ਸੰਘੋਲ, 21 ਮਈ (ਗੁਰਨਾਮ ਸਿੰਘ ਚੀਨਾ)-ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਖੰਟ-ਮਾਨਪੁਰ ਦੀ ਚਾਰ-ਦੀਵਾਰੀ ਦੇ ਨਜ਼ਦੀਕ ਦੋ ਅਣਪਛਾਤਿਆਂ ਵਲੋਂ ਪਟਾਕੇ ਚਲਾਉਣ ਕਾਰਨ ਸਕੂਲੀ ਬੱਚਿਆਂ ਅੰਦਰ ਸਹਿਮ ਦਾ ਮਾਹੌਲ ਬਣ ਗਿਆ | ਪਿ੍ੰਸੀਪਲ ਜਸਵੰਤ ਕੌਰ ਤੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਵਰਨ ਸਿੰਘ ਸੰਧਾਰੀ ਮਾਜਰਾ, ਪਵਨਜੀਤ ਸਿੰਘ ਮਾਨਪੁਰ ਤੇ ਅੰਮਿ੍ਤਪਾਲ ਸਿੰਘ ਪ੍ਰੇਮਪੁਰਾ ਨੇ ਦੱਸਿਆ ਦੋ ਮੋਟਰਸਾਈਕਲ ਸਵਾਰ ਸਕੂਲ ਦੀ ਚਾਰ ਦੀਵਾਰੀ ਦੇ ਨਜ਼ਦੀਕ ਤੋਂ ਸਕੂਲ ਵੱਲ ਪਟਾਕਿਆਂ ਦੇ ਸ਼ਾਰਟ ਚਲਾਉਣ ਲੱਗੇ ਤੇ ਇਕਦਮ ਉੱਚੀ ਆਵਾਜ਼ 'ਚ ਚੱਲੇ ਪਟਾਕਿਆਂ ਕਾਰਨ ਜਮਾਤਾਂ 'ਚ ਬੈਠੇ ਬੱਚੇ ਤੇ ਅਧਿਆਪਕ ਘਬਰਾ ਗਏ ਤੇ ਨੱਠ-ਭੱਜ 'ਚ ਕਈ ਬੱਚਿਆਂ ਦੇ ਮਾਮੂਲੀ ਸੱਟਾਂ ਵੀ ਲੱਗੀਆਂ | ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਉਨਾਂ ਸਕੂਲ ਦੇ ਬਾਹਰ ਆ ਕੇ ਵੇਖਿਆਂ ਤਾਂ ਦੋ ਨੌਜਵਾਨ ਜੋ ਪਟਾਕੇ ਚਲਾ ਰਹੇ ਸਨ, ਉਹ ਉਨਾਂ ਨੂੰ ਵੇਖ ਕੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਫ਼ਰਾਰ ਹੋ ਗਏ | ਉਨਾਂ ਇਸ ਸਬੰਧੀ ਪੁਲਿਸ ਚੌਕੀ ਸੰਘੋਲ ਵਿਖੇ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ | ਸਕੂਲ ਪ੍ਰਬੰਧਕਾਂ ਨੇ ਪ੍ਰਸ਼ਾਸਨ ਤੋਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ | ਇਸ ਸਬੰਧੀ ਪੁਲਿਸ ਚੌਂਕੀ ਸੰਘੋਲ ਦੇ ਇੰਚਾਰਜ ਹਰਜੀਤ ਸਿੰਘ ਨੇ ਦੱਸਿਆ ਕਿ ਦੋ ਨੌਜਵਾਨਾਂ ਤੋਂ ਪਟਾਕੇ ਚਲਾਉਣ ਦੇ ਦੋਸ਼ ਹੇਠ ਪੁੱਛਗਿੱਛ ਜਾਰੀ ਹੈ ਤੇ ਜਾਂਚ ਉਪਰੰਤ ਅਗਲੀ ਕਾਰਵਾਈ ਕੀਤੀ ਜਾਵੇਗੀ |