ਫ਼ਤਹਿਗੜ੍ਹ ਸਾਹਿਬ, 20 ਜੂਨ (ਮਨਪ੍ਰੀਤ ਸਿੰਘ)-ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ (ਸਾਬਕਾ ਸਿੱਖਿਆ ਮੰਤਰੀ ਦਿੱਲੀ) ਨੇ ਸਰਹਿੰਦ ਦੇ ਸੋਹਣ ਫਾਰਮ ਵਿਖੇ ਵਲੰਟੀਅਰ ਮਿਲਣੀ ਕੀਤੀ। ਇਸ ਵਿਚ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਪੰਜਾਬ ਸਰਕਾਰ ਵਲੋਂ ਕੀਤੇ ਗਏ ਕੰਮਾਂ ਸਬੰਧੀ ਆਮ ਲੋਕਾਂ ਦੀ ਰਾਏ ਲਈ ਗਈ ਅਤੇ ਆਉਣ ਵਾਲੀ ਵਿਧਾਨ ਸਭਾ 2027 ਦੀਆਂ ਚੋਣਾਂ ਲੜਨ ਦੀ ਰਣਨੀਤੀ ਉਲੀਕੀ ਗਈ। ਇਸ ਮੌਕੇ ਮਨੀਸ਼ ਸਿਸੋਦੀਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ਦੇ ਦੌਰਾਨ ਪੰਜਾਬ ਨੇ ਬਹੁਤ ਤਰੱਕੀ ਕੀਤੀ ਹੈ, ਇਸ ਦੌਰਾਨ ਜਿੱਥੇ ਸੂਬਾ ਸਿੱਖਿਆ ਦੇ ਖੇਤਰ ਵਿਚ ਪਹਿਲੇ ਨੰਬਰ ਤੇ ਆਇਆ ਹੈ, ਉੱਥੇ ਹੀ 10 ਲੱਖ ਰੁਪਏ ਤੱਕ ਦੇ ਸਿਹਤ ਬੀਮਾ ਯੋਜਨਾ ਦੇ ਕਾਰਡਾਂ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਇੱਥੇ ਹੀ ਬੱਸ ਨਹੀਂ ਜਿੱਥੇ ਆਮ ਲੋਕਾਂ ਨੂੰ ਬਿਜਲੀ ਦੇ ਵੱਡੇ-ਵੱਡੇ ਬਿਲਾਂ ਤੋਂ ਛੁਟਕਾਰਾ ਮਿਲਿਆ, ਉੱਥੇ ਹੀ ਸੂਬੇ ਵਿਚ ਨਹਿਰੀ ਪਾਣੀ ਪਿੰਡਾਂ ਦੀਆਂ ਟੇਲਾਂ ਤੱਕ ਪਹੁੰਚਿਆ ਹੈ, ਜਿਸ ਦੀ ਬਦੌਲਤ ਪੰਜਾਬ ਵਿਚ 78 ਫ਼ੀਸਦੀ ਨਹਿਰੀ ਪਾਣੀ ਇਸਤੇਮਾਲ ਹੋ ਰਿਹਾ ਹੈ ਤੇ ਧਰਤੀ ਹੇਠਲਾ ਪਾਣੀ ਬਚਿਆ ਹੈ ਤੇ ਕੇਂਦਰ ਦੀਆਂ ਰਿਪੋਰਟਾਂ ਮੁਤਾਬਿਕ ਡੇਢ ਤੋਂ ਦੋ ਮੀਟਰ ਤੱਕ ਪਾਣੀ ਦਾ ਲੈਵਲ ਉੱਪਰ ਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਭਰ ਦੇ ਅੰਦਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੁਆਰਾ ਮੁੱਖ ਮੰਤਰੀ ਬਣਾਉਣ ਦੀ ਗੱਲ ਚੱਲ ਰਹੀ ਹੈ, ਇਹ ਤਾਂ ਹੀ ਸੰਭਵ ਹੋਵੇਗਾ ਜੇਕਰ ਵਲੰਟੀਅਰ ਹਰ ਘਰ ਤੱਕ ਪਹੁੰਚ ਕਰਨਗੇ ਅਤੇ ਪੰਜਾਬ ਸਰਕਾਰ ਵਲੋਂ ਦਿੱਤੀਆਂ ਗਈਆਂ ਸੁਵਿਧਾਵਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣਗੇ। ਇਸ ਲਈ ਵਲੰਟੀਅਰਾਂ ਨੂੰ ਅੱਜ ਤੋਂ ਹੀ ਮੈਦਾਨ ਵਿਚ ਕੁੱਦ ਜਾਣਾ ਚਾਹੀਦਾ ਹੈ ਅਤੇ ਹਰ ਉਸ ਘਰ ਤੱਕ ਪਹੁੰਚ ਕਰਨੀ ਚਾਹੀਦੀ ਹੈ, ਜਿਸ ਘਰ ਤੱਕ ਹੁਣ ਤੱਕ ਪਹੁੰਚ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਭਾਵੇਂ ਉਹ ਕਾਂਗਰਸ ਦੀ ਹੋਵੇ, ਭਾਵੇਂ ਅਕਾਲੀ-ਭਾਜਪਾ ਗੱਠਜੋੜ ਦੀ, ਦੋਵਾਂ ਨੇ ਹੀ ਪੰਜਾਬ ਨੂੰ ਰਲ਼ ਕੇ ਲੁੱਟਿਆ ਤੇ ਕੁੱਟਿਆ ਹੈ। ਉਨ੍ਹਾਂ ਦੀਆਂ ਗ਼ਲਤ ਨੀਤੀਆਂ ਤੋਂ ਤੰਗ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ ਹੈ ਅਤੇ ਆਮ ਆਦਮੀ ਪਾਰਟੀ ਨੇ ਸਾਢੇ ਚਾਰ ਸਾਲਾਂ ਵਿਚ ਉਹ ਸਾਰੇ ਵਾਅਦੇ ਪੂਰੇ ਕੀਤੇ ਹਨ ਜਿਹੜੇ ਉਨ੍ਹਾਂ ਚੋਣਾਂ ਤੋਂ ਪਹਿਲਾਂ ਲੋਕਾਂ ਦੇ ਨਾਲ ਕੀਤੇ ਸਨ। ਇਨ੍ਹਾਂ ਵਾਅਦਿਆਂ ਨੂੰ ਪੂਰਾ ਕਰਕੇ ਪੰਜਾਬ ਨੇ ਵਿਕਾਸ ਕੀਤਾ ਹੈ ਜੇਕਰ ਅਸੀਂ ਦੁਆਰਾ ਚਾਹੁੰਦੇ ਹਾਂ ਕਿ ਪੰਜਾਬ ਹੋਰ ਤਰੱਕੀ ਕਰੇ ਤਾਂ ਭਗਵੰਤ ਸਿੰਘ ਮਾਨ ਨੂੰ ਮੁੱਖ ਮੰਤਰੀ ਬਣਾਉਣ ਦੇ ਲਈ ਲੜਾਈ ਲੜਨੀ ਹੋਵੇਗੀ। ਇਸ ਮੌਕੇ ਹਲਕਾ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਜਿੱਥੇ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਵਲੰਟੀਅਰਾਂ ਦਾ ਸਵਾਗਤ ਕੀਤਾ, ਉੱਥੇ ਹੀ ਸਾਰਿਆਂ ਦਾ ਧੰਨਵਾਦ ਵੀ ਕੀਤਾ। ਅੰਤ ਵਿਚ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਵਲੋਂ 21 ਜੂਨ ਨੂੰ ਪਿੰਡ ਚਨਾਰਥਲ ਕਲਾਂ ਵਿਖੇ ਕੀਤੀ ਜਾਣ ਵਾਲੀ ਪਿੰਡ ਮਿਲਣੀ ਵਿਚ ਸ਼ਾਮਿਲ ਹੋਣ ਦੀ ਅਪੀਲ ਵੀ ਕੀਤੀ। ਇਸ ਮੌਕੇ ‘ਆਪ’ ਆਗੂ ਪ੍ਰਦੀਪ ਮਲਹੋਤਰਾ, ਜ਼ਿਲ੍ਹਾ ਪ੍ਰਧਾਨ ਅਜੈ ਸਿੰਘ ਲਿਬੜਾ, ਐਡ. ਕੰਵਰਵੀਰ ਸਿੰਘ ਰਾਏ, ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ, ਚੇਅਰਮੈਨ ਰਸ਼ਪਿੰਦਰ ਸਿੰਘ ਰਾਜਾ, ਦੀਪਕ ਬਾਤਿਸ਼, ਰਮੇਸ਼ ਕੁਮਾਰ ਸੋਨੂੰ, ਅਸੀਸ ਅਤਰੀ, ਕੌਂਸਲਰ ਆਸ਼ਾ ਰਾਣੀ, ਕੌਂਸਲਰ ਜਤਿੰਦਰ ਕੌਰ ਬਾਤਿਸ਼, ਕੌਂਸਲਰ ਗੁਰਵਿੰਦਰ ਕੌਰ, ਨਵਜੋਤ ਜਰਗ, ਗੁਰਪ੍ਰੀਤ ਭਿੰਡਰ, ਮਨਦੀਪ ਪੋਲਾ, ਮਾਸਟਰ ਸੰਤੋਖ ਸਿੰਘ, ਸੰਦੀਪ ਭੱਲਮਾਜਰਾ, ਗੁਰਮੁੱਖ ਬ੍ਰਾਹਮਣ ਮਾਜਰਾ, ਰਾਜ ਦਵਿੰਦਰ ਲਾਡੀ ਖਰ੍ਹੇ, ਸਰਪੰਚ ਸਤਪਾਲ ਸਿੰਘ, ਦਵਿੰਦਰ ਸਿੰਘ, ਨੰਬਰਦਾਰ ਬੰਟੀ ਸੈਣੀ, ਸਨੀ ਚੋਪੜਾ, ਐਡਵੋਕੇਟ ਰੀਨਾ ਰਾਣੀ, ਜਸਵੀਰ ਕੌਰ ਰਾਮਦਾਸ ਨਗਰ, ਹਰਪ੍ਰੀਤ ਸਿੰਘ ਵਿੱਕੀ ਚਾਹਲ, ਬਲਜਿੰਦਰ ਕੌਰ, ਗੁਰਬਚਨ ਕੌਰ, ਅਮਰਦੀਪ ਸਿੰਘ, ਸੰਦੀਪ ਵੈਦ, ਐਡ. ਗੌਰਵ ਅਰੋੜਾ, ਮੋਹਿਤ ਸੂਦ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਾਰਟੀ ਵਲੰਟੀਅਰ ਹਾਜ਼ਰ ਸਨ।