ਪਾਤੜਾਂ, 20 ਮਈ (ਜਗਦੀਸ ਸਿੰਘ ਕੰਬੋਜ)-ਪਾਤੜਾਂ ਦੇ ਨਜ਼ਦੀਕੀ ਪਿੰਡ ਦੁਤਾਲ ਵਿਚ ਚੋਰਾਂ ਵਲੋਂ ਇਕ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਕਰੀਬ 35-36 ਤੋਲੇ ਸੋਨੇ ਦੇ ਗਹਿਣੇ ਤੇ ਨਕਦੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਘਟਨਾ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ | ਸੂਚਨਾ ਮਿਲਣ ਉਪਰੰਤ ਥਾਣਾ ਪਾਤੜਾਂ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰਦਿਆ ਛੇਤੀ ਹੀ ਚੋਰਾ ਨੂੰ ਫੜ ਲੈਣ ਦਾ ਦਾਅਵਾ ਕੀਤਾ ਹੈ | ਪਿੰਡ ਦੁਤਾਲ ਨਿਵਾਸੀ ਸਤਨਾਮ ਸਿੰਘ ਨੇ ਦੱਸਿਆ ਕਿ ਉਹ ਪਿੰਡ ਤੋਂ ਬਾਹਰ ਖੇਤਾਂ 'ਚ ਬਣੇ ਡੇਰੇ ਵਿਚ ਪਿਛਲੇ ਕਰੀਬ 35 ਸਾਲਾਂ ਤੋਂ ਆਪਣੇ ਪਰਿਵਾਰ ਸਮੇਤ ਰਹਿ ਰਹੇ ਹਨ | ਬੀਤੀ ਰਾਤ ਅਣਪਛਾਤੇ ਵਿਅਕਤੀ ਮਕਾਨ ਦੇ ਪਿੱਛੇ ਬਣੇ ਸਟੋਰ ਦੇ ਰੌਸ਼ਨਦਾਨ ਦਾ ਸ਼ੀਸ਼ਾ ਕੱਢ ਕੇ ਚੋਰ ਘਰ ਅੰਦਰ ਦਾਖਲ ਹੋਏ ਅਤੇ ਘਰ ਵਿਚ ਰੱਖੇ ਕਰੀਬ 35-36 ਤੋਲੇ ਸੋਨੇ ਦੇ ਗਹਿਣੇ ਅਤੇ ਇਕ ਲੱਖ ਰੁਪਏ ਦੀ ਨਕਦੀ ਚੋਰੀ ਕਰਕੇ ਫ਼ਰਾਰ ਹੋ ਗਏ | ਇਸ ਚੋਰੀ ਦੀ ਘਟਨਾ ਦਾ ਪਤਾ ਸਵੇਰੇ ਉਸ ਵੇਲੇ ਲੱਗਾ ਜਦੋਂ ਪਰਿਵਾਰਕ ਮੈਂਬਰਾਂ ਨੇ ਸਟੋਰ ਦਾ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਪਰ ਦਰਵਾਜ਼ਾ ਨਾ ਖੁੱਲਿ੍ਹਆ | ਜਦੋਂ ਦਰਵਾਜ਼ਾ ਖੋਲ੍ਹ ਕੇ ਅੰਦਰ ਦੇਖਿਆ ਤਾਂ ਸਾਰਾ ਸਾਮਾਨ ਖਿੱਲਰਿਆ ਪਿਆ ਸੀ ਅਤੇ ਟਰੰਕ ਪੇਟੀਆਂ ਤੇ ਅਲਮਾਰੀਆਂ ਦਾ ਸਾਮਾਨ ਹੇਠਾਂ ਡਿੱਗਿਆ ਹੋਇਆ ਸੀ | ਜਾਂਚ ਕਰਨ 'ਤੇ ਸੋਨੇ ਦੇ ਗਹਿਣੇ ਅਤੇ ਨਕਦੀ ਗ਼ਾਇਬ ਪਾਈ ਗਈ ਹੈ | ਇਸ ਤੋਂ ਬਾਅਦ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ | ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਪਾਤੜਾਂ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਆਸ-ਪਾਸ ਦੇ ਲੋਕਾਂ ਨਾਲ ਪੁੱਛਗਿਛ ਸ਼ੁਰੂ ਕੀਤੀ | ਪੁਲਿਸ ਨੇ ਮੌਕੇ ਤੋਂ ਸਬੂਤ ਇਕੱਠੇ ਕਰਨ ਲਈ ਫਿੰਗਰ ਪਿ੍ੰਟ ਐਕਸਪਰਟ ਟੀਮ ਦੀ ਵੀ ਮਦਦ ਲਈ | ਪਿੰਡ ਦੇ ਸਰਪੰਚ ਅਤੇ ਗੁਰੂ ਘਰ ਦੇ ਸੇਵਾਦਾਰਾਂ ਨੇ ਵੱਧ ਰਹੀਆਂ ਚੋਰੀ ਦੀਆਂ ਘਟਨਾਵਾਂ 'ਤੇ ਚਿੰਤਾ ਜਤਾਉਂਦਿਆਂ ਪੁਲਿਸ ਪ੍ਰਸ਼ਾਸਨ ਤੋਂ ਦੋਸ਼ੀਆਂ ਨੂੰ ਜਲਦ ਗਿ੍ਫ਼ਤਾਰ ਕਰਨ ਦੀ ਮੰਗ ਕੀਤੀ ਹੈ | ਥਾਣਾ ਪਾਤੜਾਂ ਦੇ ਮੁਖੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸਤਨਾਮ ਸਿੰਘ ਵਾਸੀ ਦੁਤਾਲ ਦੀ ਸ਼ਿਕਾਇਤ 'ਤੇ ਤਕਨੀਕੀ ਆਧਾਰ 'ਤੇ ਜਾਂਚ ਕੀਤੀ ਜਾ ਰਹੀ ਹੈ ਅਤੇ ਫਿੰਗਰ ਪਿ੍ੰਟ ਟੀਮ ਦੀ ਮਦਦ ਨਾਲ ਅਹਿਮ ਸੁਰਾਗ ਇਕੱਠੇ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਜਲਦ ਹੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ |