ਫ਼ਤਹਿਗੜ੍ਹ ਸਾਹਿਬ, 15 ਜੁਲਾਈ (ਮਨਪ੍ਰੀਤ ਸਿੰਘ)-ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅਜੈ ਸਿੰਘ ਲਿਬੜਾ ਵਲੋਂ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਪਿੰਡਾਂ ਦਾ ਦੌਰਾ ਕਰ ਪੰਜਾਬ ਸਰਕਾਰ ਦੀਆ ਸਕੀਮਾਂ ਦਾ ਜਾਇਜ਼ਾ ਲਿਆ ਗਿਆ ਤੇ ਲੋਕਾਂ ਤੱਕ ਪਹੁੰਚ ਰਹੀਆਂ ਸਹੂਲਤਾਂ ਸਬੰਧੀ ਜਾਣਕਾਰੀ ਹਾਸਿਲ ਕੀਤੀ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੇਅਰਮੈਨ ਲਿਬੜਾ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਬਣਦੀਆਂ ਸਾਰੀਆਂ ਸੁੱਖ ਸਹੂਲਤਾਂ ਦੇ ਲਾਭ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ, ਜਿਸ ਦੇ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਸਿਹਤ ਯੋਜਨਾ, ਆਪਣੀ ਰਸੋਈ ਯੋਜਨਾ ਤਹਿਤ ਅਨਾਜ ਦੀ ਵੰਡ ਅਤੇ ਹੁਣ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ 1000 / 1500 ਰੁਪਏ ਖਾਤਿਆਂ ’ਚ ਪਾਇਆ ਜਾਣਾ, ਆਦਿ ਤਹਿਤ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਲਾਭਪਾਤਰੀ ਸਰਕਾਰ ਦੀਆ ਯੋਜਨਾਵਾਂ ਤੋਂ ਵਾਂਝਾ ਨਾ ਰਹਿ ਸਕੇ, ਇਸ ਲਈ ਉਨ੍ਹਾਂ ਵਲੋਂ ਲਗਾਤਾਰ ਪਿੰਡਾਂ ਵਿਚ ਦੌਰੇ ਕਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਸਰਕਾਰ ਦੀਆਂ ਸਕੀਮਾਂ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਸਿਹਤ ਸਹੂਲਤਾਂ ’ਚ ਵੱਡੇ ਸੁਧਾਰ ਕਰਨ ਤੋਂ ਇਲਾਵਾ, ਸਿੱਖਿਆ ਸਹੂਲਤਾਂ ਨੂੰ ਹੋਰ ਆਧੁਨਿਕ ਕੀਤਾ ਜਾ ਰਿਹਾ ਹੈ। ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਪਿੰਡਾਂ ’ਚ ਵੱਡੀ ਪੱਧਰ ਤੇ ਖੇਡ ਗਰਾੳਂੂਡ ਬਣਾਏ ਗਏ ਹਨ ਅਤੇ ਉਨ੍ਹਾਂ ਨੂੰ ਖੇਡ ਕਿੱਟਾਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਉਨ੍ਹਾਂ ਨੂੰ ਨਸ਼ਿਆਂ ਵਰਗੀਆਂ ਮਾੜੀਆਂ ਲਾਹਨਤਾਂ ਤੋਂ ਦੂਰ ਰੱਖਿਆ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ, ਜਿਸ ਦੁਆਰਾ ਲਗਾਤਾਰ ਵੱਡੀ ਪੱਧਰ ਤੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ।