ਫ਼ਤਹਿਗੜ੍ਹ ਸਾਹਿਬ, 28 ਜੂਨ (ਬਲਜਿੰਦਰ ਸਿੰਘ)-ਕੇਂਦਰ ਦੀ ਸੱਤਾ ‘ਤੇ ਕਾਬਜ਼ ਭਾਜਪਾ ਸਰਕਾਰ ਦੇ ਪਿਛਲੇ ਕਰੀਬ 12 ਸਾਲਾਂ ਦੇ ਕਾਰਜਕਾਲ ਦੌਰਾਨ ਕਈ ਪ੍ਰਤੀਯੋਗੀ ਪ੍ਰੀਖਿਆਵਾਂ ਦੇ ਪੇਪਰ ਲੀਕ ਹੋਏ ਹਨ, ਜਿਸ ਕਾਰਨ ਲੱਖਾਂ ਵਿਦਿਆਰਥੀਆਂ ਦਾ ਭਵਿੱਖ ਪ੍ਰਭਾਵਿਤ ਹੋਇਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਤਾਰ ਕੰਪਲੈਕਸ ਵਿਖੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਰਿੰਦਰ ਸਿੰਘ ਰਾਮਗੜ੍ਹ ਦੀ ਅਗਵਾਈ ਹੇਠ ਸੱਦੀ ਪ੍ਰੈੱਸ ਕਾਨਫ਼ਰੰਸ ਦੌਰਾਨ ਰਾਜਪੁਰਾ ਤੋਂ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਅਤੇ ਫ਼ਤਹਿਗੜ੍ਹ ਸਾਹਿਬ ਦੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਆਗੂਆਂ ਨੇ ਕਿਹਾ ਕਿ ਪੇਪਰ ਲੀਕ ਦੀਆਂ ਘਟਨਾਵਾਂ ਕਾਰਨ ਹਜ਼ਾਰਾਂ ਪਰਿਵਾਰ ਮਾਨਸਿਕ ਤੌਰ ‘ਤੇ ਪ੍ਰਭਾਵਿਤ ਹੋਏ ਹਨ ਅਤੇ ਵਿਦਿਆਰਥੀਆਂ ਵਿਚ ਨਿਰਾਸ਼ਾ ਪਾਈ ਜਾ ਰਹੀ ਹੈ। ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਦੋਸ਼ ਲਗਾਇਆ ਕਿ ਸਾਲ 2005 ਵਿਚ ਦੇਸ਼ ਦੇ 71 ਫ਼ੀਸਦੀ ਤੋਂ ਵੱਧ ਵਿਦਿਆਰਥੀ ਸਰਕਾਰੀ ਸਕੂਲਾਂ ਵਿਚ ਸਿੱਖਿਆ ਪ੍ਰਾਪਤ ਕਰਦੇ ਸਨ, ਪਰ ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਇਕ ਲੱਖ ਤੋਂ ਵੱਧ ਸਰਕਾਰੀ ਸਕੂਲ ਬੰਦ ਹੋਣ ਕਾਰਨ ਲੋਕਾਂ ਨੂੰ ਪ੍ਰਾਈਵੇਟ ਸਕੂਲਾਂ ਵੱਲ ਰੁੱਖ ਕਰਨਾ ਪਿਆ। ਇਸ ਨਾਲ ਸਿੱਖਿਆ ਦਾ ਵੱਡੇ ਪੱਧਰ ‘ਤੇ ਨਿੱਜੀਕਰਨ ਹੋਇਆ। ਜਿਸ ਦਾ ਸਿੱਧਾ ਆਰਥਿਕ ਬੋਝ ਮਾਪਿਆਂ ਦੀ ਜੇਬ ‘ਤੇ ਪਿਆ। ਕੰਬੋਜ ਨੇ ਕਿਹਾ ਕਿ ਕਾਂਗਰਸ ਪਾਰਟੀ ਵਿਦਿਆਰਥੀਆਂ ਦੇ ਹੱਕਾਂ ਦੀ ਰੱਖਿਆ ਲਈ ਦੇਸ਼-ਪੱਧਰੀ ਅੰਦੋਲਨ ਸ਼ੁਰੂ ਕਰੇਗੀ ਅਤੇ ਪਾਰਟੀ ਵਲੋਂ ਬਣਾਏ ਜਾਣ ਵਾਲੇ ਪ੍ਰੋਗਰਾਮ ਅਨੁਸਾਰ ਬੂਥ ਅਤੇ ਵਾਰਡ ਪੱਧਰ ਤੱਕ ਜਾ ਕੇ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਨੀਤੀਆਂ ਅਤੇ ਕਥਿਤ ਭ੍ਰਿਸ਼ਟਾਚਾਰ ਬਾਰੇ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਦੇਸ਼ ਦੇ ਨੌਜਵਾਨਾਂ ਦੇ ਭਵਿੱਖ ਨੂੰ ਕੋਈ ਸੁਰੱਖਿਅਤ ਕਰ ਸਕਦਾ ਹੈ ਤਾਂ ਉਹ ਕਾਂਗਰਸ ਆਗੂ ਰਾਹੁਲ ਗਾਂਧੀ ਹਨ, ਜਿਨ੍ਹਾਂ ਨੇ ਪਹਿਲਾਂ ਵੀ ਨੀਟ ਅਤੇ ਹੋਰ ਪ੍ਰਤੀਯੋਗੀ ਪ੍ਰੀਖਿਆਵਾਂ ਵਿਚ ਪੇਪਰ ਲੀਕ ਦੇ ਮਾਮਲਿਆਂ ‘ਤੇ ਆਵਾਜ਼ ਬੁਲੰਦ ਕੀਤੀ ਸੀ। ਇਸ ਮੌਕੇ ਉਨ੍ਹਾਂ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਤੋਂ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਅਸਤੀਫ਼ੇ ਦੀ ਮੰਗ ਵੀ ਕੀਤੀ ਗਈ। ਉਨ੍ਹਾਂ ਦੋਸ਼ ਲਗਾਇਆ ਕਿ ਵੱਖ-ਵੱਖ ਅਹੁਦਿਆਂ ‘ਤੇ ਆਪਣੇ ਚਹੇਤਿਆਂ ਨੂੰ ਨਿਯੁਕਤ ਕਰਕੇ ਯੋਗ ਲੋਕਾਂ ਦੇ ਹੱਕਾਂ ‘ਤੇ ਡਾਕਾ ਮਾਰਿਆ ਜਾ ਰਿਹਾ ਹੈ, ਭਰਤੀ ਪ੍ਰਕਿਰਿਆਵਾਂ ਵਿਚ ਵੀ ਪਾਰਦਰਸ਼ਤਾ ਦੀ ਘਾਟ ਹੈ ਅਤੇ ਦਿੱਲੀ ਦੇ ਇਸ਼ਾਰਿਆਂ ‘ਤੇ ਫ਼ੈਸਲੇ ਲਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਦੀ ਬਜਾਏ ਦਿੱਲੀ ਦੇ ਆਗੂਆਂ ਦੇ ਇਸ਼ਾਰਿਆਂ ‘ਤੇ ਕੰਮ ਕਰ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਲੋਕ ਹੁਣ ਸਰਕਾਰ ਦੀਆਂ ਨੀਤੀਆਂ ਤੋਂ ਨਿਰਾਸ਼ ਹੋ ਚੁੱਕੇ ਹਨ ਅਤੇ ਪਹਿਲਾਂ ਵੱਡੀਆਂ ਰੈਲੀਆਂ ਕਰਨ ਵਾਲੀ ਪਾਰਟੀ ਹੁਣ ਨੁੱਕੜ ਮੀਟਿੰਗਾਂ ਤੱਕ ਸੀਮਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਲੋਕ ਇਨ੍ਹਾਂ ਮੀਟਿੰਗਾਂ ਨੂੰ ਵੀ ਨਕਾਰ ਦੇਣਗੇ। ਇਸ ਮੌਕੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੋਣਾਂ ਦੌਰਾਨ ਕਿਸਾਨਾਂ ਨਾਲ ਕੀਤੇ ਵਾਅਦੇ ਯਾਦ ਕਰਵਾਉਂਦਿਆਂ ਕਿਹਾ ਕਿ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਦੇਣ ਦਾ ਵਾਅਦਾ ਅਜੇ ਤੱਕ ਪੂਰਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦਾ ਕਿਸਾਨ ਬਿਜਲੀ ਅਤੇ ਪਾਣੀ ਦੀ ਸਮੱਸਿਆ ਨਾਲ ਜੂਝਣ ਕਰਕੇ ਗੰਭੀਰ ਮੁਸ਼ਕਿਲਾਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਖੇਤੀਬਾੜੀ ਪ੍ਰਭਾਵਿਤ ਹੋ ਰਹੀ ਹੈ। ਇਸ ਮੌਕੇ ‘ਤੇ ਸ਼ਾਲੀਕਾ ਕੁਰਾਣਾ ਨੈਸ਼ਨਲ ਕੋਆਰਡੀਨੇਟਰ ਮਹਿਲਾ ਕਾਂਗਰਸ, ਬਲਾਕ ਪ੍ਰਧਾਨ ਸਰਹਿੰਦ ਗੁਰਮੁਖ ਸਿੰਘ ਪੰਡਰਾਲੀ, ਬਲਾਕ ਪ੍ਰਧਾਨ ਖਮਾਣੋਂ ਸਰਬਜੀਤ ਸਿੰਘ ਜੀਤੀ, ਬਲਾਕ ਪ੍ਰਧਾਨ ਖੇੜਾ ਗੁਰਬਰਿੰਦਰ ਸਿੰਘ ਭਗੜਾਣਾ, ਬਲਾਕ ਪ੍ਰਧਾਨ ਅਮਲੋਹ ਜਗਬੀਰ ਸਿੰਘ ਸਲਾਣਾ, ਬਲਾਕ ਪ੍ਰਧਾਨ ਗੋਬਿੰਦਗੜ੍ਹ ਸੰਜੀਵ ਦੱਤਾ, ਬਲਾਕ ਪ੍ਰਧਾਨ ਅਮੀ ਚੰਦ ਭਟੇੜੀ, ਐੱਸ. ਸੀ ਸੈੱਲ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਲੱਖਾ, ਡਾ. ਨਰੇਸ਼ ਚੌਹਾਨ, ਡਾ. ਅਮਨਦੀਪ ਢੋਲੇਵਾਲ,ਦਵਿੰਦਰ ਸਿੰਘ ਜੱਲ੍ਹਾ, ਭੁਪਿੰਦਰ ਸਿੰਘ ਬਧੌਛੀ, ਗੁਰਭੇਜ ਸਿੰਘ ਰਾਏ, ਪਰਮਿੰਦਰ ਕੌਰ, ਬਲਜਿੰਦਰ ਸਿੰਘ ਅਤਾਪੁਰ, ਡਾ. ਬਲਰਾਮ ਸ਼ਰਮਾ, ਨੀਲਮ ਰਾਣੀ,ਬਲਬੀਰ ਸਿੰਘ, ਕਮਲ ਹਰਗਣਾ, ਗੁਰਲਾਲ ਸਿੰਘ ਲਾਲੀ, ਸ਼ਿੰਦਰਪਾਲ ਸਿੰਘ, ਹਰਦੀਪ ਸਿੰਘ ਹੈਪੀ, ਗੁਰਸੇਵਕ ਸਿੰਘ ਭੋਲਾ, ਕਿਸ਼ੋਰੀ ਲਾਲ, ਜਰਨੈਲ ਸਿੰਘ ਭੰਗੂਆਂ, ਰੈਂਚੋਂ ਭਲਵਾਨ ਤੇ ਹੋਰ ਆਗੂ ਵੀ ਹਾਜ਼ਰ ਸਨ।