ਅਮਲੋਹ, 21 ਮਈ (ਹਰਪ੍ਰੀਤ ਸਿੰਘ ਗਿੱਲ, ਕੇਵਲ ਸਿੰਘ)-ਪੂਰੇ ਪੰਜਾਬ ਵਿਚ ਸਫ਼ਾਈ ਸੇਵਕਾਂ ਦੀ ਚੱਲ ਰਹੀ ਹੜਤਾਲ ਅੱਜ ਖ਼ਤਮ ਹੋਣ ਨਾਲ ਅਮਲੋਹ ਦੇ ਸਫ਼ਾਈ ਸੇਵਕਾਂ ਵਲੋਂ ਵੀ ਆਪਣੀ ਹੜਤਾਲ ਖ਼ਤਮ ਕਰਕੇ ਸ਼ਹਿਰ ਵਿਚ ਸਫ਼ਾਈ ਦਾ ਕੰਮ ਮੁੜ ਸ਼ੁਰੂ ਕਰ ਦਿੱਤਾ ਗਿਆ ਹੈ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਫ਼ਾਈ ਸੇਵਕਾਂ ਦੇ ਆਗੂ ਮੇਟ ਪਰਮਜੀਤ ਨੇ ਦੱਸਿਆ ਕਿ ਅਸੀਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਸਾਡੀ ਗੱਲ ਸੁਣੀ ਹੈ | ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਦਿੱਤੇ ਗਏ ਭਰੋਸੇ ਤੋਂ ਬਾਅਦ ਇਹ ਹੜਤਾਲ ਖ਼ਤਮ ਕੀਤੀ ਗਈ ਹੈ ਅਤੇ ਸਰਕਾਰ ਵਲੋਂ ਮੰਗਾਂ ਨੂੰ ਹੱਲ ਕਰਨ ਲਈ ਇਕ ਮਹੀਨੇ ਦਾ ਸਮਾਂ ਦਿੱਤਾ ਗਿਆ ਹੈ | ਮੇਟ ਪਰਮਜੀਤ ਨੇ ਚੇਤਾਵਨੀ ਦਿੰਦਿਆਂ ਆਖਿਆ ਕਿ ਜੇਕਰ ਦਿੱਤੇ ਗਏ ਸਮੇਂ ਅੰਦਰ ਸਾਡੀਆਂ ਸਾਰੀਆਂ ਹੱਕੀ ਮੰਗਾਂ ਨਾ ਮੰਨੀਆਂ ਗਈਆਂ ਤਾਂ ਸਮੂਹ ਸਫ਼ਾਈ ਸੇਵਕਾਂ ਵਲੋਂ ਮੁੜ ਤੋਂ ਵੱਡੇ ਪੱਧਰ 'ਤੇ ਤਿੱਖਾ ਸੰਘਰਸ਼ ਅਤੇ ਹੜਤਾਲ ਸ਼ੁਰੂ ਕਰ ਦਿੱਤੀ ਜਾਵੇਗੀ | ਉਨ੍ਹਾਂ ਕਿਹਾ ਕਿ ਅੱਜ ਹੜਤਾਲ ਖ਼ਤਮ ਹੁੰਦਿਆਂ ਹੀ ਸ਼ਹਿਰ ਵਿਚ ਸਫ਼ਾਈ ਦਾ ਕੰਮ ਜੰਗੀ ਪੱਧਰ 'ਤੇ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਪਿਛਲੇ ਦਿਨਾਂ ਤੋਂ ਜਮ੍ਹਾ ਹੋਏ ਕੂੜੇ ਨੂੰ ਹਟਾ ਕੇ ਜਲਦ ਹੀ ਪੂਰੇ ਸ਼ਹਿਰ ਨੂੰ ਸਾਫ਼-ਸੁਥਰਾ ਕਰ ਦਿੱਤਾ ਜਾਵੇਗਾ |