ਫ਼ਤਹਿਗੜ੍ਹ ਸਾਹਿਬ, 14 ਜੂਨ (ਬਲਜਿੰਦਰ ਸਿੰਘ)-ਜ਼ਿਲ੍ਹਾ ਲਿਖਾਰੀ ਸਭਾ ਫ਼ਤਹਿਗੜ੍ਹ ਸਾਹਿਬ ਵਲੋਂ ਸਥਾਨਕ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਖੇ ਪੰਚਮ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਅਤੇ ਜੂਨ 1984 ਦੇ ਸ਼ਹੀਦਾਂ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ | ਇਸ ਮੌਕੇ ਰੰਗਕਰਮੀ ਤੇ ਲੇਖਕ ਸੰਜੀਵਨ ਸਿੰਘ ਜੋ ਲੇਖਕ ਸੰਤੋਖ ਸਿੰਘ ਧੀਰ ਦੇ ਭਤੀਜੇ ਅਤੇ ਨਾਮਵਰ ਵਕੀਲ ਤੇ ਲੇਖਕ ਰਿਪੁਦਮਨ ਸਿੰਘ ਰੂਪ ਦੇ ਸਪੁੱਤਰ ਹਨ, ਉਚੇਚੇ ਤੌਰ 'ਤੇ ਆਪਣੇ ਨਜ਼ਦੀਕੀ ਦੋਸਤ ਡਾ. ਜਸਵੰਤ ਸਿੰਘ ਮੈਡੀਕਲ ਅਫ਼ਸਰ ਨਾਲ ਪੁੱਜੇ | ਜ਼ਿਲ੍ਹਾ ਲਿਖਾਰੀ ਸਭਾ ਖੰਨਾ ਦੇ ਕੋਆਰਡੀਨੇਟਰ ਸਨੇਹਇੰਦਰ ਮੀਲੂ ਨੇ ਪੁੱਜ ਕੇ ਸਭਾ ਦਾ ਮਾਣ ਵਧਾਇਆ | ਪ੍ਰਧਾਨਗੀ ਮੰਡਲ 'ਚ ਸਭਾ ਦੀ ਪ੍ਰਧਾਨ ਪਰਮਜੀਤ ਕੌਰ ਸਰਹਿੰਦ ਦੇ ਨਾਲ ਸਭਾ ਦੇ ਸਰਪ੍ਰਸਤ ਲਾਲ ਮਿਸਤਰੀ, ਰੰਗਕਰਮੀ ਸੰਜੀਵਨ ਸਿੰਘ ਤੇ ਡਾ. ਜਸਵੰਤ ਸਿੰਘ ਸ਼ਾਮਿਲ ਹੋਏ | ਮੰਚ ਸੰਚਾਲਨ ਦੀ ਜ਼ਿੰਮੇਵਾਰੀ ਸਭਾ ਦੇ ਸਕੱਤਰ ਪਿ੍ੰ. ਸੁਖਵਿੰਦਰ ਸਿੰਘ ਢਿੱਲੋਂ ਨੇ ਬਾਖ਼ੂਬੀ ਨਿਭਾਈ | ਉਨ੍ਹਾਂ ਨੇ ਆਏ ਸਾਹਿਤਕਾਰਾਂ ਤੇ ਮਹਿਮਾਨਾਂ ਦਾ ਸਵਾਗਤ ਕੀਤਾ | ਉਪਰੰਤ ਸਭਾ ਦੀ ਪ੍ਰਧਾਨ ਪਰਮਜੀਤ ਕੌਰ ਸਰਹਿੰਦ ਨੇ ਪ੍ਰੋਗਰਾਮ ਦੀ ਸ਼ੁਰੂਆਤ ਸ਼ਹੀਦਾਂ ਨੂੰ ਸਮਰਪਿਤ 'ਸਾਨੂੰ ਮਿਲੀ ਸ਼ਹਾਦਤ ਗੁੜ੍ਹਤੀਆਂ' 'ਚੋਂ ਹੈ ਬੰਦ ਬੰਦ ਕਟਾਉਣ ਦੀ ਜਾਚ ਸਾਨੂੰ, ਤੱਤੀ ਤਵੀ ਤੇ ਉਬਲਦੀ ਦੇਗ ਦੇ ਨਾਲ ਲਹਿੰਦੀ ਖੋਪੜੀ ਦੀ ਯਾਦ ਹੈ ਬਾਤ ਸਾਨੂੰ' ਸਤਰਾਂ ਨਾਲ ਕਰਵਾਈ ਆਏ ਲੇਖਕਾਂ ਅਮਰਬੀਰ ਸਿੰਘ ਚੀਮਾ, ਸਿਮਰਨਜੀਤ ਸਿੰਘ, ਅਜਮੇਰ ਸਿੰਘ ਮਾਨ, ਅਵਤਾਰ ਸਿੰਘ ਪੁਆਰ, ਬਚਨ ਸਿੰਘ ਗੁਰਮ, ਸੁਖਵੰਤ ਸਿੰਘ ਭੱਟੀ, ਲਾਲ ਮਿਸਤਰੀ, ਗੁਰਪ੍ਰੀਤ ਸਿੰਘ ਬੀੜ, ਕਿਸ਼ਨ, ਪ੍ਰੇਮ ਲਤਾ, ਮੇਜਰ ਸਿੰਘ, ਤਵਿੰਦਰ ਸਿੰਘ ਚੱਢਾ, ਸਾਧੂ ਸਿੰਘ ਪਨਾਗ ਨੇ ਕਾਵਿ ਰਚਨਾਵਾਂ ਪੇਸ਼ ਕੀਤੀਆਂ | ਕਮਲਜੀਤ ਸਿੰਘ ਡਡਹੇੜੀ ਨੇ ਵੀ ਵਿਚਾਰ ਸਾਂਝੇ ਕੀਤੇ | ਪਿ੍ੰਸੀਪਲ ਸੁਖਵਿੰਦਰ ਸਿੰਘ ਢਿੱਲੋਂ, ਪਰਮਜੀਤ ਕੌਰ ਸਰਹਿੰਦ ਤੇ ਸਨੇਹਇੰਦਰ ਨੇ ਗੁਰੂ ਅਰਜਨ ਦੇਵ ਜੀ ਦੇ ਜੀਵਨ ਅਤੇ ਪੰਚਮ ਪਾਤਸ਼ਾਹ ਦੀ ਸ਼ਹਾਦਤ ਤੇ ਜੂਨ 84 ਦੇ ਸ਼ਹੀਦਾਂ ਨੂੰ ਸਮਰਪਿਤ ਭਾਸ਼ਨ ਰੂਪ ਵਿਚ ਇਤਿਹਾਸਕ ਤੱਥ ਪੇਸ਼ ਕੀਤੇ | ਸੰਜੀਵਨ ਸਿੰਘ ਨੇ ਆਪਣੇ ਪਿਤਾ ਰਿਪੁਦਮਨ ਸਿੰਘ ਰੂਪ ਦੇ ਸਦੀਵੀ ਵਿਛੋੜੇ ਸਮੇਂ ਸਭਾ ਵਲੋਂ ਪ੍ਰਗਟਾਈ ਹਮਦਰਦੀ ਲਈ ਧੰਨਵਾਦ ਕੀਤਾ ਤੇ ਆਪਣੇ ਪਰਿਵਾਰ ਅਤੇ ਸਾਹਿਤਕ ਪੱਖ ਬਾਰੇ ਚਰਚਾ ਕੀਤੀ ਲਿਖਾਰੀ ਸਭਾ ਫ਼ਤਹਿਗੜ੍ਹ ਸਾਹਿਬ ਦੀਆਂ ਪ੍ਰਾਪਤੀਆਂ ਅਤੇ ਸਦਾ ਕਾਰਜਸ਼ੀਲ ਰਹਿਣ ਲਈ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਵਧਾਈ ਦਿੱਤੀ | ਜ਼ਿਕਰਯੋਗ ਹੈ ਕਿ ਸੰਜੀਵਨ ਸਿੰਘ ਨੇ ਉੱਚ ਪਾਏ ਦੇ ਨਾਟਕ ਲਿਖੇ ਤੇ ਭਾਸ਼ਾ ਵਿਭਾਗ ਪੰਜਾਬ, ਪਟਿਆਲਾ ਵਲੋਂ ਆਈ.ਸੀ. ਨੰਦਾ ਪੁਰਸਕਾਰ ਪ੍ਰਾਪਤ ਕੀਤਾ | ਲੇਖਕਾਂ ਤੋਂ ਇਲਾਵਾ ਸਾਹਿਤਕ ਪ੍ਰੇਮੀ ਹਰਪ੍ਰੀਤ ਸਿੰਘ ਸਮਰਾਲਾ, ਲਖਵੀਰ ਸਿੰਘ ਖਾਲਸਪੁਰ , ਰੰਗਕਰਮੀ ਗੁਰਪ੍ਰੀਤ ਸਿੰਘ ਬਰਗਾੜੀ, ਕਮਲਜੋਤ ਸਿੰਘ ਮੱਟੂ ਤੇ ਜਸ਼ਨ ਮੱਟੂ ਵੀ ਹਾਜ਼ਰ ਰਹੇ | ਸਮੁੱਚੇ ਸਮਾਗਮ ਦੀ ਦੇਖ-ਰੇਖ ਸਭਾ ਦੇ ਪ੍ਰੈੱਸ ਸਕੱਤਰ ਅਮਰਬੀਰ ਸਿੰਘ ਚੀਮਾ, ਜਸ਼ਨ ਮੱਟੂ ਤੇ ਕਮਲਜੋਤ ਸਿੰਘ ਮੱਟੂ ਅਤੇ ਸਿਮਰਨਜੀਤ ਸਿੰਘ ਨੇ ਬਹੁਤ ਜ਼ਿੰਮੇਵਾਰੀ ਨਾਲ ਕੀਤੀ | ਸਭਾ ਵਲੋਂ ਰੰਗਕਰਮੀ ਸੰਜੀਵਨ ਸਿੰਘ, ਡਾ. ਜਸਵੰਤ ਸਿੰਘ ਤੇ ਸਨੇਹਇੰਦਰ ਮੀਲੂ ਨੂੰ ਸਭਾ ਦੀਆਂ ਸਾਂਝੀਆਂ ਅਤੇ ਪਰਮਜੀਤ ਕੌਰ ਸਰਹਿੰਦ ਦੀਆਂ ਪੁਸਤਕਾਂ ਦੇ ਸੈੱਟ ਦੇ ਕੇ ਸਨਮਾਨਿਤ ਕੀਤਾ ਗਿਆ | ਅਖ਼ੀਰ ਵਿਚ ਪਰਮਜੀਤ ਕੌਰ ਸਰਹਿੰਦ ਨੇ ਪ੍ਰਧਾਨਗੀ ਭਾਸ਼ਨ 'ਚ ਵਿਸ਼ੇਸ਼ ਤੌਰ 'ਤੇ ਅਦਾਰਾ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ, ਸੀ.ਸੈਂ. ਪਬਲਿਕ ਸਕੂਲ ਫ਼ਤਹਿਗੜ੍ਹ ਸਾਹਿਬ ਦੇ ਚੇਅਰਮੈਨ ਅਮਰਿੰਦਰ ਸਿੰਘ ਲਿਬੜਾ, ਪਿ੍ੰਸੀਪਲ ਅਰਸ਼ਦੀਪ ਕੌਰ ਤੇ ਸਾਰੇ ਮੈਂਬਰਾਂ ਦਾ ਲਿਖਾਰੀ ਸਭਾ ਫ਼ਤਹਿਗੜ੍ਹ ਸਾਹਿਬ ਵਲੋਂ ਧੰਨਵਾਦ ਕਰਦਿਆਂ ਕਿਹਾ ਕਿ ਇਸ ਸਾਹਿਤਕ ਤੇ ਧਾਰਮਿਕ ਸਮਾਗਮ ਲਈ ਇਕੱਠੇ ਹੋਣ ਲਈ ਸਥਾਨ ਮੁਹੱਈਆ ਕਰਵਾਕੇ ਉਨ੍ਹਾਂ ਨੇ ਸਾਹਿਤਕਾਰਾਂ ਦੇ ਮਨਾਂ ਵਿਚ ਆਪਣਾ ਪਹਿਲਾਂ ਨਾਲੋਂ ਵੀ ਵੱਧ ਆਦਰਯੋਗ ਸਥਾਨ ਬਣਾ ਲਿਆ ਹੈ |