ਮੰਡੀ ਗੋਬਿੰਦਗੜ੍ਹ, 28 ਜੂਨ (ਰਾਜੇਸ਼ ਸ਼ਰਮਾ)-ਗੁਰੂ ਕੀ ਨਗਰੀ ਮੰਡੀ ਗੋਬਿੰਦਗੜ੍ਹ ਸਥਿਤ ਗੁਰਦੁਆਰਾ ਪਾਤਸ਼ਾਹੀ ਛੇਵੀਂ ਵਿਖੇ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚਾਰ ਰੋਜ਼ਾ ਗੁਰਮਤਿ ਸਮਾਗਮ ਸ਼ਰਧਾ, ਭਗਤੀ ਅਤੇ ਉਤਸ਼ਾਹ ਨਾਲ ਜਾਰੀ ਹੈ। ਸਮਾਗਮ ਦੇ ਦੂਜੇ ਦਿਨ ਸ੍ਰੀ ਮੁਕਤਸਰ ਸਾਹਿਬ ਤੋਂ ਪਹੁੰਚੇ ਪ੍ਰਸਿੱਧ ਰਾਗੀ ਭਾਈ ਗੁਰਪ੍ਰੀਤ ਸਿੰਘ ਨੇ ਰਸਭਿੰਨੇ ਗੁਰਬਾਣੀ ਕੀਰਤਨ ਰਾਹੀਂ ਸੰਗਤ ਨੂੰ ਗੁਰੂ ਚਰਨਾਂ ਨਾਲ ਜੋੜਦਿਆਂ ਆਤਮਿਕ ਅਨੰਦ ਬਖ਼ਸ਼ਿਆ। ਸਵੇਰੇ ਸਜੇ ਧਾਰਮਿਕ ਦੀਵਾਨਾਂ ਦੌਰਾਨ ਵੱਡੀ ਗਿਣਤੀ ਵਿਚ ਸੰਗਤ ਨੇ ਸ਼ਰਧਾ ਨਾਲ ਗੁਰਬਾਣੀ ਦਾ ਸਰਵਣ ਕੀਤਾ। ਇਸ ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਅਤੇ ਸੰਗਤ ਨੇ ਗੁਰੂ ਘਰ ਦੇ ਅਟੁੱਟ ਲੰਗਰ ਦਾ ਪ੍ਰਸ਼ਾਦ ਛਕਿਆ। ਇਸ ਮੌਕੇ ਭਾਈ ਗੁਰਪ੍ਰੀਤ ਸਿੰਘ ਜੀ ਗੁਰਬਾਣੀ ਸ਼ਬਦਾਂ ਦਾ ਭਾਵਪੂਰਤ ਕੀਰਤਨ ਕਰਕੇ ਸੰਗਤ ਨੂੰ ਨਾਮ ਸਿਮਰਨ ਅਤੇ ਗੁਰਮਤਿ ਜੀਵਨ ਨਾਲ ਜੁੜਨ ਦੀ ਪ੍ਰੇਰਣਾ ਦਿੱਤੀ। ਜਿਸਦਾ ਸੰਗਤ ਨੇ ਪੂਰੀ ਸ਼ਰਧਾ ਅਤੇ ਇਕਾਗਰਤਾ ਨਾਲ ਕੀਰਤਨ ਦਾ ਅਨੰਦ ਮਾਣਿਆ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਮੀਰੀ-ਪੀਰੀ ਦੀ ਮਹਾਨ ਪਰੰਪਰਾ ਸਥਾਪਤ ਕਰਕੇ ਸਿੱਖ ਪੰਥ ਨੂੰ ਅਧਿਆਤਮਿਕਤਾ ਦੇ ਨਾਲ-ਨਾਲ ਧਰਮ, ਨਿਆਂ ਅਤੇ ਮਨੁੱਖਤਾ ਦੀ ਰੱਖਿਆ ਲਈ ਨਿਡਰ ਹੋ ਕੇ ਖੜ੍ਹਨ ਦਾ ਸੰਦੇਸ਼ ਦਿੱਤਾ। ਉਨ੍ਹਾਂ ਦੀਆਂ ਸਿੱਖਿਆਵਾਂ ਅੱਜ ਵੀ ਸੇਵਾ, ਸਿਮਰਨ, ਹਿੰਮਤ ਅਤੇ ਚੜ੍ਹਦੀ ਕਲਾ ਦਾ ਪੇ੍ਰਰਨਾਦਾਇਕ ਸਰੋਤ ਹਨ। ਸ੍ਰੀ ਗੁਰੂ ਸਾਹਿਬ ਜੀ ਦੇ ਪਵਿੱਤਰ ਚਰਨਾਂ ਦੀ ਛੋਹ ਪ੍ਰਾਪਤ ਹੋਣ ਕਾਰਨ ਮੰਡੀ ਗੋਬਿੰਦਗੜ੍ਹ ਦੀ ਧਰਤੀ ਦਾ ਸਿੱਖ ਇਤਿਹਾਸ ਵਿਚ ਵਿਸ਼ੇਸ਼ ਸਥਾਨ ਹੈ ਅਤੇ ਇਹ ਸਥਾਨ ਸੰਗਤ ਦੀ ਅਟੁੱਟ ਸ਼ਰਧਾ ਦਾ ਕੇਂਦਰ ਬਣਿਆ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਗਜੀਵਨ ਸਿੰਘ ਉਭੀ ਨੇ ਦੱਸਿਆ ਕਿ 27 ਤੋਂ 30 ਜੂਨ ਤੱਕ ਹਰ ਰੋਜ਼ ਸਵੇਰੇ ਧਾਰਮਿਕ ਦੀਵਾਨ ਸਜਾਏ ਜਾ ਰਹੇ ਹਨ, ਜਿਨ੍ਹਾਂ ਵਿਚ ਪ੍ਰਸਿੱਧ ਰਾਗੀ ਜਥੇ, ਕਥਾਵਾਚਕ ਅਤੇ ਪ੍ਰਚਾਰਕ ਸੰਗਤ ਨੂੰ ਗੁਰਬਾਣੀ, ਗੁਰੂ ਇਤਿਹਾਸ ਅਤੇ ਸਿੱਖੀ ਦੇ ਉੱਚੇ ਸਿਧਾਂਤਾਂ ਨਾਲ ਜੋੜ ਰਹੇ ਹਨ। ਉਨ੍ਹਾਂ ਕਿਹਾ ਕਿ ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਸੰਗਤ ਗੁਰੂ ਘਰ ਪਹੁੰਚ ਕੇ ਗੁਰੂ ਸਾਹਿਬ ਦੀਆਂ ਬਖ਼ਸ਼ੀਸ਼ਾਂ ਅਤੇ ਖ਼ੁਸ਼ੀਆਂ ਪ੍ਰਾਪਤ ਕਰ ਰਹੀ ਹੈ। ਉਨ੍ਹਾਂ ਸਮੂਹ ਸੰਗਤ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਗਿਣਤੀ ਵਿਚ ਗੁਰਦੁਆਰਾ ਪਾਤਸ਼ਾਹੀ ਛੇਵੀਂ ਵਿਖੇ ਪਹੁੰਚ ਕੇ ਗੁਰਮਤਿ ਸਮਾਗਮ ਵਿਚ ਹਾਜ਼ਰੀ ਭਰਨ, ਗੁਰਬਾਣੀ ਦਾ ਲਾਹਾ ਪ੍ਰਾਪਤ ਕਰਨ ਅਤੇ ਗੁਰੂ ਸਾਹਿਬ ਜੀ ਦੀਆਂ ਅਸੀਸਾਂ ਦੇ ਭਾਗੀ ਬਣਨ।