ਪਟਿਆਲਾ, 7 ਜੁਲਾਈ (ਧਰਮਿੰਦਰ ਸਿੰਘ ਸਿੱਧੂ)-ਹਲਕਾ ਸਨੌਰ ਦੇ ਸੀਨੀਅਰ ਤੇ ਨੌਜਵਾਨ ਆਗੂ ਗੌਰਵ ਸੰਧੂ ਨੇ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਨਾਲ ਮੁਲਾਕਾਤ ਦੌਰਾਨ ਹਲਕਾ ਸਨੌਰ ’ਚ ਕਾਂਗਰਸ ਪਾਰਟੀ ਦੀ ਸਥਿਤੀ ਸੰਬੰਧੀ ਜਾਣੂੰ ਕਰਵਾਇਆ। ਇਸ ਸੰਬੰਧੀ ਸ. ਸੰਧੂ ਨੇ ‘ਅਜੀਤ’ ਨੂੰ ਦੱਸਿਆ ਕਿ ਸ੍ਰੀ ਬਘੇਲ ਨੇ ਹਲਕਾ ਸਨੌਰ ਦੇ ਬੂਥ ਪੱਧਰ ’ਤੇ ਕਾਂਗਰਸ ਪਾਰਟੀ ਦੀ ਪਿਛਲੀ ਕਾਰਗੁਜ਼ਾਰੀ ਅਤੇ ਮੌਜੂਦਾ ਹਾਲਾਤ ਸੰਬੰਧੀ ਵੀ ਉਨ੍ਹਾਂ ਤੋਂ ਜਾਣਕਾਰੀ ਹਾਸਿਲ ਕੀਤੀ। ਉਨ੍ਹਾਂ ਇਹ ਵੀ ਭਰੋਸਾ ਦਿਵਾਇਆ ਕਿ ਕਾਂਗਰਸ ਪਾਰਟੀ ਜ਼ਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਨੌਜਵਾਨ ਆਗੂਆਂ ਨੂੰ ਆਗਾਮੀ ਚੋਣਾਂ ’ਚ ਟਿਕਟਾਂ ਦੇਵੇਗੀ। ਦੱਸਣਯੋਗ ਹੈ ਕਿ ਹਲਕਾ ਸਨੌਰ ਵਿਚ ਗੌਰਵ ਸੰਧੂ ਪਿਛਲੇ ਲੰਮੇ ਸਮੇਂ ਤੋਂ ਪਿੰਡ ਤੇ ਕਸਬਿਆਂ ’ਚ ਲੋਕਾਂ ਨਾਲ ਵਿਚਰ ਰਹੇ ਹਨ ਤੇ ਮੌਜੂਦਾ ਦੌਰ ’ਚ ਕਾਂਗਰਸ ਪਾਰਟੀ ਦੀ ਟਿਕਟ ਦੇ ਮਜ਼ਬੂਤ ਦਾਅਵੇਦਾਰ ਮੰਨੇ ਜਾ ਰਹੇ ਹਨ। ਸ. ਸੰਧੂ ਨੇ ਹਲਕਾ ਸਨੌਰ ’ਚ ਜ਼ਮੀਨੀ ਪੱਧਰ ’ਤੇ ਮਿਹਨਤ ਕਰਦਿਆਂ ਹਲਕੇ ਦੇ ਹਰ ਪਿੰਡ ’ਚ ਕਾਂਗਰਸ ਪਾਰਟੀ ਦਾ ਸੰਗਠਨ ਬਣਾ ਲਿਆ ਹੈ ਤੇ ਉਨ੍ਹਾਂ ਨਾਲ ਨੌਜਵਾਨਾਂ ਦੇ ਹੋਣ ਦੇ ਨਾਲ-ਨਾਲ ਵਧੇਰੇ ਉਮਰ ਦੇ ਵਿਅਕਤੀ ਵੀ ਉਨਾਂ ਨਾਲ ਜੁੜ ਰਹੇ ਹਨ। ਇਸ ਸੰਬੰਧੀ ਸ. ਸੰਧੂ ਨੇ ਦਸਿਆ ਕਿ ਉਹ ਕਾਂਗਰਸ ਪਾਰਟੀ ਨੂੰ ਸਮਰਪਿਤ ਹੋ ਕੇ ਪਾਰਟੀ ਦੀ ਮਜ਼ਬੂਤੀ ਲਈ ਪਿਛਲੇ ਲੰਮੇ ਸਮੇਂ ਤੋਂ ਕੰਮ ਕਰ ਰਹੇ ਹਨ ਅਤੇ ਉਨਾਂ ਨੂੰ ਪੂਰੀ ਆਸ ਹੈ ਕਿ ਆਉਣ ਵਾਲੇ ਦਿਨਾਂ ’ਚ ਕਾਂਗਰਸ ਪਾਰਟੀ ਉਨ੍ਹਾਂ ਦੀ ਮਿਹਨਤ ’ਤੇ ਮੋਹਰ ਲਗਾਏਗੀ।