ਬਸੀ ਪਠਾਣਾਂ, 27 ਮਈ (ਪੱਤਰ ਪ੍ਰੇਰਕ)-ਸਿਵਲ ਸਰਜਨ ਫ਼ਤਹਿਗੜ੍ਹ ਸਾਹਿਬ ਡਾ. ਅਰਵਿੰਦ ਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਨਵਦੀਪ ਕੌਰ ਦੀ ਅਗਵਾਈ ਹੇਠ ਪੀ.ਐਚ.ਸੀ. ਨੰਦਪੁਰ ਕਲੌੜ ਵਿਖੇ ਐਚ.ਪੀ.ਵੀ ਟੀਕਾਕਰਨ ਸਬੰਧੀ ਮੀਟਿੰਗ ਕੀਤੀ ਗਈ | ਮੀਟਿੰਗ ਦੌਰਾਨ ਬੱਚੇਦਾਨੀ ਦੇ ਕੈਂਸਰ ਨੂੰ ਰੋਕਣ ਲਈ ਲਾਭਪਾਤਰੀਆਂ ਨੂੰ ਐਚ.ਪੀ.ਵੀ ਟੀਕਾਕਰਨ ਕਰਾਉਣ ਲਈ ਚਰਚਾ ਕੀਤੀ ਗਈ | ਇਸ ਬਾਰੇ ਗੱਲ ਕਰਦਿਆਂ ਡਾ. ਨਵਦੀਪ ਕੌਰ ਨੇ ਕਿਹਾ ਕਿ 14 ਸਾਲ ਤੋਂ 15 ਸਾਲ ਤੱਕ ਦੀਆਂ ਲੜਕੀਆਂ ਨੂੰ ਇਹ ਟੀਕਾ ਸਰਕਾਰੀ ਸੰਸਥਾਵਾਂ ਵਿਚ ਮੁਫ਼ਤ ਲਗਾਇਆ ਜਾਂਦਾ ਹੈ, ਜਦੋਂਕਿ ਨਿੱਜੀ ਹਸਪਤਾਲਾਂ ਵਿਚ ਮਹਿੰਗੀ ਫ਼ੀਸ ਨਾਲ ਇਹ ਟੀਕਾ ਲਗਾਇਆ ਜਾਂਦਾ ਹੈ | ਇਹ ਟੀਕਾਕਰਨ ਲੜਕੀਆਂ ਨੂੰ ਭਵਿੱਖ ਵਿਚ ਹੋਣ ਵਾਲੇ ਬੱਚੇਦਾਨੀ ਦੇ ਕੈਂਸਰ ਦੇ ਖ਼ਤਰੇ ਤੋਂ ਸੁਰੱਖਿਅਤ ਰੱਖਦਾ ਹੈ | ਉਨ੍ਹਾਂ ਜਿੱਥੇ ਸਟਾਫ਼ ਨੂੰ ਸਿਹਤ ਵਿਭਾਗ ਵਲੋਂ ਪ੍ਰਾਪਤ ਹਦਾਇਤਾਂ ਬਾਰੇ ਜਾਣੂ ਕਰਵਾਇਆ, ਉੱਥੇ ਹੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਐਚ.ਪੀ.ਵੀ. ਟੀਕਾਕਰਨ ਸਬੰਧੀ ਅਫ਼ਵਾਹਾਂ ਤੋਂ ਬਚਣ ਅਤੇ ਆਪਣੀਆਂ ਬੱਚੀਆਂ ਦੀ ਸੁਰੱਖਿਆ ਲਈ ਇਹ ਟੀਕਾ ਜ਼ਰੂਰ ਲਗਵਾਉਣ |