ਫ਼ਤਹਿਗੜ੍ਹ ਸਾਹਿਬ, 30 ਜੂਨ (ਮਨਪ੍ਰੀਤ ਸਿੰਘ)-ਸਿਵਲ ਸਰਜਨ ਡਾ. ਅਰਵਿੰਦਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਜੇਸ਼ ਕੁਮਾਰ ਦੀ ਅਗਵਾਈ ਹੇਠ ਜ਼ਿਲੇ੍ਹ ਅੰਦਰ ਵਿੱਢੀ ਗਈ ਪਲਸ ਪੋਲੀਓ ਮੁਹਿੰਮ ਦੇ ਤੀਸਰੇ ਤੇ ਆਖ਼ਰੀ ਦਿਨ ਸਿਹਤ ਵਿਭਾਗ ਵਲੋਂ 10076 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾ ਕੇ ਨਿਰਧਾਰਿਤ ਟੀਚਾ ਹਾਸਲ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਟੀਕਾਕਰਨ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ 0-5 ਸਾਲ ਤੱਕ ਦੇ ਲਗਪਗ 51374 ਬੱਚਿਆਂ ਪੋਲੀਓ ਰੋਕੂ ਬੂੰਦਾਂ ਪਿਲਾਉਣ ਦਾ ਟੀਚਾ ਮਿਥਿਆ ਗਿਆ ਸੀ, ਜਿਸ ਤਹਿਤ ਪਹਿਲੇ ਦਿਨ 24869, ਦੂਸਰੇ ਦਿਨ 16518 ਅਤੇ ਅੱਜ ਮੁਹਿੰਮ ਦੇ ਤੀਸਰੇ ਦਿਨ 10076 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਗਈਆਂ ਅਤੇ ਇਸ ਤਰ੍ਹਾਂ ਕੁੱਲ 51463 ਬੱਚਿਆਂ ਨੂੰ ਇਹ ਬੂੰਦਾਂ ਪਿਲਾ ਕੇ ਨਿਰਧਾਰਿਤ ਟੀਚਾ ਹਾਸਲ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜਿਹੜੇ ਘਰਾਂ ’ਚੋਂ ਬੱਚੇ ਕਿਸੇ ਰਿਸ਼ਤੇਦਾਰੀ ਜਾਂ ਕਿਤੇ ਹੋਰ ਬਾਹਰ ਗਏ ਹੋਏ ਹਨ, ਉਨ੍ਹਾਂ ਘਰਾਂ ਵਿਚ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਫਿਰ ਦੁਬਾਰਾ ਵਿਜ਼ਟ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀ ਅਣਥੱਕ ਮਿਹਨਤ ਅਤੇ ਆਮ ਲੋਕਾਂ ਵਲੋਂ ਮਿਲੇ ਪੂਰਨ ਸਹਿਯੋਗ ਸਦਕਾ ਹੀ ਅੱਜ ਸਾਡਾ ਦੇਸ਼ ਪੋਲੀਓ ਮੁਕਤ ਦੇਸ਼ ਹੈ। ਜ਼ਿਲ੍ਹਾ ਟੀਕਾਕਰਨ ਅਫ਼ਸਰ ਨੇ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਭਾਵੇਂ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਅਪਹੁੰਚ ਇਲਾਕਿਆਂ, ਬੱਸਾਂ ਦੇ ਸਫ਼ਰ ਦੌਰਾਨ, ਰੇਲਵੇ ਸਫ਼ਰ ਦੌਰਾਨ, ਸੜਕੀ ਸਫ਼ਰ ਦੌਰਾਨ ਭੱਠਿਆਂ, ਪਥੇਰਾ, ਝੁੱਗੀਆਂ-ਝੌਂਪੜੀਆਂ ਆਦਿ ਥਾਵਾਂ ਦੇ ਬੱਚਿਆਂ ਨੂੰ ਇਹ ਪੋਲੀਓ ਰੋਕੂ ਬੂੰਦਾਂ ਪਲਾਈਆਂ ਜਾ ਚੁੱਕੀਆਂ ਹਨ, ਪਰ ਫਿਰ ਵੀ ਜੇਕਰ ਕਿਸੇ ਕਾਰਨ ਅਜੇ ਵੀ ਕੋਈ ਬੱਚਾ ਇਨ੍ਹਾਂ ਬੂੰਦਾਂ ਤੋਂ ਵਾਂਝਾ ਰਹਿੰਦਾ ਹੋਵੇ ਤਾਂ ਉਹ ਨੇੜੇ ਦੀ ਸਿਹਤ ਸੰਸਥਾ ਨਾਲ ਸੰਪਰਕ ਕਰਕੇ ਆਪਣੇ ਬੱਚੇ ਨੂੰ ਇਹ ਬੂੰਦਾਂ ਜ਼ਰੂਰ ਪਿਲਾਉਣ ਤਾਂ ਕਿ ਦੇਸ਼ ਅੰਦਰ ਪੋਲੀਓ ਤੇ ਜਿੱਤ ਨੂੰ ਬਰਕਰਾਰ ਰੱਖਿਆ ਜਾ ਸਕੇ।