ਬਸੀ ਪਠਾਣਾਂ, 20 ਜੂਨ (ਪੱਤਰ ਪ੍ਰੇਰਕ)-ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਅਹਿਮ ਮੀਟਿੰਗ ਬਸੀ ਪਠਾਣਾਂ ਵਿਚ ਜ਼ਿਲ੍ਹਾ ਜਨਰਲ ਸਕੱਤਰ ਗੁਰਜੀਤ ਸਿੰਘ ਵਜੀਦਪੁਰ ਦੀ ਅਗਵਾਈ ਵਿਚ ਹੋਈ। ਇਸ ਮੌਕੇ ਵਜੀਦਪੁਰ ਨੇ ਕਿਹਾ ਕਿ ਝੋਨੇ ਦੇ ਚੱਲ ਰਹੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਵੱਖ-ਵੱਖ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਵਿਚ ਸਭ ਤੋਂ ਵੱਡੀ ਮੁਸ਼ਕਿਲ ਯੂਰੀਆ ਖਾਦ ਦੀ ਹੈ। ਉਨ੍ਹਾਂ ਕਿਹਾ ਕਿ 1 ਜੂਨ ਤੋਂ ਸਰਕਾਰ ਨੇ ਝੋਨਾ ਲਵਾਉਣਾ ਸ਼ੁਰੂ ਕੀਤਾ ਸੀ ਪ੍ਰੰਤੂ ਅਜੇ ਤੱਕ ਝੋਨੇ ਦੇ ਵਿਚ ਜੋ ਯੂਰੀਆ ਖਾਦ ਪਾਉਣੀ ਹੈ, ਉਹ ਕਿਸਾਨਾਂ ਤੱਕ ਨਹੀਂ ਪਹੁੰਚੀ। ਕੁਝ ਸੁਸਾਇਟੀਆਂ ਇਹੋ ਜਿਹੀਆਂ ਹਨ ਜਿੱਥੇ ਇਕ ਵੀ ਥੈਲਾ ਖਾਦ ਦਾ ਨਹੀਂ ਆਇਆ। ਕਿਸਾਨਾਂ ਨੂੰ ਪ੍ਰਾਈਵੇਟ ਦੁਕਾਨਦਾਰਾਂ ਅਤੇ ਕਈ ਸੁਸਾਇਟੀਆਂ ਵਲੋਂ ਬੇਲੋੜੀਆਂ ਚੀਜ਼ਾਂ ਜਬਰੀ ਥੋਪੀਆਂ ਜਾ ਰਹੀਆਂ ਹਨ ਅਤੇ ਜੇਕਰ ਕੋਈ ਕਿਸਾਨ ਬੇਲੋੜੀ ਚੀਜ਼ ਨਹੀਂ ਲੈਂਦਾ ਤਾਂ ਉਸ ਨੂੰ ਯੂਰੀਆ ਤੋਂ ਮਨਾ ਕਰ ਦਿੱਤਾ ਜਾਂਦਾ ਹੈ। ਗੁਰਜੀਤ ਸਿੰਘ ਨੇ ਕਿਹਾ ਕਿ ਕਿਸਾਨਾਂ ਦੀ ਲੁੱਟ ਨੂੰ ਰੋਕਣ ਅਤੇ ਕਿਸਾਨਾਂ ਨੂੰ ਜੋ ਖਾਦ ਚਾਹੀਦੀ ਹੈ, ਉਸ ਨੂੰ ਪੂਰਾ ਕਰਨ ਲਈ ਬਸੀ ਪਠਾਣਾਂ ਵਿਖੇ ਏ.ਆਰ ਨਾਲ ਭਾਕਿਯੂ ਏਕਤਾ ਸਿੱਧੂਪੁਰ ਦੇ ਵਫ਼ਦ ਨੇ ਮੁਲਾਕਾਤ ਕੀਤੀ ਸੀ ਜਿਸ ਵਿਚ ਉਨ੍ਹਾਂ ਜੰਗ ਦਾ ਹਵਾਲਾ ਦਿੰਦਿਆਂ ਕਿਹਾ ਕਿ ਯੂਰੀਆ ਪਿੱਛੋਂ ਹੀ ਨਹੀਂ ਆ ਰਿਹਾ। ਪ੍ਰੰਤੂ 20 ਦਿਨ ਬੀਤ ਜਾਣ ਤੋਂ ਬਾਅਦ ਵੀ ਕਿਸਾਨਾਂ ਨੂੰ ਯੂਰੀਆ ਨਹੀਂ ਮਿਲ ਰਿਹਾ ਅਤੇ ਝੋਨੇ ਦੀ ਬਿਜਾਈ ਲਈ ਹੁਣ ਯੂਰੀਏ ਦੀ ਬਹੁਤ ਲੋੜ ਹੈ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਅਤੇ ਸਰਕਾਰ ਦੀ ਇਸ ਨਾਲਾਇਕੀ ਦੇ ਵਿਰੋਧ ਵਿਚ 22 ਜੂਨ ਨੂੰ ਬਸੀ ਪਠਾਣਾਂ- ਮੋਰਿੰਡਾ ਰੋਡ ’ਤੇ ਆਵਾਜਾਈ ਠੱਪ ਕੀਤੀ ਜਾਵੇਗੀ। ਇਸ ਮੌਕੇ ’ਤੇ ਅਮਰਜੀਤ ਸਿੰਘ ਮੈੜਾਂ, ਪ੍ਰਕਾਸ਼ ਸਿੰਘ ਬੱਬਲ, ਬਲਪ੍ਰੀਤ ਸਿੰਘ ਅਬਦੁੱਲਾਪੁਰ, ਚਤਰ ਸਿੰਘ ਹੁਸੈਨਪੁਰਾ, ਬਲਵਿੰਦਰ ਸਿੰਘ ਮੈਣ ਮਾਜਰੀ, ਗੁਰਪ੍ਰੀਤ ਸਿੰਘ ਜਰਖੇਲਾਂ ਖੇੜੀ, ਬਲਕਾਰ ਸਿੰਘ ਜਰਖੇਲਾਂ ਖੇੜੀ, ਇੰਦਰਜੀਤ ਸਿੰਘ, ਸੁਰਿੰਦਰ ਸਿੰਘ ਮੈਣ ਮਾਜਰੀ, ਸੁਖਵਿੰਦਰ ਸਿੰਘ ਵਜੀਦਪੁਰ ਵੀ ਹਾਜ਼ਰ ਸਨ।