11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਮਾਤਾ ਗੁਜਰੀ ਕਾਲਜ ਵਿਖੇ ਉੱਚਕੋਟੀ ਦੀਆਂ ਖੇਡ ਸਹੂਲਤਾਂ ਉਪਲਬਧ-ਡਾ. ਬਿਕਰਮਜੀਤ ਸਿੰਘ ਸੰਧੂ

Ad Position 21
No active advertisement
ਅਜੀਤ ਡੈਸਕ 21-06-2026
ਫ਼ਤਹਿਗੜ੍ਹ ਸਾਹਿਬ, 20 ਜੂਨ (ਬਲਜਿੰਦਰ ਸਿੰਘ)-ਉੱਤਰੀ ਭਾਰਤ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ ਵਿਖੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਨੂੰ ਮੁੱਖ ਰੱਖਦਿਆਂ ਉਨ੍ਹਾਂ ਨੂੰ ਵਿੱਦਿਅਕ ਖੇਤਰ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿਚ ਵੀ ਆਪਣੀ ਪ੍ਰਤਿਭਾ ਨਿਖਾਰਨ ਅਤੇ ਉੱਚ ਪੱਧਰ ’ਤੇ ਪ੍ਰਦਰਸ਼ਨ ਕਰਨ ਦੇ ਭਰਪੂਰ ਮੌਕੇ ਮਿਲਦੇ ਹਨ। ਵੱਖ-ਵੱਖ ਮੌਕਿਆਂ ’ਤੇ ਕਾਲਜ ਦੇ ਖਿਡਾਰੀਆਂ ਨੇ ਕਬੱਡੀ, ਕ੍ਰਿਕਟ, ਫੁੱਟਬਾਲ, ਕੁਸ਼ਤੀ, ਵੇਟ ਲਿਫ਼ਟਿੰਗ, ਪਾਵਰ ਲਿਫ਼ਟਿੰਗ, ਹੈਂਡਬਾਲ, ਅਥਲੈਟਿਕਸ, ਸ਼ਤਰੰਜ ਅਤੇ ਬੈਡਮਿੰਟਨ ਸਮੇਤ ਵੱਖ-ਵੱਖ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ। ਕਾਲਜ ਦੇ ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ ਸੰਧੂ ਨੇ ਕਿਹਾ ਕਿ ਕਾਲਜ ਵਿਚ ਮਿਆਰੀ ਖੇਡ ਸਹੂਲਤਾਂ ਨਾਲ ਲੈਸ ਗਰਾਊਂਡਾਂ, ਕੋਚਿੰਗ ਅਤੇ ਹੋਸਟਲ ਦੀਆਂ ਜ਼ਰੂਰੀ ਸਹੂਲਤਾਂ ਉਪਲਬਧ ਹਨ। ਡਾ. ਸੰਧੂ ਨੇ ਖੇਡਾਂ ਦੇ ਮਹੱਤਵ ਬਾਰੇ ਦੱਸਦਿਆਂ ਕਿਹਾ ਕਿ ਖੇਡਾਂ ਜਿੱਥੇ ਵਿਦਿਆਰਥੀਆਂ ਨੂੰ ਸਰੀਰਕ ਤੌਰ ’ਤੇ ਤੰਦਰੁਸਤ, ਮਾਨਸਿਕ ਤੌਰ ’ਤੇ ਮਜ਼ਬੂਤ ਅਤੇ ਸਮਾਜਿਕ ਤੌਰ ’ਤੇ ਜ਼ਿੰਮੇਵਾਰ ਬਣਾਉਂਦੀਆਂ ਹਨ, ਉੱਥੇ ਨਾਲ ਹੀ ਵਿਦਿਆਰਥੀਆਂ ਵਿਚ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ, ਆਤਮ-ਵਿਸ਼ਵਾਸ ਵਧਾਉਣ ਅਤੇ ਟੀਮ ਭਾਵਨਾ ਨੂੰ ਮਜ਼ਬੂਤ ਕਰਨ ਵਿਚ ਵੀ ਮਹੱਤਵਪੂਰਨ ਯੋਗਦਾਨ ਪਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਖਿਡਾਰੀਆਂ ਦੀਆਂ ਖੇਡ ਪ੍ਰਾਪਤੀਆਂ ਦੇ ਪੱਧਰ ਨੂੰ ਧਿਆਨ ਵਿਚ ਰੱਖਦਿਆਂ ਸ਼੍ਰੋਮਣੀ ਕਮੇਟੀ ਦੇ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਦੀ ਖੇਡਾਂ ਨਾਲ ਸੰਬੰਧਿਤ ਨੀਤੀ ਤਹਿਤ ਫ਼ੀਸ ਵਿਚ ਵਿਸ਼ੇਸ਼ ਰਿਆਇਤਾਂ ਵੀ ਦਿੱਤੀਆਂ ਜਾਂਦੀਆਂ ਹਨ। ਇੱਥੇ ਇਹ ਵਰਨਣਯੋਗ ਹੈ ਕਿ ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ ਸੰਧੂ ਇਕ ਅੰਤਰਰਾਸ਼ਟਰੀ ਰੇਟਿਡ ਚੈੱਸ ਖਿਡਾਰੀ ਹਨ, ਜੋ ਪੰਜਾਬ ਸਟੇਟ ਚੈੱਸ ਐਸੋਸੀਏਸ਼ਨ ਵਿਚ ਪ੍ਰਧਾਨ ਅਤੇ ਸਕੱਤਰ ਵਜੋਂ ਮਹੱਤਵਪੂਰਨ ਜ਼ਿੰਮੇਵਾਰੀਆਂ ਨਿਭਾ ਚੁੱਕੇ ਹਨ। ਖੇਡਾਂ ਦੇ ਖੇਤਰ ਨਾਲ ਉਨ੍ਹਾਂ ਦੀ ਡੂੰਘੀ ਸਾਂਝ ਰਹੀ ਹੈ ਅਤੇ ਉਹ ਕਾਲਜ ਦੀ ਕ੍ਰਿਕਟ ਟੀਮ ਦੇ ਇੰਚਾਰਜ ਵਜੋਂ ਵੀ ਸਫਲਤਾਪੂਰਵਕ ਸੇਵਾਵਾਂ ਦੇ ਚੁੱਕੇ ਹਨ। ਇਸ ਮੌਕੇ ਜ਼ਿਲ੍ਹਾ ਬਾਸਕਟਬਾਲ ਕੋਚ ਰਾਹੁਲਦੀਪ ਸਿੰਘ ਨੇ ਕਾਲਜ ਦੀਆਂ ਸ਼ਾਨਦਾਰ ਖੇਡ ਉਪਲਬਧੀਆਂ ਦੀ ਪ੍ਰਸੰਸਾ ਕਰਦਿਆਂ ਕਾਲਜ ਦੇ ਹੋਣਹਾਰ ਖਿਡਾਰੀਆਂ ਨੂੰ ਜ਼ਿਲ੍ਹਾ ਖੇਡ ਦਫ਼ਤਰ ਵਲੋਂ ਉੱਚ ਦਰਜੇ ਦੀਆਂ ਖੇਡ ਸਹੂਲਤਾਂ ਅਤੇ ਸਿਖਲਾਈ ਦੇ ਮੌਕੇ ਉਪਲਬਧ ਕਰਵਾਉਣ ਦਾ ਭਰੋਸਾ ਵੀ ਦਿੱਤਾ। ਕਾਲਜ ਦੇ ਡੀਨ ਸਪੋਰਟਸ ਡਾ. ਦਵਿੰਦਰ ਸਿੰਘ ਨੇ ਦੱਸਿਆ ਕਿ ਕਾਲਜ ਵਿਖੇ ਵਿਸ਼ਾਲ ਖੇਡ ਸਟੇਡੀਅਮ, 400 ਮੀਟਰ ਦਾ ਅਥਲੈਟਿਕ ਟਰੈਕ, ਆਧੁਨਿਕ ਸਹੂਲਤਾਂ ਨਾਲ ਲੈਸ ਜਮਨੇਜ਼ੀਅਮ, ਕ੍ਰਿਕਟ, ਫੁੱਟਬਾਲ, ਵਾਲੀਬਾਲ, ਬਾਸਕਟਬਾਲ, ਬੈਡਮਿੰਟਨ, ਲਾਅਨ ਟੈਨਿਸ, ਕਬੱਡੀ ਅਤੇ ਐਥਲੈਟਿਕਸ ਆਦਿ ਖੇਡਾਂ ਲਈ ਉੱਚ ਪੱਧਰੀ ਮੈਦਾਨ ਅਤੇ ਹੋਰ ਜ਼ਰੂਰੀ ਸਹੂਲਤਾਂ ਉਪਲਬਧ ਹਨ। ਕੋਚ ਬਹਾਦਰ ਸਿੰਘ ਨੇ ਦੱਸਿਆ ਕਿ ਕਾਲਜ ਦੇ ਖਿਡਾਰੀਆਂ ਨੂੰ ਤਜਰਬੇਕਾਰ ਕੋਚਾਂ ਦੀ ਨਿਗਰਾਨੀ ਹੇਠ ਨਿਯਮਿਤ ਅਤੇ ਉੱਚ ਪੱਧਰੀ ਸਿਖਲਾਈ ਪ੍ਰਦਾਨ ਕੀਤੀ ਜਾਂਦੀ ਹੈ, ਜਿਸ ਸਦਕਾ ਖਿਡਾਰੀਆਂ ਨੇ ਵੱਖ-ਵੱਖ ਉੱਚ ਪੱਧਰ ਦੇ ਖੇਡ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਲਜ ਅਤੇ ਸਮੁੱਚੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਰਾਸ਼ਟਰੀ ਬਾਕਸਰ ਅਤੇ ਐਨ.ਸੀ.ਸੀ. ਅਫ਼ਸਰ ਲੈਫ਼ਟੀਨੈਂਟ ਡਾ. ਪੁਸ਼ਪਿੰਦਰ ਸਿੰਘ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜੇਕਰ ਕਿਸਾਨਾਂ ਨੂੰ ਯੂਰੀਆ ਨਾ ਮਿਲਿਆ ਤਾਂ 22 ਨੂੰ ਬਸੀ ਪਠਾਣਾਂ ਮੋਰਿੰਡਾ ਰੋਡ ’ਤੇ ਆਵਾਜਾਈ ਠੱਪ ਕੀਤੀ ਜਾਵੇਗੀ-ਵਜੀਦਪੁਰ ਅਗਲੀ ਖ਼ਬਰ ਦਮਨਜੋਤ ਸਿੰਘ ਚੀਮਾ ਸ਼੍ਰੋਮਣੀ ਅਕਾਲੀ ਦਲ (ਬ) ਯੂਥ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਨਿਯੁਕਤ
Ad Position 24