ਬਸੀ ਪਠਾਣਾਂ, 28 ਜੂਨ (ਐਚ.ਐਸ. ਗੌਤਮ)-ਨੰਬਰਦਾਰ ਯੂਨੀਅਨ ਬਸੀ ਪਠਾਣਾਂ ਨੇ ਸਰਪੰਚਾਂ ਦਾ ਮਾਣ ਭੱਤਾ ਵਧਾ ਕੇ 10 ਹਜ਼ਾਰ ਕਰਨ ਦੇ ਫ਼ੈਸਲੇ ਦਾ ਜ਼ੋਰਦਾਰ ਸਵਾਗਤ ਕਰਦੇ ਹੋਏ ਪੰਜਾਬ ਸਰਕਾਰ ਤੋਂ ਇਸੇ ਤਰਜ਼ ਤੇ ਨੰਬਰਦਾਰਾਂ ਦਾ ਭੱਤਾ ਵਧਾਉਣ ਦੀ ਮੰਗ ਕੀਤੀ ਹੈ। ਨੰਬਰਦਾਰ ਜਰਨੈਲ ਸਿੰਘ ਭਟੇੜੀ ਨੇ ਕਿਹਾ ਨੰਬਰਦਾਰ ਪਿੰਡ ਪੱਧਰ ਤੋਂ ਲੈ ਕੇ ਕਚਹਿਰੀ, ਪੁਲਿਸ ਥਾਣਾ, ਮਾਲ ਵਿਭਾਗ, ਆਮ ਲੋਕਾਂ ਤੇ ਪ੍ਰਸ਼ਾਸਨ ਵਿਚਕਾਰ ਇਕ ਅਹਿਮ ਕੜੀ ਵਜੋਂ ਸੇਵਾਵਾਂ ਦਿੰਦੇ ਹਨ। ਇਸ ਲਈ ਉਸ ਦਾ ਲੋਕ ਸਰਕਲ ਇਕ ਸਰਪੰਚ ਨਾਲੋਂ ਕਿਤੇ ਜ਼ਿਆਦਾ ਵੱਡਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ 1500 ਰੁਪਏ ਪ੍ਰਤੀ ਮਹੀਨੇ ਦੇ ਹਿਸਾਬ ਨਾਲ ਕਈ ਕਈ ਮਹੀਨਿਆਂ ਬਾਅਦ ਮਿਲ ਰਿਹਾ ਨਿਗੂਣਾ ਮਾਣ-ਭੱਤਾ ਨੰਬਰਦਾਰਾਂ ਨਾਲ ਮਜ਼ਾਕ ਹੈ। ਭਟੇੜੀ ਨੇ ਦੱਸਿਆ ਕਿ ਨੰਬਰਦਾਰਾਂ ਦਾ ਮਾਣ ਭੱਤਾ ਵਧਾਉਣ ਲਈ ਜਥੇਬੰਦੀਆਂ ਵਲੋਂ ਸਮੇਂ-ਸਮੇਂ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਸੰਬੰਧਿਤ ਮੰਤਰੀਆਂ ਨੂੰ ਕਈ ਵਾਰ ਲਿਖਤੀ ਮੰਗ ਪੱਤਰ ਸੌਂਪੇ ਜਾ ਚੁੱਕੇ ਹਨ, ਜਿਨ੍ਹਾਂ ’ਚ ਨੰਬਰਦਾਰਾਂ ਦੇ ਮਾਣ-ਭੱਤੇ ’ਚ ਵਾਜਬ ਵਾਧੇ ਦੀ ਮੰਗ ਕੀਤੀ ਜਾ ਚੁੱਕੀ ਹੈ, ਪਰ ਅਫ਼ਸੋਸ ਦੀ ਗੱਲ ਹੈ ਕਿ ਮੌਜੂਦਾ ਤੇ ਪਿਛਲੀਆਂ ਸਰਕਾਰਾਂ ਵਲੋਂ ਨੰਬਰਦਾਰਾਂ ਦੀਆਂ ਸੇਵਾਵਾਂ ਨੂੰ ਹਮੇਸ਼ਾ ਅੱਖੋਂ ਪਰੋਖੇ ਕਰਦੇ ਹੋਏ ਉਨ੍ਹਾਂ ਦੀ ਕਦਰ ਨਹੀਂ ਪਾਈ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਨੰਬਰਦਾਰਾਂ ਨਾਲ ਕੀਤਾ ਵਾਅਦਾ ਪੂਰਾ ਕਰਦੇ ਹੋਏ ਮਾਣ ਭੱਤੇ ਵਿਚ ਤੁਰੰਤ ਵਾਧਾ ਕਰਕੇ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਰਨਾ ਚਾਹੀਦਾ ਹੈ, ਤਾਂ ਜੋ ਮਹਿੰਗਾਈ ਦੇ ਇਸ ਦੌਰ ਵਿਚ ਉਨ੍ਹਾਂ ਦੇ ਪਰਿਵਾਰਾਂ ਨੂੰ ਰਾਹਤ ਮਿਲ ਸਕੇ।