27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਚ ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ ਸ਼ਾਂਤੀਪੂਰਵਕ ਮੁਕੰਮਲ

Ad Position 21
No active advertisement
ਅਜੀਤ ਡੈਸਕ 28-05-2026
ਫ਼ਤਹਿਗੜ੍ਹ ਸਾਹਿਬ, 27 ਮਈ (ਬਲਜਿੰਦਰ ਸਿੰਘ)-ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ ਦੌਰਾਨ ਅੱਜ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀਆਂ ਤਿੰਨ ਨਗਰ ਕੌਂਸਲਾਂ ਮੰਡੀ ਗੋਬਿੰਦਗੜ੍ਹ, ਸਰਹਿੰਦ ਫ਼ਤਹਿਗੜ੍ਹ ਸਾਹਿਬ ਤੇ ਬਸੀ ਪਠਾਣਾਂ ਅਤੇ ਇਕ ਨਗਰ ਪੰਚਾਇਤ ਖਮਾਣੋਂ ਲਈ ਵੋਟਾਂ ਪਾਉਣ ਦਾ ਕੰਮ ਪੁਲਿਸ ਦੇ ਸੁਰੱਖਿਆ ਪ੍ਰਬੰਧਾਂ ਹੇਠ ਪੂਰੇ ਅਮਨ ਅਮਾਨ ਤੇ ਸ਼ਾਂਤੀਪੂਰਵਕ ਸਮਾਪਤ ਹੋ ਗਿਆ ਹੈ | ਜਿਸ ਦੌਰਾਨ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਚ ਸ਼ਾਮ 5 ਵਜੇ ਤੱਕ ਕੁਲ 69.10 ਫ਼ੀਸਦੀ ਪੋਲਿੰਗ ਹੋਈ | ਜਿਸ ਵਿਚ ਸਭ ਤੋਂ ਵੱਧ ਨਗਰ ਪੰਚਾਇਤ ਖਮਾਣੋਂ ਵਿਚ 73.56 ਫ਼ੀਸਦੀ, ਦੂਜੇ ਨੰਬਰ 'ਤੇ ਮੰਡੀ ਗੋਬਿੰਦਗੜ੍ਹ ਵਿਚ 71.11 ਫ਼ੀਸਦੀ, ਬਸੀ ਪਠਾਣਾਂ ਵਿਚ 67.77 ਫ਼ੀਸਦੀ ਅਤੇ ਸਭ ਤੋਂ ਘੱਟ ਨਗਰ ਕੌਂਸਲ ਸਰਹਿੰਦ ਫ਼ਤਹਿਗੜ੍ਹ ਵਿਚ 64.05 ਫ਼ੀਸਦੀ ਪੋਲਿੰਗ ਹੋਈ | ਵੋਟਿੰਗ ਪ੍ਰਕ੍ਰਿਆ ਮੁਕੰਮਲ ਹੋਣ ਤੋਂ ਬਾਅਦ ਹੁਣ ਜ਼ਿਲ੍ਹੇ ਦੇ ਕੁਲ 80 ਵਾਰਡਾਂ ਤੋਂ 341 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਵੋਟ ਪੇਟੀਆਂ ਵਿਚ ਬੰਦ ਹੋ ਗਿਆ ਹੈ ਅਤੇ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ 29 ਮਈ ਨੂੰ ਵੋਟਾਂ ਦੀ ਗਿਣਤੀ ਨਾਲ ਹੋਵੇਗਾ | ਦੱਸਣਯੋਗ ਹੈ ਕਿ ਜ਼ਿਲ੍ਹੇ ਦੇ ਸਾਰੇ ਸੰਵੇਦਨਸ਼ੀਲ ਅਤੇ ਅਤਿ-ਸੰਵੇਦਨਸ਼ੀਲ ਬੂਥਾਂ 'ਤੇ ਪੁਲਿਸ ਫੋਰਸ ਤਾਇਨਾਤ ਰਹੀ, ਉੱਥੇ ਹੀ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਨਿਗਰਾਨੀ ਹੇਠ ਗਠਿਤ ਪੈਟਰੋਲਿੰਗ ਪੁਲਿਸ ਪਾਰਟੀਆਂ ਵਲੋਂ ਲਗਾਤਾਰ ਪੋਲਿੰਗ ਬੂਥਾਂ 'ਤੇ ਨਜ਼ਰ ਰੱਖੀ ਗਈ | ਕੌਂਸਲ ਚੋਣਾਂ ਸਬੰਧੀ ਸਵੇਰੇ 8 ਵਜੇ ਵੋਟਾਂ ਪਾਉਣ ਦੀ ਪ੍ਰਕਿ੍ਆ ਸ਼ੁਰੂ ਹੋਈ ਅਤੇ ਸ਼ਾਮ 5 ਵਜੇ ਤੱਕ ਜਾਰੀ ਰਹੀ, ਜਿਸ ਦੌਰਾਨ ਅੱਤ ਦੀ ਗਰਮੀ ਦੇ ਬਾਵਜੂਦ ਲੋਕਾਂ ਵਿਚ ਵੋਟ ਪਾਉਣ ਲਈ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਪੋਲਿੰਗ ਬੂਥਾਂ 'ਤੇ ਵੋਟਰਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਰਹੀਆਂ | ਕੌਂਸਲ ਚੋਣਾਂ ਦੌਰਾਨ ਬਜ਼ੁਰਗਾਂ, ਮਹਿਲਾਵਾਂ ਅਤੇ ਨੌਜਵਾਨਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਕੇ ਚੋਣ ਪ੍ਰਕ੍ਰਿਆ ਵਿਚ ਹਿੱਸਾ ਪਾਇਆ | ਵੋਟਿੰਗ ਪ੍ਰਕ੍ਰਿਆ ਮੁਕੰਮਲ ਹੋਣ ਤੋਂ ਬਾਅਦ ਚੋਣ ਅਮਲੇ ਵਲੋਂ ਉਮੀਦਵਾਰਾਂ ਅਤੇ ਪੋਲਿੰਗ ਏਜੰਟਾਂ ਦੀ ਮੌਜੂਦਗੀ ਵਿਚ ਵੋਟਰ ਪੇਟੀਆਂ ਨੂੰ ਸੀਲਬੰਦ ਕਰਕੇ ਪੁਲਿਸ ਦੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਵੱਖ-ਵੱਖ ਸਟਰਾਂਗ ਰੂਮਾਂ ਵਿਚ ਪਹੁੰਚਾਇਆ ਗਿਆ | ਅੱਤ ਦੀ ਗਰਮੀ ਦੌਰਾਨ ਵੱਖ-ਵੱਖ ਪੋਲਿੰਗ ਬੂਥਾਂ 'ਤੇ ਵੋਟਰਾਂ ਲਈ ਪਾਣੀ ਅਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਵੀ ਲਗਾਈਆਂ ਗਈਆਂ ਸਨ | ਚੋਣ ਪ੍ਰਕਿਰਿਆ ਦੌਰਾਨ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਵਲੋਂ ਆਪੋ-ਆਪਣੇ ਉਮੀਦਵਾਰਾਂ ਤੇ ਵਰਕਰਾਂ ਦਾ ਉਤਸ਼ਾਹ ਵਧਾਉਣ ਲਈ ਬੂਥਾਂ ਦਾ ਦੌਰਾ ਕੀਤਾ ਗਿਆ | ਦੱਸਣਯੋਗ ਹੈ ਕਿ ਪੰਜਾਬ ਦੀ 'ਏ' ਕਲਾਸ ਸ਼੍ਰੇਣੀ ਵਾਲੀ ਨਗਰ ਕੌਂਸਲ ਗੋਬਿੰਦਗੜ੍ਹ ਦੇ 29 ਵਾਰਡਾਂ 'ਚੋਂ 28 ਵਾਰਡਾਂ ਲਈ ਮਿਉਂਸਪਲ ਕੌਂਸਲਰਾਂ ਦੀ ਚੋਣ ਲਈ ਆਜ਼ਾਦਾਂ ਸਮੇਤ ਵੱਖ-ਵੱਖ ਸਿਆਸੀ ਪਾਰਟੀਆਂ ਦੇ 119 ਉਮੀਦਵਾਰ ਚੋਣ ਮੈਦਾਨ ਵਿਚ ਹਨ | ਇਸੇ ਤਰ੍ਹਾਂ ਨਗਰ ਕੌਂਸਲ ਸਰਹਿੰਦ-ਫ਼ਤਹਿਗੜ੍ਹ ਸਾਹਿਬ ਦੇ ਕੁਲ 23 ਵਾਰਡਾਂ ਲਈ 94, ਬਸੀ ਪਠਾਣਾਂ ਦੇ 15 ਵਾਰਡਾਂ ਲਈ 77 ਅਤੇ ਨਗਰ ਪੰਚਾਇਤ ਖਮਾਣੋਂ ਦੇ 13 ਵਾਰਡਾਂ ਲਈ 51 ਉਮੀਦਵਾਰ ਚੋਣ ਮੈਦਾਨ ਵਿਚ ਹਨ |
ਡਿਪਟੀ ਕਮਿਸ਼ਨਰ ਤੇ ਜ਼ਿਲ੍ਹਾ ਪੁਲਿਸ ਮੁਖੀ ਵਲੋਂ ਚੋਣ ਅਮਲੇ ਅਤੇ ਵੋਟਰਾਂ ਦਾ ਧੰਨਵਾਦ
ਇਨ੍ਹਾਂ ਚੋਣਾਂ ਨੂੰ ਅਮਨ-ਅਮਾਨ ਨਾਲ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਅਤੇ ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਨੇ ਜ਼ਿਲ੍ਹੇ ਦੇ ਸਮੂਹ ਵੋਟਰਾਂ ਸਮੇਤ ਚੋਣ ਡਿਊਟੀ ਤੇ ਤਾਇਨਾਤ ਸਮੁੱਚੇ ਸਿਵਲ ਅਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਨਗਰ ਕੌਂਸਲ ਚੋਣਾਂ ਨੂੰ ਸ਼ਾਂਤੀਪੂਰਨ ਅਤੇ ਨਿਰਪੱਖ ਢੰਗ ਨਾਲ ਸੰਪੰਨ ਕਰਵਾਉਣ ਲਈ ਪੁਖ਼ਤਾ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ | ਜਿਸ ਵਿਚ ਚੋਣ ਅਮਲਾ, ਪੁਲਿਸ ਮੁਲਾਜ਼ਮਾਂ ਅਤੇ ਵੋਟਰਾਂ ਦਾ ਭਰਪੂਰ ਸਹਿਯੋਗ ਰਿਹਾ | ਉਨ੍ਹਾਂ ਵੋਟਰਾਂ, ਵੱਖ-ਵੱਖ ਸਿਆਸੀ ਪਾਰਟੀਆਂ, ਉਮੀਦਵਾਰਾਂ, ਪੋਲਿੰਗ ਏਜੰਟਾਂ, ਪੁਲਿਸ ਮੁਲਾਜ਼ਮਾਂ ਅਤੇ ਚੋਣ ਅਮਲੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਵਡਮੁੱਲੇ ਸਹਿਯੋਗ ਸਦਕਾ ਹੀ ਇਹ ਚੋਣਾਂ ਸ਼ਾਂਤੀਪੂਰਨ ਅਤੇ ਨਿਰਪੱਖ ਢੰਗ ਨਾਲ ਸੰਪੰਨ ਹੋ ਸਕੀਆਂ ਹਨ | ਉਨ੍ਹਾਂ ਕਿਹਾ ਕਿ ਅੱਜ ਪਈਆਂ ਵੋਟਾਂ ਦੀ ਗਿਣਤੀ 29 ਮਈ ਨੂੰ ਹੋਵੇਗੀ ਅਤੇ ਚੋਣ ਨਤੀਜੇ ਐਲਾਨੇ ਜਾਣਗੇ |
ਚੋਣ ਅਮਲੇ ਵਲੋਂ ਉਮੀਦਵਾਰਾਂ ਤੇ ਪੋਲਿੰਗ ਏਜੰਟਾਂ ਦੀ ਮੌਜੂਦਗੀ ਵਿਚ ਵੋਟਰ ਪੇਟੀਆਂ ਨੂੰ ਸੀਲਬੰਦ ਕਰ ਕੇ ਪੁਲਿਸ ਦੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਵੱਖ-ਵੱਖ ਸਟਰਾਂਗ ਰੂਮਾਂ ਵਿਚ ਪਹੁੰਚਾਇਆ
ਇੱਥੇ ਦੱਸਣਯੋਗ ਹੈ ਕਿ ਵੋਟਿੰਗ ਪ੍ਰਕ੍ਰਿਆ ਮੁਕੰਮਲ ਹੋਣ ਤੋਂ ਬਾਅਦ ਚੋਣ ਅਮਲੇ ਵਲੋਂ ਉਮੀਦਵਾਰਾਂ ਅਤੇ ਪੋਲਿੰਗ ਏਜੰਟਾਂ ਦੀ ਮੌਜੂਦਗੀ ਵਿਚ ਵੋਟਰ ਪੇਟੀਆਂ ਨੂੰ ਸੀਲਬੰਦ ਕਰਕੇ ਪੁਲਿਸ ਦੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਵੱਖ-ਵੱਖ ਸਟਰਾਂਗ ਰੂਮਾਂ ਵਿਚ ਪਹੁੰਚਾਇਆ ਗਿਆ | ਜਿਸ ਵਿਚ ਨਗਰ ਕੌਂਸਲ ਸਰਹਿੰਦ ਫ਼ਤਹਿਗੜ੍ਹ ਸਾਹਿਬ ਦੀਆਂ ਵੋਟ ਪੇਟੀਆਂ ਨੂੰ ਮਾਤਾ ਗੁਜਰੀ ਸਕੂਲ ਆਫ਼ ਐਮੀਨੈਂਸ ਵਿਚ ਬਣਾਏ ਸਟਰਾਂਗ ਵਿਚ ਰੱਖਿਆ ਗਿਆ ਹੈ | ਜਦੋਂਕਿ ਨਗਰ ਕੌਂਸਲ ਬਸੀ ਪਠਾਣਾਂ ਦੀਆਂ ਵੋਟਰ ਪੇਟੀਆਂ ਨੂੰ ਆਈ.ਟੀ.ਆਈ ਬਸੀ ਪਠਾਣਾਂ ਵਿਚ ਬਣਾਏ ਸਟਰਾਂਗ ਰੂਮ ਵਿਚ ਰੱਖਿਆ ਗਿਆ | ਇਸੇ ਤਰ੍ਹਾਂ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦੀਆਂ ਵੋਟ ਪੇਟੀਆਂ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਮਲੋਹ (ਲੜਕੀਆਂ) ਵਿਚ ਸਥਾਪਿਤ ਸਟਰਾਂਗ ਰੂਮ ਵਿਚ ਰਖਵਾਇਆ ਗਿਆ ਹੈ | ਜਦੋਂਕਿ ਨਗਰ ਪੰਚਾਇਤ ਖਮਾਣੋਂ ਦੀਆਂ ਵੋਟ ਪੇਟੀਆਂ ਨੂੰ ਸਕੂਲ ਆਫ਼ ਐਮੀਨੈਂਸ ਖਮਾਣੋਂ ਕਲਾਂ ਵਿਖੇ ਬਣਾਏ ਸਟਰਾਂਗ ਰੂਮ ਵਿਚ ਪੁਲਿਸ ਦੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਰੱਖਿਆ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਅਫ਼ਵਾਹਾਂ ਤੋਂ ਬਚਣ ਤੇ ਆਪਣੀਆਂ ਬੱਚੀਆਂ ਦੀ ਸੁਰੱਖਿਆ ਲਈ ਐਚ.ਪੀ.ਵੀ. ਟੀਕਾਕਰਨ ਜ਼ਰੂਰੀ-ਡਾ. ਨਵਦੀਪ ਕੌਰ ਅਗਲੀ ਖ਼ਬਰ ਭਾਜਪਾ ਆਗੂ ਕੁਲਦੀਪ ਸਿੱਧੂਪੁਰ ਨੇ ਕੀਤਾ ਵੋਟਰਾਂ ਦਾ ਧੰਨਵਾਦ
Ad Position 24