ਫ਼ਤਹਿਗੜ ਸਾਹਿਬ, 30 ਮਈ (ਬਲਜਿੰਦਰ ਸਿੰਘ)-ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਜ਼ਿਲਾ ਫ਼ਤਹਿਗੜ ਸਾਹਿਬ ਦਾ ਡੈਲੀਗੇਟ ਇਜਲਾਸ ਗੁਰਦੁਆਰਾ ਸ੍ਰੀ ਫ਼ਤਹਿਗੜ ਸਾਹਿਬ ਦੇ ਮਾਤਾ ਗੁਜਰੀ ਸਰਾਂ ਵਿਖੇ ਸੂਬਾ ਕਨਵੀਨਰ ਦਲਵੀਰ ਸਿੰਘ ਸਿੱਧੂਪੁਰ ਦੀ ਪ੍ਰਧਾਨਗੀ ਹੇਠ ਹੋਇਆ | ਜਿਸ ਵਿਚ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਬੋਗ ਸਿੰਘ ਮਾਨਸਾ ਤੇ ਸੂਬਾ ਪੈੱ੍ਰਸ ਸਕੱਤਰ ਮੇਹਰ ਸਿੰਘ ਥੇੜੀ ਚੋਣ ਅਬਜ਼ਰਵਰ ਵਜੋਂ ਸ਼ਾਮਿਲ ਹੋਏ | ਇਸ ਮੌਕੇ ਜਥੇਬੰਦੀ ਦੀ ਜ਼ਿਲਾ ਇਕਾਈ ਦੀ ਚੋਣ ਕੀਤੀ ਗਈ, ਜਿਸ ਵਿਚ ਵੱਡੀ ਗਿਣਤੀ ਵਿਚ ਡੈਲੀਗੇਟਾਂ ਨੇ ਸ਼ਮੂਲੀਅਤ ਕੀਤੀ ਅਤੇ ਸਰਬਸੰਮਤੀ ਨਾਲ ਗੁਰਮੀਤ ਸਿੰਘ ਰੁੜਕੀ ਨੂੰ ਪ੍ਰਧਾਨ, ਬਹਾਦਰ ਸਿੰਘ ਖੋਜੇਮਾਜਰਾ ਨੂੰ ਜਨਰਲ ਸਕੱਤਰ, ਕੁਲਵੰਤ ਸਿੰਘ ਕਲੌੜ ਨੂੰ ਮੀਤ ਪ੍ਰਧਾਨ, ਨਿਰਭੈ ਸਿੰਘ ਖੇੜਾ ਨੂੰ ਖ਼ਜ਼ਾਨਚੀ, ਕਸ਼ਮੀਰਾ ਸਿੰਘ ਨੂੰ ਪੈੱ੍ਰਸ ਸਕੱਤਰ ਨਿਯੁਕਤ ਕੀਤਾ ਗਿਆ | ਇਸ ਮੌਕੇ ਦਲਵੀਰ ਸਿੰਘ ਸਿੱਧੂਪੁਰ ਸੂਬਾ ਕਨਵੀਨਰ ਨੇ ਨਵੀਂ ਚੁਣੀ ਜ਼ਿਲਾ ਕਮੇਟੀ ਨੂੰ ਵਧਾਈ ਦਿੰਦਿਆਂ ਆਖਿਆ ਕਿ ਉਹ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣ | ਉਨਾਂ ਹਾਜ਼ਰ ਡੈਲੀਗੇਟਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪੰਜਾਬ ਕਮੇਟੀ ਦੀ ਚੋਣ ਲਈ 1 ਜੂਨ ਨੂੰ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਬਹਾਦਰਗੜ ਪਟਿਆਲਾ ਵਿਖੇ ਵੱਧ ਤੋਂ ਵੱਧ ਗਿਣਤੀ ਵਿਚ ਸ਼ਮੂਲੀਅਤ ਕਰਨ | ਇਸ ਮੌਕੇ ਸਰਹਿੰਦ ਬਲਾਕ ਦੇ ਪ੍ਰਧਾਨ ਦਲਵੀਰ ਸਿੰਘ ਸਾਨੀਪੁਰ, ਬਸੀ ਪਠਾਣਾਂ ਬਲਾਕ ਦੇ ਪ੍ਰਧਾਨ ਕੁਲਵੀਰ ਸਿੰਘ ਸ਼ੇਰਗੜ ਬਾੜਾ, ਅਮਲੋਹ ਬਲਾਕ ਦੇ ਪ੍ਰਧਾਨ ਰਜਿੰਦਰ ਸਿੰਘ, ਖਮਾਣੋਂ ਬਲਾਕ ਦੇ ਪ੍ਰਧਾਨ ਬਲਵਿੰਦਰ ਸਿੰਘ ਗਿੱਲ ਆਪਣੇ ਸਾਥੀਆਂ ਸਮੇਤ ਹਾਜ਼ਰ ਹੋਏ | ਇਜਲਾਸ ਦੌਰਾਨ ਜਥੇਬੰਦੀ ਵਲੋਂ ਤੇਲ ਦੀਆਂ ਵਧੀਆਂ ਕੀਮਤਾਂ ਵਿਰੁੱਧ ਰੋਸ ਪ੍ਰਗਟ ਕੀਤਾ ਗਿਆ ਅਤੇ 2 ਜੂਨ ਨੂੰ ਸੰਯੁਕਤ ਕਿਸਾਨ ਮੋਰਚੇ ਵਲੋਂ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਦੀ ਹਮਾਇਤ ਕੀਤੀ ਗਈ |