ਚੋਣ ਜਾਬਤੇ ਦੌਰਾਨ ਸਰਹਿੰਦ ਦੇ ਵਾਰਡ ਨੰ. 21 'ਚ ਰਾਸ਼ਨ ਵੰਡ ਨੂੰ ਲੈ ਕੇ ਭਖੀ ਸਿਆਸਤ <br/>
ਅਜੀਤ ਡੈਸਕ
23-05-2026
ਫ਼ਤਹਿਗੜ੍ਹ ਸਾਹਿਬ, 22 ਮਈ (ਬਲਜਿੰਦਰ ਸਿੰਘ)-ਨਗਰ ਕੌਂਸਲ ਚੋਣਾਂ ਦੌਰਾਨ ਸਰਹਿੰਦ ਦੇ ਵਾਰਡ ਨੰ. 21 'ਚ ਮੁਫ਼ਤ ਰਾਸ਼ਨ ਵੰਡ ਨੂੰ ਲੈ ਕੇ ਸਿਆਸੀ ਮਾਹੌਲ ਭਖ ਗਿਆ ਹੈ | 'ਮੇਰੀ ਰਸੋਈ ਸਕੀਮ ਤਹਿਤ ਵੰਡੇ ਜਾ ਰਹੇ ਰਾਸ਼ਨ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਦਰਮਿਆਨ ਤਿੱਖੀ ਬਹਿਸ ਹੋਈ | ਪ੍ਰਾਪਤ ਜਾਣਕਾਰੀ ਮੁਤਾਬਿਕ ਪੰਜਾਬ ਸਰਕਾਰ ਦੀ ਇਕ ਯੋਜਨਾ ਤਹਿਤ ਸਰਹਿੰਦ ਵਿਚ ਲੋੜਵੰਦਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ ਜਾ ਰਹੀਆਂ ਸਨ | ਜਿਸ ਦੀ ਸੂਚਨਾ ਮਿਲਣ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਆਪਣੇ ਪਾਰਟੀ ਵਰਕਰਾਂ ਨਾਲ ਮੌਕੇ 'ਤੇ ਪਹੁੰਚੇ | ਉਨ੍ਹਾਂ ਨੇ ਵੰਡ ਨੂੰ ਤੁਰੰਤ ਰੋਕਣ ਦੀ ਮੰਗ ਕੀਤੀ | ਭੁੱਟਾ ਨੇ ਕਿਹਾ ਕਿ ਚੋਣਾਂ ਦੌਰਾਨ ਅਜਿਹੀ ਵੰਡ ਵੋਟਰਾਂ ਨੂੰ ਲੁਭਾਉਣ ਦਾ ਇਕ ਸਾਧਨ ਹੈ ਅਤੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਹੈ | ਇਸ ਮੌਕੇ ਭੁੱਟਾ ਨੇ ਕਿਹਾ ਕਿ ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਸਰਕਾਰੀ ਯੋਜਨਾਵਾਂ ਦੇ ਲਾਭਾਂ ਦੀ ਵੰਡ ਰੋਕ ਹੈ | ਉਨ੍ਹਾਂ ਕਿਹਾ ਕਿ ਰਾਸ਼ਨ ਕਿੱਟਾਂ 'ਤੇ ਮੁੱਖ ਮੰਤਰੀ ਦੀ ਫ਼ੋਟੋ ਲੱਗੀ ਹੋਈ ਹੈ | ਜਦੋਂਕਿ 'ਆਪ' ਆਗੂ ਅਤੇ ਵਾਰਡ ਨੰ. 21 ਦੇ ਉਮੀਦਵਾਰ ਨਿੱਜੀ ਤੌਰ 'ਤੇ ਕਿੱਟਾਂ ਵੰਡ ਦੀ ਨਿਗਰਾਨੀ ਕਰ ਰਹੇ ਹਨ | ਭੁੱਟਾ ਨੇ ਚੋਣ ਕਮਿਸ਼ਨ ਤੋਂ ਦਖ਼ਲ ਦੀ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਲੋਕਾਂ ਵਿਰੁੱਧ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਜੋ ਵੋਟਾਂ ਹਾਸਲ ਕਰਨ ਲਈ ਸਰਕਾਰੀ ਯੋਜਨਾਵਾਂ ਦੀ ਵਰਤੋਂ ਕਰ ਰਹੇ ਹਨ | ਉਨ੍ਹਾਂ ਦੋਸ਼ ਲਗਾਇਆ ਕਿ ਸੱਤਾਧਾਰੀ ਪਾਰਟੀ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰ ਰਹੀ ਹੈ | ਇਸੇ ਦੌਰਾਨ 'ਆਪ' ਯੂਥ ਵਿੰਗ ਮਾਲਵਾ ਜ਼ੋਨ ਦੇ ਇੰਚਾਰਜ ਦੀਪਕ ਬਾਤਿਸ਼ ਤੇ ਵਾਰਡ ਨੰ. 21 ਦੀ ਉਮੀਦਵਾਰ ਜਤਿੰਦਰ ਕੌਰ ਨੇ ਜਵਾਬੀ ਹਮਲਾ ਕਰਦਿਆਂ ਅਕਾਲੀ ਆਗੂਆਂ 'ਤੇ ਦੁਰਵਿਵਹਾਰ ਕਰਨ ਦਾ ਦੋਸ਼ ਲਗਾਇਆ | 'ਆਪ' ਆਗੂਆਂ ਨੇ ਕਿਹਾ ਕਿ 'ਮੇਰੀ ਰਸੋਈ ਯੋਜਨਾ' ਚੱਲ ਰਹੀ ਇਕ ਲੋਕ ਭਲਾਈ ਯੋਜਨਾ ਹੈ | ਪਰ ਵਿਰੋਧੀ ਧਿਰ ਰਾਜਨੀਤਿਕ ਕਾਰਨਾਂ ਕਰਕੇ ਲੋਕ ਭਲਾਈ ਦੇ ਕੰਮਾਂ ਵਿਚ ਰੁਕਾਵਟ ਪਾ ਰਹੀ ਹੈ | ਵਿਵਾਦ ਤੋਂ ਬਾਅਦ ਮਾਹੌਲ ਤਣਾਅਪੂਰਨ ਰਿਹਾ | ਦੋਵੇਂ ਧਿਰਾਂ ਆਪਣੇ ਦਾਅਵਿਆਂ 'ਤੇ ਅੜੀਆਂ ਰਹੀਆਂ |