ਬਸੀ ਪਠਾਣਾਂ, 20 ਜੂਨ (ਐਚ.ਐਸ. ਗੌਤਮ)-ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਦੇ ਤਹਿਤ ਅੱਜ ਮੁਹੱਲਾ ਕਟਹਿਰਾ ਦੇ ਆਂਗਣਵਾੜੀ ਸੈਂਟਰ ਵਿਚ ਹਲਕਾ ਵਿਧਾਇਕ ਰੁਪਿੰਦਰ ਸਿੰਘ ਹੈਪੀ ਦੀ ਅਗਵਾਈ ਹੇਠ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤਾ ਗਿਆ। ਕੈਂਪ ਦੌਰਾਨ ਯੋਜਨਾ ਦੇ ਫਾਰਮ ਭਰਨ ਦੀ ਸ਼ੁਰੂਆਤ ਸੀਨੀਅਰ ਕੌਂਸਲਰ ਰਜਨੀ ਬਾਲਾ ਟੂਲਾਨੀ ਵਲੋਂ ਕਰਵਾਈ ਗਈ। ਇਸ ਮੌਕੇ ਆਂਗਣਵਾੜੀ ਵਰਕਰ ਸੁਨੀਤਾ ਰਾਣੀ ਅਤੇ ਰੀਟਾ ਰਾਣੀ ਨੇ ਦੱਸਿਆ ਕਿ ਯੋਜਨਾ ਦਾ ਲਾਭ ਵੱਧ ਤੋਂ ਵੱਧ ਯੋਗ ਮਹਿਲਾਵਾਂ ਤੱਕ ਪਹੁੰਚਾਉਣ ਲਈ ਹਰਵਿੰਦਰ ਕੌਰ, ਗੁਰਸਿਮਰਨ ਕੌਰ, ਭਵਨੀਤ ਕੌਰ, ਗੁਰਪ੍ਰੀਤ ਕੌਰ ਅਤੇ ਪੂਨਮ ਰਾਣੀ ਨੇ ਘਰ-ਘਰ ਜਾ ਕੇ ਫਾਰਮ ਇਕੱਠੇ ਕਰਨ ਦਾ ਕੰਮ ਕੀਤਾ, ਜਦਕਿ ਰਾਜਵਿੰਦਰ ਕੌਰ, ਜੱਸੀ ਢਿੱਲੋਂ, ਕਿਰਨ ਬਾਲਾ ਅਤੇ ਚਰਨਜੀਤ ਕੌਰ ਨੇ ਲੋਕਾਂ ਨੂੰ ਸਰਕਾਰ ਦੀ ਇਸ ਮਹੱਤਵਪੂਰਨ ਯੋਜਨਾ ਬਾਰੇ ਜਾਗਰੂਕ ਅਤੇ ਲਾਮਬੰਦ ਕੀਤਾ। ਇਸ ਮੌਕੇ ਕੌਂਸਲਰ ਰਜਨੀ ਬਾਲਾ ਟੂਲਾਨੀ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਇਹ ਯੋਜਨਾ ਮਹਿਲਾਵਾਂ ਦੇ ਸਨਮਾਨ ਅਤੇ ਆਰਥਿਕ ਸਸ਼ਕਤੀਕਰਨ ਵੱਲ ਇਕ ਅਹਿਮ ਕਦਮ ਹੈ, ਜਿਸ ਦਾ ਲਾਭ ਹਰ ਯੋਗ ਮਹਿਲਾ ਤੱਕ ਪਹੁੰਚਾਉਣ ਲਈ ਯਤਨ ਜਾਰੀ ਰਹਿਣਗੇ।