ਬਸੀ ਪਾਠਣਾਂ, 13 ਜੁਲਾਈ (ਰਾਜਿੰਦਰ ਸ਼ਰਮਾ)-ਸਫ਼ਾਈ ਸੇਵਕ ਯੂਨੀਅਨ ਬਸੀ ਪਠਾਣਾਂ ਦੀ ਪਿਛਲੇ ਛੇ ਦਿਨਾਂ ਤੋਂ ਚੱਲ ਰਹੀ ਹੜਤਾਲ ਕਰਕੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਕੂੜੇ ਦੇ ਢੇਰ ਲੱਗੇ ਨਜ਼ਰ ਆ ਰਹੇ ਹਨ। ਸ਼ਹਿਰ ਦੇ ਐਸ. ਡੀ. ਐਮ. ਦਫਤਰ, ਸਿਵਲ ਹਸਪਤਾਲ ਰੋਡ, ਨਗਰ ਕੌਂਸਲ ਦਫ਼ਤਰ, ਖ਼ਾਲਸਾ ਸਕੂਲ ਰੋਡ, ਬਾਈਪਾਸ ਰੋਡ ਸਮੇਤ ਸ਼ਹਿਰ ਦੀਆਂ ਕਈ ਹੋਰ ਪ੍ਰਮੁੱਖ ਸੜਕਾਂ ਦੇ ਕਿਨਾਰੇ ਤੇ ਰਿਹਾਇਸ਼ੀ ਇਲਾਕਿਆਂ ’ਚ ਕੂੜਾ ਨਾ ਚੁੱਕੇ ਜਾਣ ਕਾਰਨ ਗੰਦਗੀ ਫੈਲ ਰਹੀ ਹੈ, ਜਿਸ ਨਾਲ ਆਮ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਵਸਨੀਕਾਂ ਨੇ ਦੱਸਿਆ ਕਿ ਸ਼ਹਿਰ ਤੇ ਘਰਾਂ ’ਚੋਂ ਕਈ ਦਿਨਾਂ ਤੋਂ ਕੂੜਾ ਨਹੀਂ ਚੁੱਕਿਆ ਜਾ ਰਿਹਾ, ਜਿਸ ਕਾਰਨ ਮੁੱਖ ਸੜਕਾਂ ਤੇ ਰਿਹਾਇਸ਼ੀ ਇਲਾਕਿਆਂ ’ਚ ਬਦਬੂ ਫੈਲ ਰਹੀ ਹੈ ਅਤੇ ਇਨ੍ਹਾਂ ਕੂੜੇ ਦੇ ਢੇਰਾਂ ਨਾਲ ਮੱਖੀਆਂ-ਮੱਛਰਾਂ ਦੀ ਗਿਣਤੀ ’ਚ ਵੀ ਵਾਧਾ ਹੋ ਗਿਆ ਹੈ। ਲੋਕਾਂ ਨੇ ਚਿੰਤਾ ਜ਼ਾਹਿਰ ਕਰਦੇ ਹੋਏ ਕਿਹਾ ਕਿ ਜੇਕਰ ਹਾਲਾਤ ਜਲਦੀ ਨਾ ਸੁਧਰੇ ਤਾਂ ਸਿਹਤ ਸੰਬੰਧੀ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਦੂਜੇ ਪਾਸੇ ਹੜਤਾਲ ’ਤੇ ਬੈਠੇ ਸਫ਼ਾਈ ਸੇਵਕ ਯੂਨੀਅਨ ਦੇ ਆਗੂਆਂ ’ਚ ਸ਼ਾਮਿਲ ਚੇਅਰਮੈਨ ਸੰਜੀਵ ਕੁਮਾਰ, ਪ੍ਰਧਾਨ ਦੇਸਰਾਜ, ਸੀਨੀਅਰ ਮੀਤ ਪ੍ਰਧਾਨ ਕਾਸ਼ੀ ਰਾਮ ਨੇ ਦੱਸਿਆ ਕਿ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਡਟੇ ਹੋਏ ਹਨ ਅਤੇ ਜਦੋਂ ਤੱਕ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤੱਕ ਕੰਮ ਛੱਡ ਹੜਤਾਲ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ 13 ਜੁਲਾਈ ਬੀਤ ਜਾਣ ਤੋਂ ਬਾਅਦ ਵੀ ਨਗਰ ਕੌਂਸਲ ਨੇ ਕਿਸੇ ਵੀ ਸਫ਼ਾਈ ਸੇਵਕ ਨੂੰ ਤਨਖ਼ਾਹ ਨਹੀਂ ਦਿੱਤੀ, ਜਿਸ ਨਾਲ ਸਫ਼ਾਈ ਕਰਮਚਾਰੀਆਂ ਨੂੰ ਭਾਰੀ ਵਿੱਤੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਇਸ ਸੰਬੰਧੀ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਜਸਵੀਰ ਸਿੰਘ ਨਾਲ ਸੰਪਰਕ ਨਹੀਂ ਹੋ ਸਕਿਆ। ਸਥਾਨਕ ਸ਼ਹਿਰ ਵਾਸੀਆਂ ਨੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਸਫ਼ਾਈ ਸੇਵਕਾਂ ਨਾਲ ਜਲਦੀ ਗੱਲਬਾਤ ਰਾਹੀਂ ਮਸਲੇ ਦਾ ਹੱਲ ਕੱਢਣ ਦੀ ਅਪੀਲ ਕੀਤੀ ਹੈ, ਤਾਂ ਜੋ ਸ਼ਹਿਰ ’ਚ ਸਫ਼ਾਈ ਵਿਵਸਥਾ ਮੁੜ ਬਹਾਲ ਹੋ ਸਕੇ।
ਸਫ਼ਾਈ ਸੇਵਕਾਂ ਦੀ ਹੜਤਾਲ ਕਾਰਨ ਬਸੀ ਪਾਠਣਾਂ ਸ਼ਹਿਰ ’ਚ ਥਾਂ-ਥਾਂ ਲੱਗੇ ਗੰਦਗੀ ਦੇ ਢੇਰ ਗੰਦਗੀ ਦੇ ਢੇਰਾਂ ਨਾਲ ਰਿਹਾਇਸ਼ੀ ਇਲਾਕਿਆਂ ’ਚ ਬਦਬੂ ਫੈਲਣ ’ਤੇ ਮੱਖੀਆਂ-ਮੱਛਰਾਂ ਕਰਕੇ ਬਿਮਾਰੀਆਂ ਫੈਲਣ ਦਾ ਖ਼ਤਰਾ
ਅਜੀਤ ਡੈਸਕ
14-07-2026