ਫ਼ਤਹਿਗੜ੍ਹ ਸਾਹਿਬ, 9 ਜੁਲਾਈ (ਬਲਜਿੰਦਰ ਸਿੰਘ)-ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਲਿਹਾਰ ਸਿੰਘ ਚੁੰਨੀ ਨੇ ਕਿਹਾ ਕਿ ਭਾਵੇਂ ਪੰਜਾਬ ਸਰਕਾਰ ਦੇ ਮੰਤਰੀਆਂ ਤੇ ਵਿਧਾਇਕਾਂ ਵਲੋਂ ਸੂਬੇ ਦੇ ਸਰਬਪੱਖੀ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਪਰ ਜ਼ਮੀਨੀ ਹਕੀਕਤ ਦਾਅਵਿਆਂ ਦੇ ਬਿਲਕੁਲ ਉਲਟ ਹੈ। ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਅਧੀਨ ਪੈਂਦੇ ਪਿੰਡ ਚੁੰਨੀ ਕਲਾਂ ਵਿਚ ਫੈਲੀ ਗੰਦਗੀ ਦਾ ਹਵਾਲਾ ਦਿੰਦਿਆਂ ਬਲਿਹਾਰ ਸਿੰਘ ਚੁੰਨੀ ਨੇ ਕਿਹਾ ਕਿ ਪ੍ਰਸ਼ਾਸਨ ਦੀ ਅਣਦੇਖੀ ਤੇ ਲਾਪ੍ਰਵਾਹੀ ਕਾਰਨ ਲੋਕਾਂ ਨੂੰ ਗੰਦਗੀ ਭਰੇ ਮਾਹੌਲ ਵਿਚ ਜੀਵਨ ਬਤੀਤ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿੰਡ ਦੇ ਵੱਖ-ਵੱਖ ਸਥਾਨਾਂ ’ਤੇ ਲੱਗੇ ਕੂੜੇ-ਕਰਕਟ ਦੇ ਢੇਰ ਗਰਮੀ ਅਤੇ ਬਰਸਾਤ ਦੇ ਮੌਸਮ ਦੌਰਾਨ ਲੋਕਾਂ ਲਈ ਗੰਭੀਰ ਸਮੱਸਿਆ ਬਣੇ ਹੋਏ ਹਨ। ਇਨ੍ਹਾਂ ਢੇਰਾਂ ਕਾਰਨ ਜਿੱਥੇ ਗੰਦੀ ਬਦਬੂ ਨਾਲ ਲੋਕਾਂ ਦਾ ਉੱਥੋਂ ਲੰਘਣਾ ਵੀ ਮੁਸ਼ਕਿਲ ਹੋ ਗਿਆ ਹੈ, ਉੱਥੇ ਹੀ ਬਰਸਾਤ ਦੇ ਦਿਨਾਂ ਵਿਚ ਇਹ ਕੂੜਾ-ਕਰਕਟ ਸੜਕਾਂ ’ਤੇ ਫੈਲ ਕੇ ਵਾਤਾਵਰਨ ਨੂੰ ਹੋਰ ਪ੍ਰਦੂਸ਼ਿਤ ਕਰ ਰਿਹਾ ਹੈ। ਜਿਸ ਕਾਰਨ ਬਦਬੂ, ਮੱਛਰ ਅਤੇ ਹੋਰ ਕੀੜੇ-ਮਕੌੜੇ ਵੱਧ ਰਹੇ ਹਨ, ਜਿਸ ਨਾਲ ਛੂਤ ਅਤੇ ਹੋਰ ਬਿਮਾਰੀਆਂ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਵਿਚ ਇਸ ਸਥਿਤੀ ਨੂੰ ਲੈ ਕੇ ਚਿੰਤਾ ਤੇ ਰੋਸ ਪਾਇਆ ਜਾ ਰਿਹਾ ਹੈ। ਸ. ਚੁੰਨੀ ਨੇ ਪੰਜਾਬ ਸਰਕਾਰ ਅਤੇ ਸੰਬੰਧਿਤ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪਿੰਡ ਵਿਚ ਪਏ ਕੂੜੇ-ਕਰਕਟ ਨੂੰ ਤੁਰੰਤ ਚੁੱਕਿਆ ਜਾਵੇ ਅਤੇ ਸਫ਼ਾਈ ਪ੍ਰਬੰਧ ਨੂੰ ਯਕੀਨੀ ਬਣਾਇਆ ਜਾਵੇ, ਤਾਂ ਜੋ ਲੋਕਾਂ ਨੂੰ ਗੰਦਗੀ ਤੋਂ ਨਿਜਾਤ ਮਿਲ ਸਕੇ ਅਤੇ ਬਿਮਾਰੀਆਂ ਦੇ ਖ਼ਤਰੇ ਨੂੰ ਟਾਲਿਆ ਜਾ ਸਕੇ।