ਮੰਡੀ ਗੋਬਿੰਦਗੜ੍ਹ, 22 ਮਈ (ਰਾਜੇਸ਼ ਸ਼ਰਮਾ)-ਸ਼ਹਿਰ ਵਿਚ ਹੋਣ ਵਾਲੀਆਂ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਦਿਨੋਂ ਦਿਨ ਗਰਮਾਉਂਦਾ ਜਾ ਰਿਹਾ ਹੈ | ਵੱਖ-ਵੱਖ ਸਿਆਸੀ ਪਾਰਟੀਆਂ ਅਤੇ ਉਮੀਦਵਾਰ ਆਪੋ-ਆਪਣੇ ਵਾਅਦਿਆਂ ਅਤੇ ਦਾਅਵਿਆਂ ਨਾਲ ਲੋਕਾਂ ਨੂੰ ਆਪਣੇ ਪੱਖ ਵਿਚ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਇਸ ਵਾਰ ਸ਼ਹਿਰ ਦੇ ਲੋਕਾਂ ਲਈ ਸਭ ਤੋਂ ਵੱਡਾ ਅਤੇ ਅਹਿਮ ਮੁੱਦਾ ਸਾਫ਼ ਸਵੱਛ ਪੀਣ ਵਾਲੇ ਪਾਣੀ ਅਤੇ ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਬਣ ਚੁੱਕਾ ਹੈ | ਸ਼ਹਿਰ ਦੇ ਕਈ ਇਲਾਕਿਆਂ ਵਿਚ ਲੋਕ ਅੱਜ ਵੀ ਗੰਦੇ ਅਤੇ ਬਦਬੂਦਾਰ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ ਅਤੇ ਉਹ ਇਹ ਪਾਣੀ ਪੀਣ ਲਈ ਮਜਬੂਰ ਹਨ, ਜਦਕਿ ਸੀਵਰੇਜ ਪ੍ਰਣਾਲੀ ਦੀ ਮੰਦਹਾਲੀ ਕਾਰਨ ਲੋਕਾਂ ਨੂੰ ਰੋਜ਼ਾਨਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਪਿਛਲੇ ਪੰਜ ਸਾਲਾਂ ਦੌਰਾਨ ਨਗਰ ਕੌਂਸਲ ਵਲੋਂ ਕਈ ਵੱਡੇ ਦਾਅਵੇ ਕੀਤੇ ਗਏ ਸਨ | ਨਹਿਰੀ ਪਾਣੀ ਵਾਲਾ ਇਹ ਬਹੁਚਰਚਿਤ ਪ੍ਰੋਜੈਕਟ ਵੀ ਫਾਈਲਾਂ ਤੱਕ ਹੀ ਸੀਮਿਤ ਰਹਿ ਗਿਆ ਅਤੇ ਆਿਖ਼ਰਕਾਰ ਠੰਢੇ ਬਸਤੇ ਵਿਚ ਪੈ ਗਿਆ | ਖ਼ਾਸ ਗੱਲ ਇਹ ਰਹੀ ਕਿ ਨਗਰ ਕੌਂਸਲ ਪ੍ਰਧਾਨ ਵਲੋਂ ਆਪਣੇ ਪੂਰੇ ਕਾਰਜਕਾਲ ਦੌਰਾਨ ਲੋਕਾਂ ਨੂੰ ਸਾਫ਼, ਸੁੱਧ ਅਤੇ ਨਹਿਰੀ ਪਾਣੀ ਮੁਹੱਈਆ ਕਰਵਾਉਣ ਦੇ ਦਾਅਵੇ ਵਾਰ-ਵਾਰ ਕੀਤੇ ਜਾਂਦੇ ਰਹੇ | ਹਰ ਮੰਚ ਤੋਂ ਸ਼ਹਿਰਵਾਸੀਆਂ ਨੂੰ ਇਹ ਭਰੋਸਾ ਦਿੱਤਾ ਗਿਆ ਕਿ ਪੀਣ ਵਾਲੇ ਗੰਦੇ ਪਾਣੀ ਦੀ ਸਮੱਸਿਆ ਦਾ ਸਥਾਈ ਹੱਲ ਕੀਤਾ ਜਾਵੇਗਾ, ਪਰ ਹਕੀਕਤ ਵਿਚ ਨਹਿਰੀ ਪਾਣੀ ਵਾਲਾ ਇਹ ਬਹੁਚਰਚਿਤ ਪ੍ਰੋਜੈਕਟ ਵੀ ਫਾਈਲਾਂ ਤੱਕ ਹੀ ਸੀਮਿਤ ਰਹਿ ਗਿਆ ਅਤੇ ਆਿਖ਼ਰਕਾਰ ਠੰਢੇ ਬਸਤੇ ਵਿਚ ਪੈ ਗਿਆ | ਪਿਛਲੀ ਚੋਣਾਂ ਸਮੇਂ ਵੀ ਇਸ ਮੁੱਦੇ ਨੂੰ ਪ੍ਰਮੁੱਖ ਤੌਰ 'ਤੇ ਉਠਾਇਆ ਗਿਆ ਸੀ ਅਤੇ ਲੋਕਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਸ਼ਹਿਰ ਵਿਚ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਪੱਕਾ ਹੱਲ ਕੀਤਾ ਜਾਵੇਗਾ | ਪਰ ਪੰਜ ਸਾਲ ਬੀਤ ਜਾਣ ਦੇ ਬਾਵਜੂਦ ਇਹ ਵਾਅਦੇ ਜ਼ਮੀਨੀ ਪੱਧਰ 'ਤੇ ਪੂਰੇ ਹੁੰਦੇ ਨਜ਼ਰ ਨਹੀਂ ਆਏ | ਸ਼ਹਿਰ ਦੇ ਕਈ ਵਾਰਡਾਂ ਵਿਚ ਅੱਜ ਵੀ ਲੋਕ ਗੰਦਾ ਅਤੇ ਦੂਸ਼ਿਤ ਪਾਣੀ ਪੀਣ ਲਈ ਮਜਬੂਰ ਹਨ | ਕਈ ਥਾਵਾਂ 'ਤੇ ਪੀਣ ਵਾਲੇ ਪਾਣੀ ਵਿਚ ਬਦਬੂ ਅਤੇ ਗੰਦਗੀ ਦੀਆਂ ਸ਼ਿਕਾਇਤਾਂ ਲਗਾਤਾਰ ਸਾਹਮਣੇ ਆਉਂਦੀ ਰਹੀਆਂ ਹਨ ਪਰ ਇਸ ਦਾ ਹੱਲ ਕਰਨ ਦੀ ਕੋਸ਼ਿਸ਼ ਕਿਸੇ ਨੇ ਨਹੀਂ ਕੀਤੀ, ਸੀਵਰੇਜ ਓਵਰਫ਼ਲੋ ਸਮੱਸਿਆ ਕਾਰਨ ਲੋਕਾਂ ਦੀ ਜ਼ਿੰਦਗੀ ਰਹੀ ਪ੍ਰਭਾਵਿਤ | ਇਸ ਤੋਂ ਇਲਾਵਾ ਬਰਸਾਤ ਤੋਂ ਇਲਾਵਾ ਦਿਨਾਂ ਵਿਚ ਵੀ ਕਈ ਇਲਾਕਿਆਂ ਵਿਚ ਸੀਵਰੇਜ ਓਵਰਫ਼ਲੋ ਹੋਣ ਕਾਰਨ ਗਲੀਆਂ ਅਤੇ ਸੜਕਾਂ 'ਤੇ ਗੰਦਾ ਪਾਣੀ ਖੜ੍ਹਾ ਹੋ ਜਾਂਦਾ ਹੈ, ਜਿਸ ਨਾਲ ਲੋਕਾਂ ਦੀ ਜ਼ਿੰਦਗੀ ਪ੍ਰਭਾਵਿਤ ਹੋ ਰਹੀ ਹੈ | ਲੋਕਾਂ ਦਾ ਕਹਿਣਾ ਹੈ ਕਿ ਸੀਵਰੇਜ ਪ੍ਰਣਾਲੀ ਨੂੰ ਸੁਧਾਰਨ ਲਈ ਵੀ ਕਈ ਵਾਰ ਐਲਾਨ ਕੀਤੇ ਗਏ, ਪਰ ਹਕੀਕਤ ਵਿਚ ਕੋਈ ਵੱਡਾ ਸੁਧਾਰ ਨਹੀਂ ਹੋ ਸਕਿਆ | ਇਸ ਵਾਰ ਚੋਣ ਮੈਦਾਨ ਵਿਚ ਉੱਤਰੇ ਉਮੀਦਵਾਰਾਂ ਲਈ ਇਹ ਮੁੱਦੇ ਵੱਡੀ ਚੁਣੌਤੀ ਬਣ ਸਕਦੇ ਹਨ | ਸ਼ਹਿਰ ਦੇ ਵੋਟਰ ਹੁਣ ਸਿਰਫ਼ ਵਾਅਦਿਆਂ ਨਾਲ ਨਹੀਂ, ਸਗੋਂ ਪਿਛਲੇ ਪੰਜ ਸਾਲਾਂ ਦੇ ਕੰਮਕਾਜ ਦੇ ਆਧਾਰ 'ਤੇ ਫ਼ੈਸਲਾ ਕਰਨ ਦੇ ਮੂਡ ਵਿਚ ਨਜ਼ਰ ਆ ਰਹੇ ਹਨ | ਲੋਕਾਂ ਦਾ ਸਾਫ਼ ਕਹਿਣਾ ਹੈ ਕਿ ਜਿਹੜੇ ਮੁੱਦੇ ਸਾਲਾਂ ਤੋਂ ਸ਼ਹਿਰ ਨੂੰ ਪ੍ਰਭਾਵਿਤ ਕਰ ਰਹੇ ਹਨ, ਉਨ੍ਹਾਂ ਦਾ ਹੱਲ ਨਾ ਹੋਣਾ ਪ੍ਰਸ਼ਾਸਨ ਅਤੇ ਨਗਰ ਕੌਂਸਲ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਕਰਦਾ ਹੈ | ਹੁਣ ਦੇਖਣਾ ਇਹ ਹੋਵੇਗਾ ਕਿ ਇਸ ਵਾਰ ਚੋਣਾਂ ਦੌਰਾਨ ਸਿਆਸੀ ਪਾਰਟੀਆਂ ਅਤੇ ਉਮੀਦਵਾਰ ਲੋਕਾਂ ਨੂੰ ਇਨ੍ਹਾਂ ਬੁਨਿਆਦੀ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ ਲਈ ਕਿਹੜੀ ਠੋਸ ਯੋਜਨਾ ਪੇਸ਼ ਕਰਦੇ ਹਨ ਅਤੇ ਕੀ ਸ਼ਹਿਰ ਵਾਸੀਆਂ ਨੂੰ ਇਸ ਵਾਰ ਸਿਰਫ਼ ਵਾਅਦੇ ਹੀ ਮਿਲਣਗੇ ਜਾਂ ਹਕੀਕਤ ਵਿਚ ਕੋਈ ਬਦਲਾਅ ਵੀ ਵੇਖਣ ਨੂੰ ਮਿਲੇਗਾ?