਤ ਜਾਰੀ ਰੱਖੇਗੀ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਇਕਬਾਲ ਸਿੰਘ ਵਲੋਂ ਵੀ ਵਿਦਿਆਰਥਣ ਨੂੰ ਵਧਾਈ ਦਿੱਤੀ ਗਈ |
ਅਮਲੋਹ ਦੀ ਧੀ ਅੰਮਿ੍ਤਾ ਨੇ ਬਾਰ੍ਹਵੀਂ ਦੇ ਨਤੀਜਿਆਂ 'ਚ ਪੰਜਾਬ 'ਚ 12ਵਾਂ ਰੈਂਕ ਹਾਸਲ ਕਰਕੇ ਵਧਾਇਆ ਮਾਣ
ਮੇਰਾ ਸੁਪਨਾ ਜੱਜ ਬਣਨਾ ਹੈ, ਜਿਸ ਲਈ ਮਿਹਨਤ ਜਾਰੀ ਰਹੇਗੀ-ਵਿਦਿਆਰਥਣ ਅੰਮਿ੍ਤਾ
ਅਮਲੋਹ, (ਕੇਵਲ ਸਿੰਘ)-ਪੀ.ਐਮ. ਸ੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਮਲੋਹ ਦੀ ਹੋਣਹਾਰ ਵਿਦਿਆਰਥਣ ਅੰਮਿ੍ਤਾ ਪੁੱਤਰੀ ਹਰਵਿੰਦਰ ਸਿੰਘ ਵਾਸੀ ਅਮਲੋਹ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਬਾਰਵੀਂ ਜਮਾਤ ਦੇ ਨਤੀਜਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 500 'ਚੋਂ 489 ਅੰਕ ਹਾਸਲ ਕੀਤੇ ਹਨ | ਇਸ ਸ਼ਾਨਦਾਰ ਪ੍ਰਾਪਤੀ ਨਾਲ ਅੰਮਿ੍ਤਾ ਨੇ ਸੂਬਾ ਪੱਧਰੀ ਮੈਰਿਟ ਵਿਚ 12ਵਾਂ ਰੈਂਕ ਪ੍ਰਾਪਤ ਕਰਕੇ ਅਮਲੋਹ ਇਲਾਕੇ, ਆਪਣੇ ਸਕੂਲ ਅਤੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਹੈ | ਸਕੂਲ ਵਿਚ ਪਿ੍ੰਸੀਪਲ ਡਾ. ਆਰ.ਕੇ. ਸ਼ਰਮਾ ਅਤੇ ਸਕੂਲ ਇੰਚਾਰਜ ਪ੍ਰੇਮ ਲਤਾ ਦੀ ਅਗਵਾਈ ਹੇਠ ਵਿਦਿਆਰਥਣ ਦੇ ਸਨਮਾਨ ਵਿਚ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਇਸ ਮੌਕੇ ਐਸ.ਐਮ.ਸੀ. ਕਮੇਟੀ ਦੇ ਮੈਂਬਰਾਂ, ਸ਼ਹਿਰ ਦੇ ਪਤਵੰਤਿਆਂ ਤੇ ਸਮੂਹ ਅਧਿਆਪਕਾਂ ਵਲੋਂ ਅੰਮਿ੍ਤਾ ਨੂੰ ਵਧਾਈ ਦਿੱਤੀ ਗਈ ਅਤੇ ਉਸ ਦੀ ਕਾਮਯਾਬੀ 'ਤੇ ਖ਼ੁਸ਼ੀ ਦਾ ਇਜ਼ਹਾਰ ਕੀਤਾ ਗਿਆ | ਅੰਮਿ੍ਤਾ ਨੇ ਦੱਸਿਆ ਕਿ ਉਹ ਰੋਜ਼ਾਨਾਂ ਦੇਰ ਰਾਤ ਤੱਕ ਪੜ੍ਹਾਈ ਕਰਦੀ ਸੀ ਅਤੇ ਇਸ ਸਫਲਤਾ ਵਿਚ ਪਰਿਵਾਰ ਅਤੇ ਸਕੂਲ ਸਟਾਫ਼ ਦਾ ਵੱਡਾ ਯੋਗਦਾਨ ਰਿਹਾ ਹੈ | ਉਸ ਨੇ ਕਿਹਾ ਕਿ ਉਸ ਦਾ ਸੁਪਨਾ ਜੱਜ ਬਣਨ ਦਾ ਹੈ ਅਤੇ ਇਸ ਮੰਜ਼ਿਲ ਨੂੰ ਹਾਸਲ ਕਰਨ ਲਈ ਉਹ ਅੱਗੇ ਵੀ ਮਿਹਨਤ ਜਾਰੀ ਰੱਖੇਗੀ | ਇਸ ਮੌਕੇ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਵਲੋਂ ਵੀ ਵਿਦਿਆਰਥਣ ਨੂੰ ਵਧਾਈ ਦਿੱਤੀ ਗਈ |
ਬਾਰ੍ਹਵੀਂ ਜਮਾਤ ਦੀ ਸਿਮਰਨਜੋਤ ਕੌਰ ਨੇ ਮੈਰਿਟ ਸੂਚੀ 'ਚ 14ਵਾਂ ਰੈਂਕ ਹਾਸਿਲ ਕਰ ਚਮਕਾਇਆ ਜੀ.ਟੀ.ਬੀ. ਸਕੂਲ ਰੈਲੋਂ ਦਾ ਨਾਂਅ
ਬਸੀ ਪਠਾਣਾਂ, (ਪੱਤਰ ਪ੍ਰੇਰਕ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ 12ਵੀਂ ਜਮਾਤ ਦੇ ਨਤੀਜੇ ਵਿਚ ਜੀ.ਟੀ.ਬੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰੈਲੋਂ ਦੀ ਸੁਪਰ ਮੈਡੀਕਲ ਦੀ ਹੋਣਹਾਰ ਵਿਦਿਆਰਥਣ ਸਿਮਰਨਜੋਤ ਕੌਰ ਨੇ ਸ਼ਾਨਦਾਰ ਉਪਲਬਧੀ ਹਾਸਲ ਕੀਤੀ ਹੈ | ਪਿ੍ੰਸੀਪਲ ਰਾਜਵਿੰਦਰ ਕੌਰ ਨੇ ਦੱਸਿਆ ਕਿ ਗੁਰਦੀਪ ਸਿੰਘ ਅਤੇ ਸਨਜੀਤ ਕੌਰ ਦੀ ਲਾਡਲੀ ਪੁੱਤਰੀ ਸਿਮਰਨਜੋਤ ਕੌਰ ਪੜ੍ਹਾਈ ਵਿਚ ਪਹਿਲਾਂ ਤੋਂ ਹੀ ਤੇਜ਼ ਰਹੀ ਹੈ | ਉਨ੍ਹਾਂ ਦੱਸਿਆ ਕਿ ਅੱਜ ਸਿਮਰਨਜੋਤ ਨੇ ਪੰਜਾਬ ਭਰ ਵਿਚ 97.4 ਪ੍ਰਤੀਸ਼ਤ ਨਾਲ 500 ਵਿਚੋਂ 487 ਅੰਕ ਪ੍ਰਾਪਤ ਕਰਕੇ ਮੈਰਿਟ ਸੂਚੀ ਵਿਚ 14ਵਾਂ ਸਥਾਨ ਹਾਸਲ ਕਰਕੇ ਸਕੂਲ, ਮਾਪਿਆਂ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ | ਉਸ ਦੇ ਫਿਜ਼ਿਕਸ, ਕੈਮਿਸਟਰੀ ਤੇ ਬਾਇਉਲੋਜੀ 'ਚ 99-99 ਅਤੇ ਗਣਿਤ ਤੇ ਅੰਗਰੇਜ਼ੀ 'ਚ 95-95 ਤੇ ਕੰਪਿਊਟਰ ਸਾਇੰਸ ਮਿਲੇ 100 ਅੰਕ ਉਸ ਦੀ ਕਾਬਲੀਅਤ ਦੀ ਗਵਾਹੀ ਭਰਦੇ ਹਨ | ਪਿ੍ੰਸੀਪਲ ਨੇ ਦੱਸਿਆ ਕਿ ਸਿਮਰਨਜੋਤ ਕੌਰ ਇਸ ਤੋਂ ਪਹਿਲਾਂ ਅੱਠਵੀਂ ਅਤੇ ਦਸਵੀਂ ਜਮਾਤ ਵਿਚ ਮੈਰਿਟ ਸੂਚੀ ਵਿਚ ਸਥਾਨ ਹਾਸਲ ਕਰ ਚੁੱਕੀ ਹੈ | ਉਨ੍ਹਾਂ ਸਿਮਰਨਜੋਤ ਅਤੇ ਉਸ ਦੇ ਮਾਪਿਆਂ ਨੂੰ ਵਧਾਈ ਦਿੱਤੀ ਤੇ ਉਸ ਦੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਮੌਕੇ ਪ੍ਰਬੰਧਕਾਂ ਤੇ ਸਟਾਫ਼ ਵਲੋਂ ਸਿਮਰਨਜੋਤ ਕੌਰ ਤੇ ਉਸ ਦੇ ਮਾਪਿਆਂ ਦਾ ਮੂੰਹ ਮਿੱਠਾ ਕਰਵਾ ਕੇ ਉਸ ਦਾ ਸਨਮਾਨ ਕੀਤਾ ਗਿਆ |
ਬਰਾਈਟ ਕੈਰੀਅਰ ਪਬਲਿਕ ਸਕੂਲ ਦਾ 10ਵੀਂ ਦਾ ਨਤੀਜਾ ਰਿਹਾ ਸ਼ਾਨਦਾਰ
ਬਸੀ ਪਠਾਣਾਂ, (ਐਚ.ਐਸ ਗੌਤਮ)-ਬਰਾਈਟ ਕੈਰੀਅਰ ਪਬਲਿਕ ਸਕੂਲ ਪਿੰਡ ਦਮਹੇੜੀ ਦੇ 10ਵੀਂ ਜਮਾਤ ਦੇ ਵਿਦਿਆਰਥੀਆਂ ਨੇ ਬੋਰਡ ਦੀਆਂ ਪ੍ਰੀਖਿਆਵਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ | ਸਕੂਲ ਦੇ ਪਿ੍ੰਸੀਪਲ ਨਿਰਮਲਾ ਦੇਵੀ ਦੀ ਅਗਵਾਈ ਤੇ ਚੈਅਰਮੈਨ ਪਰਮਿੰਦਰ ਸਿੰਘ ਦੀ ਦੇਖ-ਰੇਖ ਹੇਠ ਸਕੂਲ ਦਾ ਨਤੀਜਾ 100 ਫ਼ੀਸਦੀ ਰਿਹਾ | ਉਨ੍ਹਾਂ ਦੱਸਿਆ ਕਿ ਜਸਮੀਨ ਕੌਰ ਪੁੱਤਰੀ ਹਰਦੇਵ ਸਿੰਘ ਨੇ 95.8 ਫ਼ੀਸਦੀ ਅੰਕ ਹਾਸਲ ਕਰਕੇ ਸਕੂਲ 'ਚੋਂ ਪਹਿਲਾ, ਚਰਨਪ੍ਰੀਤ ਕੌਰ ਨੇ 87 ਫ਼ੀਸਦੀ ਅੰਕਾਂ ਨਾਲ ਦੂਜਾ ਅਤੇ ਰਮਨਜੋਤ ਕੌਰ ਨੇ 82.6 ਫ਼ੀਸਦੀ ਅੰਕ ਹਾਸਲ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਤੋਂ ਇਲਾਵਾ ਵਿਦਿਆਰਥਣ ਕੋਮਲਪ੍ਰੀਤ ਕੌਰ ਨੇ 80.9 ਫ਼ੀਸਦੀ, ਲਵਪ੍ਰੀਤ ਸਿੰਘ ਨੇ 80 ਫ਼ੀਸਦੀ, ਬਨਮੀਤ ਸਿੰਘ ਨੇ 78 ਫ਼ੀਸਦੀ, ਮਨਜੋਤ ਸਿੰਘ ਨੇ 78 ਫ਼ੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਦਾ ਮਾਣ ਵਧਾਇਆ ਹੈ | ਚੇਅਰਮੈਨ ਪਰਮਿੰਦਰ ਸਿੰਘ ਨੇ ਸਮੂਹ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ |
ਸੈਫਰਨ ਸਿਟੀ ਸਕੂਲ ਦੇ ਬਾਰ੍ਹਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ
ਬਸੀ ਪਠਾਣਾਂ, (ਐਚ.ਐਸ. ਗੌਤਮ)-ਸੈਫਰਨ ਸਿਟੀ ਸਕੂਲ ਦੇ ਬਾਰ੍ਹਵੀਂ ਜਮਾਤ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ ਹੈ | ਸਕੂਲ ਦੇ ਵਿਦਿਆਰਥੀਆਂ ਨੇ ਵੱਖ-ਵੱਖ ਸਟਰੀਮਾਂ ਵਿਚ ਮੱਲਾਂ ਮਾਰ ਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ | ਆਰਟਸ ਸਟਰੀਮ ਵਿਚ ਸੰਜੋਗ ਕੌਰ ਨੇ 96 ਫ਼ੀਸਦੀ ਅੰਕ, ਸਾਇੰਸ ਸਟਰੀਮ ਮੰਨਤ ਨੇ 90.4 ਫੀਸਦੀ, ਇਕਬਾਲ ਕੌਰ ਨੇ 88.8 ਫ਼ੀਸਦੀ, ਹਰਸਿਰਤ ਕੌਰ ਨੇ 88.6 ਫ਼ੀਸਦੀ ਅਤੇ ਅਵੀਜੋਤ ਕੌਰ ਨੇ 88 ਫ਼ੀਸਦੀ ਅੰਕ ਹਾਸਲ ਕੀਤੇ ਹਨ ਅਤੇ ਕਮਰਸ ਸਟਰੀਮ ਇਸ਼ਵਜੋਤ ਕੌਰ ਨੇ 89 ਫ਼ੀਸਦੀ ਅੰਕ ਪ੍ਰਾਪਤ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਜਸਦੀਪ ਕੌਰ ਕਾਹਲੋਂ ਨੇ ਸਾਰੇ ਸਫਲ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ |
ਸੁਖਮਨਪ੍ਰੀਤ ਕੌਰ ਨੇ ਮੈਰਿਟ 'ਚ 16ਵੀਂ ਪੁਜ਼ੀਸ਼ਨ ਕੀਤੀ ਪ੍ਰਾਪਤ
ਖਮਾਣੋਂ, (ਜੋਗਿੰਦਰ ਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਾਰ੍ਹਵੀਂ ਕਲਾਸ ਦੇ ਘੋਸ਼ਿਤ ਨਤੀਜਿਆਂ ਵਿਚ ਸ੍ਰੀ ਗੁਰੂ ਅਮਰਦਾਸ ਸਾਹਿਬ ਖ਼ਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਭਾਮੀਆਂ ਦੀ ਵਿਦਿਆਰਥਣ ਸੁਖਮਨਪ੍ਰੀਤ ਕੌਰ ਪੁੱਤਰੀ ਦਲਜੀਤ ਸਿੰਘ ਵਾਸੀ ਪਿੰਡ ਹਰਗਣਾ ਨੇ 485/500 ਅੰਕ ਲੈ ਕੇ ਪੰਜਾਬ ਭਰ 'ਚੋਂ 16ਵੀਂ ਪੁਜ਼ੀਸ਼ਨ ਹਾਸਲ ਕੀਤੀ ਹੈ | ਸਕੂਲ ਦੇ ਪਿ੍ੰਸੀਪਲ ਜਗਦੀਪ ਸਿੰਘ ਖਟਰਾਓ ਨੇ ਦੱਸਿਆ ਕਿ ਸੁਖਮਨਪ੍ਰੀਤ ਕੌਰ ਸਕੂਲ ਦੀ ਬਹੁਤ ਹੀ ਹੋਣਹਾਰ ਵਿਦਿਆਰਥਣ ਹੈ ਅਤੇ ਇਸ ਨੇ ਦਸਵੀਂ ਦੀ ਪ੍ਰੀਖਿਆ ਵਿਚ ਵੀ ਮੈਰਿਟ ਲਿਸਟ ਵਿਚ 14ਵਾਂ ਸਥਾਨ ਪ੍ਰਾਪਤ ਕੀਤਾ ਸੀ |
ਸੁਖਮਨਪ੍ਰੀਤ ਕੌਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਆਈ.ਏ.ਐਸ.ਅਧਿਕਾਰੀ ਬਣਨਾ ਚਾਹੁੰਦੀ ਹੈ ਅਤੇ ਆਪਣੇ ਦੇਸ਼ ਦੇ ਲੋਕਾਂ ਦੀ ਸੇਵਾ ਕਰਨਾ ਚਾਹੁੰਦੀ ਹੈ | ਇਸ ਸਫਲਤਾ ਦਾ ਸਿਹਰਾ ਉਸ ਨੇ ਸਕੂਲ ਦੇ ਪਿ੍ੰਸੀਪਲ, ਮਿਹਨਤੀ ਸਟਾਫ਼ ਅਤੇ ਆਪਣੇ ਮਾਪਿਆਂ ਨੂੰ ਦਿੱਤਾ, ਜਿਨ੍ਹਾਂ ਦੇ ਸਹਿਯੋਗ ਸਦਕਾ ਉਹ ਇਹ ਮੁਕਾਮ ਪ੍ਰਾਪਤ ਕਰਨ ਵਿਚ ਸਫਲ ਹੋਈ ਹੈ |