ਫ਼ਤਹਿਗੜ੍ਹ ਸਾਹਿਬ, 14 ਜੂਨ (ਮਨਪ੍ਰੀਤ ਸਿੰਘ)-ਸੰਤ ਨਿਰੰਕਾਰੀ ਸਤਿਸੰਗ ਭਵਨ, ਸਰਹਿੰਦ ਵਿਖੇ ਬਰਾਂਚ ਪੱਧਰੀ ਬਾਲ ਸਮਾਗਮ ਦਾ ਆਯੋਜਨ ਬੜੀ ਸ਼ਰਧਾ, ਉਤਸ਼ਾਹ ਅਤੇ ਸੁਚੱਜੇ ਪ੍ਰਬੰਧਾਂ ਨਾਲ ਕੀਤਾ ਗਿਆ | ਇਸ ਮੌਕੇ ਵੱਡੀ ਗਿਣਤੀ 'ਚ ਬੱਚਿਆਂ ਅਤੇ ਸੰਗਤਾਂ ਨੇ ਸ਼ਮੂਲੀਅਤ ਕਰਕੇ ਸਮਾਗਮ ਨੂੰ ਸਫ਼ਲ ਬਣਾਇਆ | ਸਮਾਗਮ ਦੌਰਾਨ ਰਾਜਪੁਰਾ ਤੋਂ ਪਹੁੰਚੇ ਪ੍ਰਚਾਰਕ ਮਹਾਤਮਾ ਮਦਨ ਲਾਲ ਨੇ ਸਤਿਗੁਰੂ ਮਾਤਾ ਸੁਦੀਕਸ਼ਾ ਮਹਾਰਾਜ ਦਾ ਪਾਵਨ ਪਵਿੱਤਰ ਸੰਦੇਸ਼ ਦਿੱਤਾ | ਉਨ੍ਹਾਂ ਨੇ ਆਪਣੇ ਪ੍ਰੇਰਣਾਦਾਇਕ ਪ੍ਰਵਚਨਾਂ 'ਚ ਕਿਹਾ ਕਿ ਅਧਿਆਤਮਿਕ ਰੰਗ ਵਿਚ ਰੰਗੇ ਹੋਏ , ਬੱਚੇ ਹੀ ਭਵਿੱਖ ਦੇ ਨੇਕ, ਇਮਾਨਦਾਰ ਅਤੇ ਜ਼ਿੰਮੇਵਾਰ ਨਾਗਰਿਕ ਬਣਦੇ ਹਨ | ਉਨ੍ਹਾਂ ਕਿਹਾ ਕਿ ਬਚਪਨ ਵਿਚ ਪ੍ਰਾਪਤ ਕੀਤੇ ਚੰਗੇ ਸੰਸਕਾਰ ਅਤੇ ਮਨੁੱਖੀ ਕਦਰਾਂ-ਕੀਮਤਾਂ ਬੱਚਿਆਂ ਦੇ ਵਿਅਕਤੀਤਵ ਨੂੰ ਨਿਖਾਰਦੀਆਂ ਹਨ ਅਤੇ ਉਨ੍ਹਾਂ ਨੂੰ ਜੀਵਨ ਦੇ ਹਰ ਖੇਤਰ ਵਿਚ ਸਹੀ ਦਿਸ਼ਾ ਪ੍ਰਦਾਨ ਕਰਦੀਆਂ ਹਨ | ਉਨ੍ਹਾਂ ਨੇ ਕਿਹਾ ਕਿ ਅਜੋਕੇ ਸਮੇਂ ਵਿਚ ਸਿਰਫ਼ ਅਕਾਦਮਿਕ ਸਿੱਖਿਆ ਹੀ ਕਾਫ਼ੀ ਨਹੀਂ, ਸਗੋਂ ਨਿਰੰਕਾਰ ਪ੍ਰਭੂ ਦੀ ਅਰਾਧਨਾ, ਅਧਿਆਤਮਿਕ ਚੇਤਨਾ, ਨਿਮਰਤਾ, ਸਚਾਈ, ਸੇਵਾ-ਭਾਵਨਾ, ਪਿਆਰ, ਸਹਿਣਸ਼ੀਲਤਾ ਅਤੇ ਮਨੁੱਖਤਾ ਵਰਗੇ ਗੁਣ ਵੀ ਬੱਚਿਆਂ ਦੇ ਜੀਵਨ ਦਾ ਅਟੁੱਟ ਹਿੱਸਾ ਬਣਨੇ ਚਾਹੀਦੇ ਹਨ | ਅਜਿਹੇ ਗੁਣ ਉਨ੍ਹਾਂ ਨੂੰ ਇਕ ਜ਼ਿੰਮੇਵਾਰ ਇਨਸਾਨ ਅਤੇ ਸਮਾਜ ਲਈ ਪ੍ਰੇਰਣਾਸਰੋਤ ਬਣਾਉਂਦੇ ਹਨ | ਉਨ੍ਹਾਂ ਨੇ ਸੰਗਤ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਬਾਲ ਸੰਗਤ ਨਾਲ਼ ਲਗਾਤਾਰ ਜੋੜਦੇ ਹੋਏ, ਨੈਤਿਕ ਸਿੱਖਿਆ ਅਤੇ ਅਧਿਆਤਮਿਕ ਗਤੀਵਿਧੀਆਂ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕਰਨ, ਕਿਉਂਕਿ ਪਰਿਵਾਰ ਅਤੇ ਸਮਾਜ ਦੇ ਸਾਂਝੇ ਯਤਨਾਂ ਨਾਲ ਰੱਬੀ ਰੰਗ 'ਚ ਰਹਿ ਕੇ ਹੀ ਇਕ ਚੰਗੀ ਅਤੇ ਚਰਿੱਤਰਵਾਨ ਪੀੜ੍ਹੀ ਦਾ ਨਿਰਮਾਣ ਸੰਭਵ ਹੈ | ਬਾਲ ਸਮਾਗਮ ਦੌਰਾਨ ਬੱਚਿਆਂ ਨੇ ਭਗਤੀਮਈ ਗੀਤ, ਕਵਿਤਾਵਾਂ, ਪ੍ਰੇਰਣਾਦਾਇਕ ਵਿਚਾਰ ਅਤੇ ਸੱਭਿਆਚਾਰਕ ਪੇਸ਼ਕਾਰੀਆਂ ਰਾਹੀਂ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਉਨ੍ਹਾਂ ਦੀਆਂ ਪੇਸ਼ਕਾਰੀਆਂ ਨੇ ਹਾਜ਼ਰ ਸੰਗਤ ਨੂੰ ਪ੍ਰਭਾਵਿਤ ਕੀਤਾ ਅਤੇ ਅਧਿਆਤਮਿਕ ਮਾਹੌਲ ਨੂੰ ਹੋਰ ਵੀ ਭਗਤੀਮਈ ਤੇ ਰੌਣਕ ਮਈ ਬਣਾ ਦਿੱਤਾ | ਅੰਤ ਵਿਚ ਸਥਾਨਕ ਬਰਾਂਚ ਦੇ ਪ੍ਰਬੰਧਕਾਂ ਵਲੋਂ ਸਮੂਹ ਸੰਗਤ, ਬੱਚਿਆਂ ਅਤੇ ਮਾਪਿਆਂ ਦਾ ਧੰਨਵਾਦ ਕੀਤਾ ਗਿਆ |