ਫ਼ਤਹਿਗੜ੍ਹ ਸਾਹਿਬ, 12 ਜੂਨ (ਬਲਜਿੰਦਰ ਸਿੰਘ)-ਬਹੁਜਨ ਸਮਾਜ ਪਾਰਟੀ ਦੇ ਸੂਬਾ ਜਨਰਲ ਸਕੱਤਰ ਕੁਲਵੰਤ ਸਿੰਘ ਮਹਿਤੋਂ ਦੀ ਅਗਵਾਈ ਹੇਠ ਅੱਜ ਪਾਰਟੀ ਆਗੂਆਂ ਤੇ ਵਰਕਰਾਂ ਵਲੋਂ ਸੂਬੇ ਵਿਚ ਬੇਰੁਜ਼ਗਾਰੀ, ਨਸ਼ਿਆਂ ਦੀ ਬੇ-ਰੋਕ ਵਿੱਕਰੀ, ਸਮਾਜਿਕ ਅਤੇ ਸਰਕਾਰੀ ਤਸ਼ੱਦਦ ਵਿਰੁੱਧ ਕਾਰਵਾਈ ਕਰਵਾਉਣ ਦੀ ਮੰਗ ਸਬੰਧੀ ਪੰਜਾਬ ਰਾਜਪਾਲ ਦੇ ਨਾਂਅ ਡਿਪਟੀ ਕਮਿਸ਼ਨਰ ਫ਼ਤਹਿਗੜ੍ਹ ਸਾਹਿਬ ਨੂੰ ਮੈਮੋਰੰਡਮ ਸੌਂਪਿਆ ਗਿਆ | ਇਸ ਮੌਕੇ ਬਸਪਾ ਦੇ ਸੂਬਾ ਜਨਰਲ ਸਕੱਤਰ ਕੁਲਵੰਤ ਸਿੰਘ ਮਹਿਤੋਂ ਅਤੇ ਸੂਬਾ ਸਕੱਤਰ ਗੁਰਮੀਤ ਸਿੰਘ ਚੋਬਦਾਰਾਂ ਨੇ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਦੇ ਕਾਰਜਕਾਲ ਦੌਰਾਨ ਸੂਬੇ ਦੀ ਕਾਨੂੰਨ ਵਿਵਸਥਾ ਬਦ ਤੋਂ ਬਦਤਰ ਹੋ ਚੁੱਕੀ ਹੈ, ਕਿਉਂਕਿ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਣ ਵਾਲਾ ਪੁਲਿਸ ਤੰਤਰ ਹੀ ਸਰਕਾਰ ਦੀ ਸ਼ਹਿ 'ਤੇ ਆਪਣਾ ਹੱਕ ਮੰਗਣ ਵਾਲੇ ਪ੍ਰਦਰਸ਼ਨਕਾਰੀਆਂ 'ਤੇ ਤਸ਼ੱਦਦ ਢਾਹ ਰਿਹਾ ਹੈ | ਜਿਸ ਦਾ ਤਾਜ਼ਾ ਮਾਮਲਾ ਬੀਤੇ ਦਿਨੀਂ ਪਟਿਆਲਾ ਵਿਖੇ ਆਪਣੇ ਹੱਕ ਲਈ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਬੇਰੁਜ਼ਗਾਰ ਲਾਈਨਮੈਨਾਂ 'ਤੇ ਪੁਲਸੀਆ ਤਸ਼ੱਦਦ ਢਾਹੁਣ ਨਾਲ ਸਾਹਮਣੇ ਆਇਆ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪੜ੍ਹੇ-ਲਿਖੇ ਨੌਜੁਆਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਵਿਚ ਫ਼ੇਲ੍ਹ ਸਾਬਤ ਹੋਈ ਹੈ ਅਤੇ ਹੱਕ ਮੰਗਣ 'ਤੇ ਉਨ੍ਹਾਂ 'ਤੇ ਲਾਠੀਆਂ ਵਰਾਈਆਂ ਜਾ ਰਹੀਆਂ ਹਨ | ਅਜਿਹੀਆਂ ਘਟਨਾਵਾਂ ਜਿੱਥੇ ਸਰਕਾਰ ਦੀ ਦੇਸ਼ ਦੇ ਸੰਵਿਧਾਨ ਪ੍ਰਤੀ ਗੈਰ ਸੰਵਿਧਾਨਿਕ ਪਹੁੰਚ ਨੂੰ ਦਰਸਾਉਂਦੀਆਂ ਹਨ, ਉੱਥੇ ਹੀ ਕਾਨੂੰਨ ਵਿਵਸਥਾ ਦੇ ਚਰਮਰਾ ਜਾਣ ਦਾ ਸੁਨੇਹਾ ਵੀ ਦਿੰਦੀਆਂ ਹਨ, ਜਿਸ ਨਾਲ ਸੂਬੇ ਦੇ ਲੋਕਾਂ ਅੰਦਰ ਖ਼ਾਸ ਕਰਕੇ ਬਹੁਜਨ ਸਮਾਜ ਅੰਦਰ ਸਰਕਾਰੀ ਸਿਸਟਮ ਪ੍ਰਤੀ ਬੇਭਰੋਸਗੀ ਪੈਦਾ ਹੋ ਰਹੀ ਹੈ ਅਤੇ ਵੱਡੀ ਪੱਧਰ ਤੇ ਰੋਸ ਵੀ ਪਣਪ ਰਿਹਾ ਹੈ | ਅਜਿਹਾ ਕਰਕੇ ਸਰਕਾਰ ਸੂਬੇ ਦੀ ਸ਼ਾਂਤੀ ਲਈ ਵੀ ਵੱਡਾ ਖ਼ਤਰਾ ਖੜ੍ਹਾ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਬਸਪਾ ਵਲੋਂ ਪੰਜਾਬ ਸਰਕਾਰ ਦੀ ਆਮ ਨਾਗਰਿਕਾਂ ਪ੍ਰਤੀ ਬੇਰੁਖ਼ੀ ਨੂੰ ਦੇਖਦੇ ਹੋਏ 'ਪੰਜਾਬ ਸੰਭਾਲੋ' ਮੁਹਿੰਮ ਤਹਿਤ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪੰਜਾਬ ਰਾਜਪਾਲ ਦੇ ਨਾਂਅ ਡਿਪਟੀ ਕਮਿਸ਼ਨਰਾਂ ਰਾਹੀਂ ਮੈਮੋਰੰਡਮ ਭੇਜੇ ਜਾ ਰਹੇ ਹਨ | ਉਨ੍ਹਾਂ ਮੰਗ ਕੀਤੀ ਕਿ ਬੇਰੁਜ਼ਗਾਰ 2600 ਟੈੱਸਟ ਪਾਸ ਅਪਰੈਂਟਿਸਸ਼ਿਪ ਨੌਜਵਾਨਾਂ ਨੂੰ ਵਿਭਾਗ ਅੰਦਰ ਪੱਕਾ ਰੁਜ਼ਗਾਰ ਦਿੱਤਾ ਜਾਵੇ ਅਤੇ ਜ਼ਖਮੀਆਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ | ਮਿ੍ਤਕਾਂ ਦੇ ਆਸ਼ਰਿਤਾਂ ਨੂੰ ਤਰਸ ਦੇ ਆਧਾਰ ਤੇ ਬਣਦਾ ਹੱਕ ਦਿੱਤਾ ਜਾਵੇ | ਮਲੋਟ ਤੇ ਤਰਨਤਾਰਨ ਵਿਚ ਹੋਈਆਂ ਘਟਨਾਵਾਂ ਦੇ ਦੋਸ਼ੀਆਂ ਵਿਰੁੱਧ ਸਖ਼ਤ ਕਾਨੰੂਨੀ ਕਾਰਵਾਈ ਕੀਤੀ ਜਾਵੇ ਅਤੇ ਦਲਿਤਾਂ ਤੇ ਹੋ ਰਿਹਾ ਅੱਤਿਆਚਾਰ ਬੰਦ ਹੋਵੇ | ਨਿਹੱਥੇ ਨੌਜਵਾਨਾਂ ਤੇ ਜਬਰ ਢਾਹੁਣ ਵਾਲੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ | ਪੰਜਾਬ ਦੇ ਸਰਕਾਰੀ ਕਰਮਚਾਰੀਆਂ ਤੇ ਪੈਨਸ਼ਨਰਾਂ ਦਾ ਬਣਦਾ 18 ਫ਼ੀਸਦੀ ਡੀ.ਏ ਦਾ ਏਰੀਅਰ ਤੁਰੰਤ ਪ੍ਰਭਾਵ ਨਾਲ ਜਾਰੀ ਕੀਤਾ ਜਾਵੇ | ਦਿਨ ਦਿਹਾੜੇ ਨਸ਼ਿਆਂ ਦੀ ਸਪਲਾਈ ਨੂੰ ਰੋਕਣ ਅਤੇ ਅਪਰਾਧਿਕ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਠੋਸ ਕਦਮ ਚੁੱਕੇ ਜਾਣ | ਇਸ ਮੌਕੇ 'ਤੇ ਸੂਬਾ ਜਨਰਲ ਸਕੱਤਰ ਗੁਰਮੀਤ ਸਿੰਘ ਚੋਬਦਾਰਾਂ, ਜਤਿੰਦਰ ਸਿੰਘ ਬਰਵਾਲੀ ਜ਼ਿਲ੍ਹਾ ਪ੍ਰਧਾਨ, ਪਾਲ ਸਿੰਘ ਨਲੀਨੀ ਪ੍ਰਧਾਨ ਹਲਕਾ ਫ਼ਤਹਿਗੜ੍ਹ ਸਾਹਿਬ, ਸ਼ਿੰਦਰਪਾਲ ਸਿੰਘ ਪ੍ਰਧਾਨ ਹਲਕਾ ਅਮਲੋਹ, ਜੇ.ਈ ਕੁਲਵੰਤ ਸਿੰਘ ਪ੍ਰਧਾਨ ਹਲਕਾ ਬਸੀ ਪਠਾਣਾਂ, ਮੋਹਨ ਸਿੰਘ ਭੱਟਮਾਜਰਾ ਜ਼ਿਲ੍ਹਾ ਖ਼ਜ਼ਾਨਚੀ, ਸਰਦਾਰਾ ਸਿੰਘ ਨਬੀਪੁਰ ਹਲਕਾ ਇੰਚਾਰਜ, ਰਾਜਿੰਦਰ ਸਿੰਘ ਨਸਰਾਲੀ ਜ਼ਿਲ੍ਹਾ ਸਕੱਤਰ, ਸੋਹਣ ਸਿੰਘ ਕੰਗ, ਮਾਸਟਰ ਤਾਰਾ ਸਿੰਘ ਨਬੀਪੁਰ, ਲੈਕਚਰਾਰ ਨਾਹਰ ਸਿੰਘ, ਕੁਲਵੰਤ ਸਿੰਘ ਪਾਂਧੀ, ਪਾਲ ਸਿੰਘ ਭਾਂਬਰੀ, ਮੋਹਣ ਸਿੰਘ ਭਾਂਬਰੀ, ਪਾਲ ਸਿੰਘ ਚੜ੍ਹੀ, ਕਰਮਜੀਤ ਸਿੰਘ ਬਰਵਾਲੀ ਖ਼ੁਰਦ, ਭੀਮ ਸਿੰਘ ਮਾਣਕੀ, ਹਰਭਜਨ ਸਿੰਘ ਪਨੈਚਾਂ, ਮਨੀਸ਼ ਸੰਘੋਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਹਾਜ਼ਰ ਸਨ |